Headlines

ਵਿੰਨੀਪੈਗ ਟਰਾਂਜਿਟ ਦੇ ਪੰਜਾਬੀ ਓਪਰੇਟਰਾਂ ਨੇ ਲੋਹੜੀ ਮਨਾਈ

ਵਿੰਨੀਪੈਗ-( ਸ਼ਰਮਾ, ਸੁਰਿੰਦਰ ਮਾਵੀ)- ਲੋਹੜੀ ਇੱਕ ਬਹੁਤ ਹੀ ਪ੍ਰਸਿੱਧ  ਸਰਦੀਆਂ ਦਾ ਤਿਉਹਾਰ ਹੈ ਜੋ ਪੂਰੇ ਪੰਜਾਬ ਵਿਚ ਮਨਾਇਆ ਜਾਂਦਾ ਹੈ।ਲੋਹੜੀ ਦੇ ਮੁੱਢ ਬਹੁਤ ਹਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਤਿਉਹਾਰ ਸਰਦੀਆਂ ਦੀ ਸੰਗਰਾਂਦ ਦੀ ਪੂਰਵ ਸੰਧਿਆ ਦੇ ਜਸ਼ਨ ਵਜੋਂ ਸ਼ੁਰੂ ਹੋਇਆ ਸੀ।ਲੋਕ-ਕਥਾ ਦੇ ਅਨੁਸਾਰ, ਪ੍ਰਾਚੀਨ ਪੰਜਾਬ ਵਿਚ ਲੋਹੜੀ ਸਰਦੀਆਂ ਦੇ ਸੰਗਰਾਂਦ ਦੇ ਦਿਨ ਦੀ ਪੂਰਵ ਸੰਧਿਆ ‘ਤੇ ਮਨਾਈ ਜਾਂਦੀ ਸੀ। ਇਹੀ ਕਾਰਨ ਹੈ ਕਿ ਲੋਕ ਮੰਨਦੇ ਹਨ ਕਿ ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ ਅਤੇ ਲੋਹੜੀ ਤੋਂ ਅਗਲੇ ਦਿਨ, ਦਿਨ ਦੀ ਰੌਸ਼ਨੀ ਵਧਾਉਣ ਲਈ ਹੁੰਦੀ ਹੈ।

 ਲੋਹੜੀ ਰਵਾਇਤੀ ਤੌਰ ‘ਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਵਾਢੀ ਨਾਲ ਜੁੜੀ ਹੋਈ ਹੈ। ਲੋਕ ਚੰਗੀ ਫ਼ਸਲ ਲਈ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ ਧਾਰਮਿਕ ਪੂਜਾ ਸਥਾਨਾਂ ‘ਤੇ ਮੂੰਗਫਲੀ, ਰਿਉੜੀ, ਆਟਾ, ਮੱਖਣ ਅਤੇ ਵੱਖ-ਵੱਖ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਜਾਂਦੇ ਹਨ।ਬਹੁਤ ਸਾਰੇ ਪਰਿਵਾਰ ਇਸ ਮੌਕੇ ਨੂੰ ਆਪਣੇ ਅਜ਼ੀਜ਼ਾਂ ਨੂੰ ਇਕੱਠਾ ਕਰਨ ਲਈ,  ਨਵੇਂ ਜਨਮੇ ਬੱਚੇ ਦੇ ਜਨਮ ਦਾ ਜਸ਼ਨ ਮਨਾਉਣ ਲਈ, ਅੱਗ ਜਲਾ ਕੇ, ਅਤੇ ਪੌਪਕੌਰਨ, ਮੂੰਗਫਲੀ, ਚਾਵਲ ਨੂੰ ਅੱਗ ਵਿਚ ਸੁੱਟ ਕੇ, ਬੱਚੇ ‘ਤੇ ਬੁਰਾਈ ਨੂੰ ਦੂਰ ਕਰਨ ਲਈ, ਅਤੇ ਬੱਚੇ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦੇ ਕੇ ਅਸ਼ੀਰਵਾਦ ਦਿੰਦੇ ਹਨ. ਇਨ੍ਹਾਂ ਹੀ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਵਿਨੀਪੈਗ ਟਰਾਂਜ਼ਿਟ  ਦੇ ਪੰਜਾਬੀ ਬੱਸ ਓਪਰੇਟਰਾਂ ਵੱਲੋਂ ਜ਼ਾਇਕਾ ਰੈਸਟੋਰੈਂਟ ਵਿਚ ਇਕ ਫੰਕਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬੱਸ ਡਰਾਈਵਰਾਂ ਨੇ ਆਪਣੇ ਕੰਮ ਤੋਂ ਸਮਾਂ ਕੱਢ ਕਿ ਇਸ ਫੰਕਸ਼ਨ ਵਿਚ ਖੂਬ ਆਨੰਦ ਮਾਣਿਆ । ਠੰਢ, ਸਨੋਅ ਅਤੇ ਬਹੁਤ ਸਾਰੇ ਮੈਂਬਰਾਂ ਦੇ ਕੰਮ ਹੋਣ ਦੇ ਬਾਵਜੂਦ ਇਸ ਪ੍ਰੋਗਰਾਮ ਵਿਚ ਕਾਫੀ ਰੌਣਕ ਰਹੀ। ਇਸ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਵਿਚ ਨਵੇਂ ਮੈਂਬਰਾਂ ਦਾ ਯੋਗਦਾਨ ਵਧੇਰੇ ਸੀ। ਚਾਹ ਪਾਣੀ ਤੋਂ ਬਾਅਦ ਪ੍ਰਬੰਧਕ ਮੈਂਬਰਾਂ ਨੇ ਜੀ ਆਇਆਂ ਕਹਿੰਦਿਆਂ ਖ਼ੁਸ਼ੀਆਂ ਭਰੇ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੇ  ਭਾਈਚਾਰਕ ਤੇ ਆਪਸੀ ਸਾਂਝ ਕਾਇਮ ਰੱਖਣ ‘ਤੇ ਜ਼ੋਰ ਦਿੱਤਾ।

 ਦੁਨੀਆਂ ਭਾਵੇਂ ਇੱਕ ਗਲੋਬਲ ਪਿੰਡ ਬਣ ਗਈ ਹੈ ਪਰ ਸਾਨੂੰ ਆਪਣੇ ਗੁਆਂਢੀਆਂ ਬਾਰੇ ਵੀ ਕੁੱਝ ਪਤਾ ਨਹੀਂ ਹੁੰਦਾ। ਦਿਨੋਂ ਦਿਨ ਮਨੁੱਖ, ਮਨੁੱਖ ਤੋਂ ਦੂਰ ਜਾ ਰਿਹਾ ਹੈ। ਭਾਈਚਾਰਕ ਸਾਂਝ ਘਟ ਰਹੀ ਹੈ।ਇਸ ਤੋਂ ਬਾਅਦ  ਮੈਂਬਰਾਂ ਨੇ ਪੰਜਾਬੀ ਗਾਣਿਆਂ ਰਾਹੀ ਪ੍ਰੋਗਰਾਮ ਵਿਚ ਪੰਜਾਬ ਦਾ ਮਾਹੌਲ ਪੈਦਾ ਕਰ ਦਿੱਤਾ। ਸਾਰੇਆਂ ਨੇ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ।ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ.ਇਸ ਵਿਚ ਵੱਡੀ ਗਿਣਤੀ ਵਿਚ  ਸ਼ਮੂਲੀਅਤ ਨੇ ਇਹ ਦਰਸਾ ਦਿੱਤਾ ਕਿ ਪ੍ਰਦੇਸਾਂ ਵਿਚ ਪੰਜਾਬੀ ਆਪਣੇ ਵਿਰਾਸਤੀ ਦਿਨ ਦਿਹਾੜਿਆਂ ