Headlines

ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਸਰਕਾਰ ਵਲੋਂ ਸਨਮਾਨਿਤ ਕਰਨ ਤੇ ਮਾਧੋਪੁਰੀ ਤੇ ਹੋਰਾਂ ਵਲੋਂ ਵਧਾਈਆਂ

ਵੈਨਕੂਵਰ- ਬੀਤੇ ਦਿਨੀ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਏ ਗਏ ਪਰਵਾਸੀ ਭਾਰਤੀ ਦਿਵਸ ਦੌਰਾਨ ਉਘੇ ਪਰਵਾਸੀ ਭਾਰਤੀ ਤੇ ਮਿਲਵਾਕੀ (ਯੂਐਸ ਏ) ਦੇ ਪ੍ਰਸਿਧ ਬਿਜਨੈਸਮੈਨ ਸ ਦਰਸ਼ਨ ਸਿੰਘ ਰੱਖੜਾ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਭਾਰਤ ਸਰਕਾਰ ਦੀ ਤਰਫੋਂ ਪਰਵਾਸੀ ਭਾਰਤੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਹਨਾਂ ਨੂੰ ਇਹ ਵੱਕਾਰੀ ਸਨਮਾਨ ਮਿਲਣ ਦਾ ਸਵਾਗਤ ਕਰਦਿਆਂ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ  ਦੇ ਪ੍ਰਧਾਨ ਤੇ ਉਘੀ ਸਾਹਿਤਕ ਤੇ ਸਭਿਆਚਾਰਕ ਸਖਸ਼ੀਅਤ ਸ ਸੁਰਜੀਤ ਸਿੰਘ ਮਾਧੋਪੁਰੀ, ਉਘੇ ਬਿਜਨੈਸਮੈਨ ਲਖਮੇਰ ਸਿੰਘ ਕੁਲਾਰ ਤੇ ਅਮਰੀਕਾ ਵਿਚ ਸੌਗੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਬਿਜਨੈਸਮੈਨ ਸ ਚਰਨਜੀਤ ਸਿੰਘ ਬਾਠ ਨੇ  ਇਕ ਸਾਂਝੇ ਬਿਆਨ ਰਾਹੀ ਉਹਨਾਂ ਅਤੇ ਰੱਖੜਾ ਪਰਿਵਾਰ ਨੂੰ ਵਧਾਈ ਦਿੱਤੀ ਹੈ। ਸ ਮਾਧੋਪੁਰੀ ਨੇ ਕਿਹਾ ਹੈ ਕਿ ਪਟਿਆਲਾ ਨੇੜਲੇ ਪਿੰਡ ਰੱਖੜਾ ਦੇ ਜੰਮਪਲ ਸ ਦਰਸ਼ਨ ਸਿੰਘ ਧਾਲੀਵਾਲ ਨੇ ਜਿਥੇ ਅਮਰੀਕਾ ਵਿਚ ਬਿਜਨੈਸ ਦੇ ਖੇਤਰ ਵਿਚ ਬੁਲੰਦੀਆਂ ਛੂਹਦਿਆਂ ਵਿਦੇਸ਼ ਵਿਚ ਭਾਰਤ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ  ਉਥੇ ਉਹ ਪਿਛਲੇ ਲੰਬੇ ਸਮੇਂ ਤੋ ਸਵਰਗੀ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਯਾਦ ਵਿਚ ਕਿਸਾਨ ਮੇਲਾ ਤੇ ਹੋਰ ਸਮਾਜ ਸੇਵੀ ਕਾਰਜ ਵੀ ਕਰਦੇ ਆ ਰਹੇ ਹਨ। ਪਿਛਲੇ ਸਮੇਂ ਦੌਰਾਨ ਉਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਵੀ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਲਈ ਭਾਰੀ ਯੋਗਦਾਨ ਪਾਇਆ ਸੀ। ਕਿਸਾਨ ਅੰਦੋਲਨ ਦਾ ਸਮਰਥਨ ਕਰਨ ਕਾਰਣ ਉਹਨਾਂ ਨੂੰ ਦਿੱਲੀ ਏਅਰਪੋਰਟ ਤੋ ਵਾਪਸ ਮੋੜ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਨੇ ਆਪਣੀ ਗਲਤੀ ਨੂੰ ਸੁਧਾਰਦਿਆਂ ਉਹਨਾਂ ਨੂੰ ਸਭ ਤੋ ਉਚੇ ਪਰਵਾਸੀ ਭਾਰਤੀ ਸਨਮਾਨ ਨਾਲ ਨਿਵਾਜਿਆ ਹੈ। ਉਹਨਾਂ ਕਿਹਾ ਕਿ ਸ ਧਾਲੀਵਾਲ ਨੂੰ ਇਹ ਸਨਮਾਨ ਮਿਲਣ ਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਮਾਣ ਮਹਿਸੂਸ ਕਰਦੀ ਹੈ।

ਉਘੇ ਅਮਰੀਕੀ ਬਿਜਨੈਸਮੈਨ ਸ ਦਰਸ਼ਨ ਸਿੰਘ ਧਾਲੀਵਾਲ ਦੀ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ ਨਾਲ ਇਕ ਸਮਾਗਮ ਦੌਰਾਨ ਦੀ ਪੁਰਾਣੀ ਤਸਵੀਰ।