Headlines

ਪ੍ਰਸਿੱਧ ਕਹਾਣੀਕਾਰ ਅਮਨਪਾਲ ਸਾਰਾ ਦਾ ਸਦੀਵੀ ਵਿਛੋੜਾ

ਵੈਨਕੂਵਰ- ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਅਮਨਪਾਲ ਸਾਰਾ ਦੇ ਸਦੀਵੀ ਵਿਛੋੜੇ ਦੀ ਖਬਰ ਹੈ। ਉਹ ਪਿਛਲੇ ਲੰਬੇ ਸਮੇਂ ਤੋ ਵੈਨਕੂਵਰ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਉਹਨਾਂ ਨੇ ਕੈਨੇਡਾ ਵਿਚ ਰਹਿੰਦਿਆਂ ਪਰਵਾਸੀ ਜੀਵਨ ਨਾਲ ਸਬੰਧਿਤ ਕਈ ਅਜਿਹੀਆਂ ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਹਨਾਂ ਨੂੰ ਪੜਦਿਆਂ ਪਰਵਾਸ ਦੇ ਸੰਘਰਸ਼ ਤੇ ਜੀਵਨ  ਨੂੰ ਜਾਣਨ, ਮਾਨਣ ਤੇ ਜੀਏ ਜਾ ਸਕਣ ਦਾ ਅਨੁਭਵ ਤਾਰੀ ਹੁੰਦਾ ਹੈ। ਉਹਨਾਂ ਦਾ ਕਹਾਣੀ ਸੰਗ੍ਰਹਿ ਵੀਹਾਂ ਦਾ ਨੋਟ, ਸਰਦ ਰਿਸ਼ਤੇ ਤੇ ਡਾਇਮੰਡ ਰਿੰਗ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ।

ਉਹ ਪਿਛਲੇ ਲੰਬੇ ਸਮੇਂ ਤੋ ਬੀਮਾਰ ਚੱਲੇ ਆ ਰਹੇ ਸਨ। ਪਾਰਕਿਨਸਨ ਜਿਹੀ ਨਾਮੁਰਾਦ ਬੀਮਾਰੀ ਦੀ ਜਕੜ ਵਿਚ ਆਉਣ ਦੇ ਬਾਵਜੂਦ ਉਹ ਸਾਹਿਤ ਨੂੰ ਸਮਰਪਿਤ ਰਹੇ ਤੇ ਪਰਵਾਸੀ ਪੰਜਾਬੀ ਸਾਹਿਤ ਦੀ ਅਮੀਰੀ ਵਿਚ ਵੱਡਾ ਯੋਗਦਾਨ ਪਾਇਆ।

