Headlines

ਸ੍ਰੋਮਣੀ ਕਮੇਟੀ ਪ੍ਰਧਾਨ ਤੇ ਹਮਲਾ- ਕਾਰ ਦੀ ਭੰਨ ਤੋੜ ਕੀਤੀ

ਬੰਦੀ ਸਿੰਘਾਂ ਲਈ ਰਿਹਾਈ ਲਈ ਧਰਨੇ ਵਿਚ ਸ਼ਾਮਿਲ ਹੋਣ ਪੁੱਜੇ ਸਨ-

ਮੁਹਾਲੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ’ਤੇ ਬੁੱਧਵਾਰ ਸ਼ਾਮ ਨੂੰ ਕੁਝ ਵਿਅਕਤੀਆਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਕਾਰ ਦਾ ਪਿਛਲਾ ਸ਼ੀਸ਼ਾ ਪੂਰੀ ਤਰਾਂ ਨੁਕਸਾਨਿਆ ਗਿਆ ਪਰ ਉਹ ਵਾਲ-ਵਾਲ ਬਚ ਗਏ।

ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਰਿਪੋਰਟ ਦਰਜ ਹੋਣ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਕੀਤੀ ਗਈ ਸੀ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ।

ਇਹ ਹਮਲਾ ਮੋਹਾਲੀ-ਚੰਡੀਗੜ੍ਹ ਹੱਦ ‘ਤੇ ਉਸ ਸਮੇਂ ਹੋਇਆ ਜਦੋਂ ਧਾਮੀ ਸਿੰਘ ਬੰਦੀਆਂ ਦੀ ਰਿਹਾਈ ਲਈ ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ‘ਕੌਮੀ ਇਨਸਾਫ ਮੋਰਚਾ’ ਵਾਲੀ ਥਾਂ ਤੋਂ ਰਵਾਨਾ ਹੋ ਰਹੇ ਸਨ। ਜਦੋਂ ਉਹ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਬਰਗਾੜੀ ਬੇਅਦਬੀ ਕਾਂਡ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮੁੱਦੇ ‘ਤੇ ਧਾਮੀ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਤੈਸ਼ ਵਿਚ ਆਏ ਕੁਝ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਦੀ ਭੰਨਤੋੜ ਸ਼ੁਰੂ ਕਰ ਦਿੱਤੀ।

ਜਦੋਂ ਧਾਮੀ ਆਪਣੀ ਗੱਡੀ  ‘ਚ ਬੈਠੇ ਤਾਂ ਉਨ੍ਹਾਂ ਦੀ ਗੱਡੀ ‘ਤੇ ਅੱਗੇ ਅਤੇ ਪਿਛਲੇ ਪਾਸਿਓਂ ਹਮਲਾ ਕੀਤਾ ਗਿਆ। ਭਾਵੇਂਕਿ ਗੱਡੀ ਦੇ ਸ਼ੀਸ਼ੇ ਟੁੱਟ ਗਏ ਪਰ ਉਹਨਾਂ ਦੇ ਕੋਈ ਸੱਟ ਫੇਟ ਨਹੀ ਲੱਗੀ।

ਸ ਧਾਮੀ ਉਪਰ ਹਮਲੇ ਦੀ ਚੁਫੇਰਿਊ ਨਿੰਦਾ ਹੋ ਰਹੀ ਹੈ। ਖਬਰ ਹੈ ਕਿ ਧਰਨੇ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਆਪ ਹੀ ਸੱਦਾ ਪੱਤਰ ਦੇਕੇ ਬੁਲਾਇਆ ਸੀ। ਉਹਨਾਂ ਮੰਚ ਉਪਰ ਆਪਣੀ ਗੱਲ ਵੀ ਕੀਤੀ ਪਰ ਬਾਦ ਵਿਚ ਕੁਝ ਨੌਜਵਾਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਫਿਰ ਉਹਨਾਂ ਨੇ ਕਾਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ।