Headlines

ਮੈਨੀਟੋਬਾ ਦੇ ਸਕਿਲਡ ਵਰਕਰਾਂ ਨੂੰ ਪੀਐਨਪੀ ਪ੍ਰੋਗਰਾਮ ਵਿਚ ਤਰਜੀਹ ਦੇਣ ਦੀ ਮੰਗ

ਸਕਿਲਡ ਵਰਕਰਾਂ ਨੇ ਐਮ ਐਲ ਏ ਸੰਧੂ ਤੇ ਬਰਾੜ ਨੂੰ ਮੰਗ ਪੱਤਰ ਸੌਂਪਿਆ-

ਵਿੰਨੀਪੈਗ ( ਸ਼ਰਮਾ, ਸੱਗੀ)- ਬੀਤੇ ਦਿਨ ਵਿੰਨੀਪੈਗ, ਮੈਨੀਟੋਬਾ ਵਿਚ ਕੰਮ ਕਰਦੇ ਸਕਿਲਡ ਵਰਕਰਾਂ ਵਲੋ ਐਮ ਐਲ ਏ ਮਿੰਟੂ ਸੰਧੂ ਤੇ ਦਿਲਜੀਤ ਸਿੰਘ ਬਰਾੜ ਨੂੰ ਇਕ ਮੰਗ ਪੱਤਰ ਇਮੀਗ੍ਰੇਸ਼ਨ ਮੰਤਰੀ ਦੇ ਨਾਮ ਦਿੱਤਾ ਗਿਆ ਜਿਸ ਵਿਚ ਮੈਨੀਟੋਬਾ ਸਰਕਾਰ ਤੋਂ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਤਹਿਤ ਸਕਿਲਡ ਵਰਕਰਾਂ ਨੂੰ ਸੂਬੇ ਦੀਆਂ ਸਿੱਖਿਆ ਸੰਸਥਾਵਾਂ ਵਿਚ ਵਿਦਿਆ ਪ੍ਰਾਪਤ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੇ ਬਰਾਬਰ ਤਰਜੀਹ ਦੇਣ ਦੀ ਮੰਗ ਕੀਤੀ ਗਈ। ਸੂਬੇ ਵਿਚ ਕੰਮ ਕਰਦੇ ਸਕਿਲਡ ਵਰਕਰਾਂ ਨੇ ਆਪਣੇ ਮੰਗ ਪੱਤਰ ਵਿਚ ਕਿਹਾ ਹੈ ਕਿ ਹੁਣ ਤੱਕ ਸੂਬੇ ਵਿਚ ਸਕਿਲਡ ਵਰਕਰਾਂ ਲਈ ਈਓਆਈ ਡਰਾਅ ਹਾਈ ਰਿਹਾ ਹੈ ਤੇ ਉਹ ਬੜੀ ਬੇਸਬਰੀ ਨਾਲ ਇਸਦੀ ਉਡੀਕ ਕਰ ਰਹੇ ਸਨ। ਲਗਪਗ ਸਾਲ ਦੀ ਇੰਤਜ਼ਾਰ ਉਪਰੰਤ ਸਰਕਾਰ ਨੇ ਜੋ 1000 ਦੇ ਕਰੀਬ ਇਨਵੀਟੇਸ਼ਨ ਭੇਜੇ ਹਨ ਉਹਨਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਗਈ ਹੈ ਜਦੋਂਕਿ ਸੂਬੇ ਦੇ ਸਕਿਲਡ ਵਰਕਰਾਂ ਚੋ ਕੇਵਲ 200 ਨੂੰ ਹੀ ਸੱਦਾ ਦਿੱਤਾ ਗਿਆ ਹੈ। ਸਰਕਾਰ ਵਲੋ ਜੋ ਸੂਬੇ ਵਿਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਤਰਜੀਹੀ ਨੰਬਰ ਦਿੱਤੇ ਗਏ ਹਨ, ਸਕਿਲਡ ਵਰਕਰ ਕਿਸੇ ਵੀ ਹਾਲਤ ਵਿਚ ਉਹ ਅੰਕੜਾ ਪਾਰ ਨਹੀ ਕਰ ਸਕਦੇ। ਉਹਨਾਂ ਮੰਗ ਕੀਤੀ ਹੈ ਕਿ ਸਕਿਲਡ ਵਰਕਰ ਜੋ ਸੂਬੇ ਵਿਚ ਕੰਮ ਕਰ ਰਹੇ ਹਨ, ਟੈਕਸ ਭਰ ਰਹੇ ਹਨ, ਨੂੰ ਵੀ ਵਿਦਿਆਰਥੀਆਂ ਦੇ ਬਰਾਬਰ ਤਰਜੀਹ ਦਿੱਤੀ ਜਾਵੇ। ਉਹਨਾਂ ਐਮ ਐਲ ਏ ਮਿੰਟੂ ਸੰਧੂ ਤੇ ਬਰਾੜ ਨੂੰ ਮੰਗ ਪੱਤਰ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਜੌਨ ਰੇਅਜ ਨਾਲ ਮਾਮਲਾ ਵਿਚਾਰਨ ਲਈ ਕਿਹਾ। ਇਸ ਮੌਕੇ ਵੱਡੀ ਗਿਣਤੀ ਵਿਚ ਸਕਿਲਡ ਵਰਕਰ ਹਾਜ਼ਰ ਸਨ।