Headlines

ਇਟਲੀ ਵਿੱਚ ਕਾਰ ਨਹਿਰ ‘ਚ ਡਿੱਗਣ ਕਾਰਨ ਦੋ ਸਕੇ ਪੰਜਾਬੀ ਭੈਣ-ਭਰਾ ਸਮੇਤ ਤਿੰਨ ਦੀ ਮੌਤ 

ਰੋਮ / ਮਿਲਾਨ ਇਟਲੀ 17 ਜਨਵਰੀ (ਗੁਰਸ਼ਰਨ ਸਿੰਘ ਸਿਆਣ)- ਬੀਤੇ ਦਿਨਾਂ ਤੋਂ ਇਟਲੀ ਖਰਾਬ ਮੌਸਮ ਦੇ ਚੱਲਦਿਆਂ ਉੱਤਰੀ ਪ੍ਰਾਤ ਵੈਨੈਤੋ ਸੂਬੇ ਦੇ ਜ਼ਿਲ੍ਹਾ ਵੈਰੋਨਾ ਦੇ ਵੈਰੋਨੇਲਾ ਸ਼ਹਿਰ ਨੇੜੇ ਐਤਵਾਰ ਸ਼ਾਮ ਲੱਗਭਗ 5:20 ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਇੱਕ ਕਾਰ ਦੇ ਨਹਿਰ ਵਿੱਚ ਡਿੱਗ ਜਾਣ ਕਾਰਨ ਪਾਣੀ ਵਿੱਚ ਡੁੱਬ ਕੇ ਦੋ ਸਕੇ ਭੈਣ -ਭਰਾਵਾਂ ਅਤੇ ਇੱਕ ਹੋਰ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਬਾਬਾ ਬਕਾਲਾ ਨੇੜਲੇ ਚੀਮਾ ਬਾਠ ਪਿੰਡ ਨਾਲ਼ ਸਬੰਧਿਤ ਦੋ ਸਕੇ ਭੈਣ ਭਰਾ ਵੀ ਸ਼ਾਮਿਲ ਹਨ। ਇਨ੍ਹਾਂ ਦੀ ਪਹਿਚਾਣ ਬਲਪ੍ਰੀਤ ਕੌਰ (20ਸਾਲ) ਅਤੇ ਅਮ੍ਰਿਤਪਾਲ ਸਿੰਘ(19 ਸਾਲ) ਸਪੁੱਤਰੀ ਅਤੇ ਸਪੁਤਰ ਕਵੀਸ਼ਰ ਸ:ਬਚਿੱਤਰ ਸਿੰਘ ਸ਼ੌਕੀ )ਵਜੋਂ ਹੋਈ ਹੈ।ਜਦੋਂ ਕਿ ਮ੍ਰਿਤਕਾਂ ਵਿੱਚ ਇੱਕ ਨੌਜਵਾਨ ਵਿਸ਼ਾਲ ਕਲੇਰ ਜੋ ਕਿ ਜਲੰਧਰ ਨਾਲ਼ ਸਬੰਧਿਤ ਸੀ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਇਟਾਲੀਅਨ ਸੁਰੱਖਿਆ ਦਸਤਿਆਂ ਨੇ ਮੌਕੇ ਤੇ ਪਹੁੰਚ ਕੇ ਮੀਹ ਅਤੇ ਹਨੇਰੇ ਦੇ ਬਾਵਜੂਦ ਲਗਾਤਾਰ ਕੋਸਿ਼ਸ਼ ਕਰਦਿਆਂ ਕਰੇਨਾ ਦੀ ਮੱਦਦ ਦੇ ਨਾਲ਼ ਪਾਣੀ ਵਿੱਚ ਡੁੱਬੀ ਕਾਰ ਨੂੰ ਤੁਰੰਤ ਬਾਹਰ ਕੱਢਿਆ ਪ੍ਰੰਤੂ ਉਦੋ ਤੱਕ ਇਹ ਤਿੰਨੇ ਮੰਦਭਾਗੇ ਨੌਜਵਾਨ ਆਪਣੀਆਂ ਕੀਮਤੀ ਜਾਨ ਗੁਆ ਚੁੱਕੇ ਸਨ। ਹਾਦਸੇ ਸਮੇਂ ਚੌਥਾ ਨੌਜਵਾਨ ਅਮਰਿੰਦਰ ਸਿੰਘ ਹਾਦਸੇ ਦੇ ਵਾਪਰਨ ਸਮੇਂ ਹੀ ਟਾਕੀ ਖੁੱਲ ਕੇ ਕਾਰ ਤੋਂ ਬਾਹਰ ਪੁਲ ਤੇ ਡਿੱਗ ਗਿਆ ਜੋ ਕਿ ਜਖਮੀ ਹਾਲਤ ਵਿੱਚ ਸਨਬੋਨੀਫਾਚੋ ਦੇ ਹਾਲਤ ਵਿੱਚ ਜੇਰੇ ਇਲਾਜ ਹੈ। ਇਹ ਚਾਰੇ ਨੌਜਵਾਨ ਵੈਰੋਨਾ ਨੇੜਲੇ ਸ਼ਹਿਰ ਮੌਤੀਫੋਰਤੇ ਦੇ ਰਹਿਣ ਵਾਲੇ ਸਨ। ਹਾਦਸੇ ਦੇ ਪੂਰੇ ਕਾਰਨ ਤਾਂ ਹਾਲੇ ਤੱਕ ਸਾਹਮਣੇ ਨਹੀ ਆ ਸਕੇ ਪ੍ਰੰਤੂ ਕਾਰ ਪੁੱਲ ਦੇ ਇੱਕ ਕਿਨਾਰੇ ਨਾਲ ਟਕਰਾਉਣ ਤੋਂ ਬਾਅਦ ਪੁੱਲ ਦੀ ਗਰਿੱਲ ਨੂੰ ਤੋੜਨ ਉਪਰੰਤ ਬੇਕਾਬੂ ਹੋ ਕੇ ਹੇਠਾ ਡੂੰਘੀ ਨਹਿਰ ਵਿੱਚ ਜਾ ਡਿੱਗੀ।
ਕੈਪਸ਼ਨ:ਮ੍ਰਿਤਕ ਨੌਜਵਾਨਾਂ ਦੀਆਂ ਕ੍ਰਮਵਾਰ ਤਸਵੀਰਾਂ:ਤਸਵੀਰ 1 ਅਮ੍ਰਿਤਪਾਲ ਸਿੰਘ, ਅਤੇ 2 ਬਲਪ੍ਰੀਤ ਕੌਰ(ਦੋਵੇਂ ਭੈਣ ਸਕੇ ਭਰਾ) 3 ਵਿਸ਼ਾਲ ਕਲੇਰ।