ਉਹਨਾਂ ਦੇ ਜੀਵਨ ਤੇ ਸਾਹਿਤਕ ਸਫਤ ਬਾਰੇ ਪੇਸ਼ ਹੈ ਵਿਜੈ ਬੰਬੇਲੀ ਦਾ ਲਿਖਿਆ ਇਹ ਭਾਵਪੁੂਰਤ ਲੇਖ-

ਸਮੇਂ ਤੋਂ ਪਹਿਲਾਂ ਤੁਰ ਗਿਆ, ਬੰਬੇਲੀ ਦਾ ਜਾਇਆ- ਅਮਨਪਾਲ ਸਾਰਾ/ – ਵਿਜੈ ਬੰਬੇਲੀ—

ਬੰਬੇਲੀ ( ਮਾਹਿਲਪੁਰ, ਹੁਸ਼ਿਆਰਪੁਰ) ਦਾ ਜਾਇਆ ਅਤੇ ਹੁਣ ਕੈਨੇਡਾ ਵੱਸਦਾ, ਪਰ ਨਿਰੰਤਰ ਜੰਮਣ ਭੋਂਇ ਗੇੜ੍ਹਾ ਮਾਰਦਾ ਰਹਿਣ ਵਾਲਾ, ਪੰਜਾਬੀ ਕਹਾਣੀਕਾਰ, ਰੰਗਕਰਮੀ, ਕਵੀ, ਫਿਲਮ ਕਲਾਕਾਰ, ਸਮਾਜਕ ਕਾਰਕੁੰਨ, ਤਰਕਸ਼ੀਲ ਅਤੇ ਵੈਨਕੂਵਰ ਸੱਥ ਤੇ ਪਰਚਾ ਵਤਨ ਦਾ ਕਾਮਾ ਅਮਨਪਾਲ ਸਾਰਾ 66 ਵਰ੍ਹਿਆ ਦੀ ਉਮਰੇ, ਵੇਲੇ ਤੋਂ ਕਿਤੇ ਪਹਿਲਾ ਸਦੀਵੀ ਉਡਾਰੀ ਮਾਰ, ਸਾਹਿਤਕ ਅਤੇ ਅਗਾਂਹਵਧੂ ਹਲਕਿਆਂ ਦੇ ਪੱਲੇ ਬੇਹੱਦ ਉਦਾਸ ਖ਼ਬਰ ਪਾ ਗਿਆ ਹੈ।

ਤਿੰਨ ਦਹਾਕਿਆਂ ਦੇ ਕਰੀਬ ਦੇ ਆਪਣੇ ਸਾਹਿਤਕ ਜੀਵਨ ਵਿੱਚ ਅਮਨਪਾਲ ਨੇ ਤਿੰਨ ਕਹਾਣੀ ਸੰਗ੍ਰਹਿ -ਸਰਦ ਰਿਸ਼ਤੇ (1993), ਵੀਹਾਂ ਦਾ ਨੋਟ (2000), ਡਾਇਮੰਡ ਰਿੰਗ (2006)- ਅਤੇ ਇਕ ਕਾਵਿ-ਸੰਗ੍ਰਹਿ-ਦੋ ਮਾਂਵਾਂ ਦਾ ਪੁੱਤਰ (1999)- ਪ੍ਰਕਾਸ਼ਤ ਕੀਤੇ।

ਅਮਨਪਾਲ ਦਾ ਜਨਮ 2 ਅਗਸਤ 1957 ਨੂੰ ਹੁਸਿ਼ਆਰਪੁਰ ਵਿੱਚ ਹੋਇਆ। ਸੰਨ 76 ਵਿੱਚ ਉਸ ਨੇ ਸਰਕਾਰੀ ਕਾਲਜ ਹੁਸਿ਼ਆਰਪੁਰ ਤੋਂ ਬੀ. ਐੱਸ. ਸੀ. ਕੀਤੀ ਅਤੇ ਕੈਨੇਡਾ ਆ ਗਿਆ। ਤਿੰਨ ਸਾਲ ਕੈਨੇਡਾ ਰਹਿਣ ਤੋਂ ਬਾਅਦ ਉਹ 1979 ਵਿੱਚ ਵਾਪਸ ਭਾਰਤ ਚਲੇ ਗਿਆ। ਸੰਨ 80 ਵਿੱਚ ਜਦ ਫਿਰ ਕੈਨੇਡਾ ਮੁੜਨ ਉਪਰੰਤ ਉਸ ਦਾ ਵਿਆਹ ਸੁਘੜ-ਸਿਆਣੀ  ਸੁਖਜਿੰਦਰ ਕੌਰ ਸ਼ੇਰਗਿੱਲ ਨਾਲ ਹੋਇਆ। ਉਹਨਾਂ ਦੇ ਘਰ ਦੋ ਲਾਇਕ ਬੇਟੇ ਪੈਦਾ ਹੋਏ, ਅਜਾ਼ਦ ਪਾਲ ਅਤੇ ਸੂਰਜ ਪਾਲ।

ਸੰਨ 1984 ਵਿੱਚ ਅਮਨਪਾਲ ਵੈਨਕੂਵਰ ਸੱਥ ਵਿੱਚ ਆ ਕੇ ਰੰਗਮੰਚ ਕਰਨ ਲੱਗਾ ਅਤੇ ਵੈਨਕੂਵਰ ਸੱਥ ਵਲੋਂ ਖੇਡੇ ਬਹੁਤ ਸਾਰੇ ਨਾਟਕਾਂ ਵਿੱਚ ਕੰਮ ਕੀਤਾ,  ਨਾਲ ਹੀ  ਇਹਨਾਂ ਨਾਟਕਾਂ ਦੀ ਪ੍ਰੋਡਕਸ਼ਨ ਵਿੱਚ ਵੀ ਸਰਗਰਮ ਹਿੱਸਾ ਪਾਇਆ। ਅਮਨਪਾਲ ਨੇ ਵੈਨਕੂਵਰ ਸੱਥ ਦੇ ਜਿਹਨਾਂ ਨਾਟਕਾਂ ਵਿੱਚ  ਕਮਾਲ ਦਾ ਕੰਮ ਕੀਤਾ, ਉਹ ਸਨ ਪਿਕਟ ਲਾਈਨ (ਅੰਗਰੇਜ਼ੀ ਅਤੇ ਪੰਜਾਬੀ), ਲੱਤਾਂ ਦੇ ਭੂਤ, ਹਵੇਲੀਆਂ ਤੇ ਪਾਰਕਾਂ, ਜ਼ਹਿਰ ਦੀ ਫਸਲ, ਮਲੂਕੇ ਦਾ ਵਿਸ਼ਵ ਵਿਦਿਆਲਾ, ਨਿੱਕੀ ਜਿਹੀ ਗੱਲ ਨਹੀਂ, ਤੂਤਾਂ ਵਾਲਾ ਖੂਹ ਅਤੇ ਏ ਕਰਾਪ ਆਫ ਪੁਆਜਿ਼ਨ (ਜ਼ਹਿਰ ਦੀ ਫਸਲ ਦਾ ਅੰਗਰੇਜ਼ੀ ਰੂਪ)। ਇਹ ਨਾਟਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਖੇਡੇ ਗਏ।

ਸੰਨ 1989 ਵਿੱਚ ਜਦ ਸਾਹਿਤਕ ਮੈਗਜ਼ੀਨ ਵਤਨ ਸ਼ੁਰੂ  ਹੋਇਆ ਤਦ ਉਸ ਸਾਧੂ ਵਨਿੰਗ ਅਤੇ ਸੁਖਵੰਤ ਹੁੰਦਲ ਵਰਗੇ ਅਗਾਂਹਵਧੂਆ ਨਾਲ  ਵਤਨ ਦੀ ਸੰਪਾਦਕੀ/ਪ੍ਰਬੰਧਕੀ ਕਾਰਜ 1995 ਤੱਕ ਨਿਭਾਇਆ।

ਵਤਨ ਵਿੱਚ ਕੰਮ ਕਰਦਿਆਂ ਅਮਨਪਾਲ ਨੇ ਲੋਕ-ਸਰੋਕਾਰਾਂ ਨੂੰ ਸੰਬੋਧਿਤ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਸਿਰਜਣਾ ਦੇ ਜੁਲਾਈ-ਸਤੰਬਰ 1996 ਦੇ ਅੰਕ ਵਿੱਚ ਅਮਨਪਾਲ ਦੀ ਕਹਾਣੀ “ਵੀਹਾਂ ਦਾ ਨੋਟ” ਛਪੀ।

“ਵੀਹਾਂ ਦਾ ਨੋਟ” ਕਹਾਣੀ ਨੇ ਨਾ ਸਿਰਫ ਮਨੁੱਖੀ ਸੰਵੇਦਨਾ ਨੂੰ ਹਲੂਣ ਕੇ ਰੱਖ ਦਿੱਤਾ ਸਗੋਂ ਸਾਰਾ ਵੀ ਇੱਕ ਨਾਮਣੇ ਵਾਲੇ ਕਹਾਣੀਕਾਰ ਵਜੋਂ ਸਥਾਪਿਤ ਹੋ ਗਿਆ। ਸਿਰਜਣਾ ਦੇ ਕਵਰ ‘ਤੇ ਸਿਰਜਣਾ ਦੇ ਸੰਪਾਦਕ ਰਘਬੀਰ ਸਿੰਘ ਨੇ ਇਸ ਕਹਾਣੀ ਦੀ ਪਛਾਣ ਕਰਾਉਂਦਿਆਂ ਲਿਖਿਆ ਸੀ, “ਇਕ ਸਮਰੱਥ ਕਹਾਣੀਕਾਰ ਵਜੋਂ ਕੈਨੇਡੀਅਨ ਲੇਖਕ ਅਮਨਪਾਲ ਸਾਰਾ ਦੀ ਪਛਾਣ: ਕਹਾਣੀ ਵੀਹਾਂ ਦਾ ਨੋਟ”।  ਧੁਨੰਤਰ ਵਿਚਾਰਕ ਪੇਪਰ  ਸਿਰਜਣਾ ਦੇ ਸੰਪਾਦਕ ਦੀ ਇਹ ਸੰਖੇਪ ਟਿੱਪਣੀ ਇਸ ਗੱਲ ਦਾ ਐਲਾਨ ਸੀ ਕਿ ਹੁਣ ਸਾਡਾ ਅਮਨਪਾਲ ਪੰਜਾਬੀ ਦਾ ਇਕ ਸਥਾਪਤ ਕਹਾਣੀਕਾਰ ਬਣ ਗਿਆ ਹੈ।

ਵਤਨ ਵਿੱਚ ਕੰਮ ਕਰਦਿਆਂ ਅਮਨਪਾਲ ਨੇ ਲਾਲਾ ਹਰਦਿਆਲ ਦੇ ਮਸ਼ਹੂਰ ਲੇਖ “ਕੰਪੈਰੇਟਿਵ ਰਿਲੀਜ਼ਨ” ਦਾ “ਤੁਲਨਾਤਮਕ ਧਰਮ” ਦੇ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ।

ਵੈਨਕੂਵਰ ਸੱਥ ਦੇ ਮੈਂਬਰ ਵਜੋਂ ਅਮਨਪਾਲ ਸਿਰਫ ਸੱਥ ਦੇ ਰੰਗਮੰਚ ਅਤੇ ਵਤਨ ਵਿੱਚ ਹੀ ਕੰਮ ਨਹੀਂ ਕਰਦਾ ਸੀ, ਸਗੋਂ ਸੱਥ ਵੱਲੋਂ ਕੀਤੇ ਹੋਰ ਪ੍ਰੋਜੈਕਟਾਂ ਵਿੱਚ ਵੀ ਕੀਮਤੀ ਯੋਗਦਾਨ ਪਾਉਂਦਾ ਸੀ। ਉਦਾਹਰਨ ਲਈ ਸੰਨ 1989 ਵਿੱਚ ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕਾ ਨੂੰ ਕੈਨੇਡਾ ਵਿੱਚ ਰਿਲੀਜ ਕਰਨ ਦੇ ਪ੍ਰੋਜੈਕਟ ਵਿੱਚ ਅਮਨਪਾਲ ਨੇ ਕਾਫੀ ਕੰਮ ਕੀਤਾ ਸੀ। ਇਸ ਹੀ ਤਰ੍ਹਾਂ ਅਮਨਪਾਲ ਵੈਨਕੂਵਰ ਸੱਥ ਵਲੋਂ ਕੱਢੇ ਮੈਗਜ਼ੀਨ ‘ਅੰਕੁਰ’ ਦੀ ਟੀਮ ਦਾ ਵੀ ਮੈਂਬਰ ਸੀ।

ਸੱਥ ਅਤੇ ਵਤਨ ਤੋਂ ਬਿਨਾਂ ਅਮਨਪਾਲ ਵੈਨਕੂਵਰ ਦੇ ਇਲਾਕੇ ਵਿੱਚ ਹੁੰਦੀਆਂ ਸਾਹਿਤਕ ਸਰਗਰਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਸੀ। ਆਪਣੇ ਸਾਹਿਤਕ ਸਫਰ ਦੌਰਾਨ ਉਹ ਵੈਨਕੂਵਰ ਦੇ ਇਲਾਕੇ ਵਿੱਚਲੀ ਲੇਖਕਾਂ ਦੀ 50 ਸਾਲ ਪੁਰਾਣੀ ਸੰਸਥਾ ਪੰਜਾਬੀ ਲੇਖਕ ਮੰਚ ਦਾ ਸਰਗਰਮ ਮੈਂਬਰ ਰਿਹਾ ਸੀ।

ਨਾਟਕਾਂ ਤੋਂ ਬਿਨਾਂ ਅਮਨਪਾਲ ਨੇ ਫਿਲਮਾਂ ਵੀ ਬਣਾਈਆਂ। ਉਸ ਦੀ ਪਹਿਲੀ ਫਿਲਮ ਉਹਲਾ ਸੀ, ਜਿਸ ਵਿੱਚ ਉਸ ਨਾਲ ਰਮਾ ਵਿੱਜ ਨੇ ਮੁੱਖ ਨਿਭਾਈ ਸੀ। ਉਸ ਤੋਂ ਬਾਅਦ ਸੰਨ 2001 ਵਿੱਚ ਉਸ ਨੇ ‘ਗੁਲਦਸਤਾ’ ਨਾਂ ਦੀ ਫਿਲਮ ਬਣਾਈ।

ਡੇਢ-ਦੋ ਦਹਾਕੇ ਪਹਿਲਾਂ ਅਮਨਪਾਲ ਨੂੰ ਪਾਰਕਿਨਸਨ ਬੀਮਾਰੀ ਹੋਣ ਦਾ ਪਤਾ ਲੱਗਾ ਸੀ। ਇਸ ਬੀਮਾਰੀ ਨੇ ਹੌਲੀ ਹੌਲੀ ਉਸ ਦੀ ਲਿਖਣ ਦੀ ਅਤੇ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੀ ਸਮਰਥਾ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ, ਅਖੀਰ ਇਹ ਪ੍ਰਤਿਭਾਵਾਨ ਯੁੱਧ ਸਾਥੀ, ਲੰਬੇ ਸਮੇਂ ਲਈ ਬੇਹੱਦ ਸਰੀਰਕ ਪੀੜਾਂ ਹੰਢਾਉਣ ਲਈ ਮੰਜੇ ‘ਤੇ ਢਹਿ ਪਿਆ।

ਅਮਨਪਾਲ ਦੀ ਇਸ ਸੰਸਾਰ ਤੋਂ ਵਿਦਾਇਗੀ ਸਮੇਂ ਉਸ ਦੇ ਸਾਹਿਤਕ ਅਤੇ ਰੰਗਮੰਚੀ ਜੀਵਨ `ਤੇ ਇਹ ਸੰਖੇਪ ਝਾਤ ਇਹ ਦਰਸਾਉਂਦੀ ਹੈ ਕਿ ਉਸ ਦਾ ਪੰਜਾਬੀ ਸਾਹਿਤ, ਖਾਸ ਕਰਕੇ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਇਕ ਮਹੱਤਵਪੂਰਨ ਥਾਂ ਹੈ। ਉਸ ਨੇ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਉਸ ਵਲੋਂ ਕੀਤੇ ਇਸ ਸਾਹਿਤਕ ਕਾਰਜ ਨੂੰ ਸਲਾਮ।

ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਬੇਹੱਦ ਚਰਚਿਤ ਹੋਈ ਕਹਾਣੀ, ਜਿਹੜੀ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦਾ ਵੀ ਹਿੱਸਾ ਬਣੀ,  ਦੇ ਦੋ ਮੁੱਖ ਪਾਤਰ ਮਾਹਿਲਪੁਰ ਖਿੱਤੇ ਦੇ ਮਕਬੂਲ ਪਿੰਡ‌‌ ਬਾਹੋਵਾਲ ਅਤੇ ਬੰਬੇਲੀ ਦੇ ਨਾਂ-ਬਦਲਵੇਂ ਜਾਏ ਹਨ।

ਅਮਨਪਾਲ ਦੀ ਮਾਂ ਬੀਬੀ ਗੁਰਮੀਤ ਕੌਰ ਸਾਰਾ ਗ਼ਦਰੀ ਸ਼ਹੀਦ ਭਾਈ ਵੀਰ ਸਿੰਘ ਬਾਹੋਵਾਲ ਦੀ ਪੋਤੀ ਅਤੇ ਬਹੁਪਰਤੀ ਦੇਸ਼ ਭਗਤ ਜਰਨੈਲ ਮੂਲਾ ਸਿੰਘ ਬਾਹੋਵਾਲ ਦੀ ਧੀ ਹੈ। ਉੱਜਲ ਦੁਸਾਂਝ ਇਸਦਾ ਮਸੇਰ ਹੈ ਅਤੇ ਕੇਨੇਡਾ ਦਾ ਉੱਘਾ ਵਕੀਲ ਆਨੰਦਪਾਲ ਸਾਰਾ ਸਕਾ ਭਾਈ। ਜਿਥੇ ਇਸਦਾ ਬਾਪ ਸਵ. ਹਰਨੌਨਿਹਾਲ ਸਿੰਘ  ਹੁਸ਼ਿਆਰਪੁਰ ਜ਼ਿਲ੍ਹੇ ਦਾ ਉੱਘਾ ਵਿਦਿਆ ਦਾਨੀ ਸਨ ਉਥੇ ਉਸਦੀ ਅਤੇ ਅਮਨਪਾਲ ਸਾਰਾ ਦੀ ਪ੍ਰੇਰਨਾ ਨਾਲ ਇਸ  ਸਮਾਜ ਸੇਵੀ ਟੱਬਰ ਨੇ ਪਿੱਛੇ-ਜਿਹੇ ਬੰਬੇਲੀ ਪਿੰਡ ਦੇ ਸਰਕਾਰੀ ਸਕੂਲ ਦੀ ਬੇਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ 31 ਲੱਖ,  ਇੱਕ ਵੱਡੀ ਰਕਮ, ਦਾ ਸਹਿਯੋਗੀ ਹਿੱਸਾ ਪਾਇਆ। ਹੋਰਾਂ ਸਮੇਤ ਅਮਨਪਾਲ  ਕਦੇ-ਕਦੰਤ ਮੇਰੇ ਨਾਲ ਵੀ ਸੰਵਾਦ  ਰਚਾਉਂਦਾ ਰਹਿੰਦਾ,  ਵਤਨੇ-ਮੁਲਕ ਦੀ ਹਾਲਤਾਂ ਤੋਂ‌ ਬੇਹੱਦ ਬੇਚੈਨ ਸੀ, ਉਹ।

ਸਮੇਂ ਤੋਂ ਕਿਤੇ ਪਹਿਲਾਂ ਤੁਰ ਗਏ ਮੇਰੇ ਗੁਫਤਗੂ ਸਾਥੀ ਅਮਨ ਪਾਲ! ਸਾਡੇ ਚੇਤਿਆਂ ਵਿੱਚ ਸਦਾ ਜਿੰਦਾ ਰਹੇਗਾ, ਤੂੰ।

ਅਮਨਪਾਲ ਸਾਰਾ ਦੀਆਂ ਲਿਖਤਾਂ-

ਕਹਾਣੀ ਸੰਗ੍ਰਹਿ

ਕਵਿਤਾ ਸੰਗ੍ਰਹਿ

  • “ਦੋ ਮਾਵਾਂ ਦਾ ਪੁੱਤਰ” (1999)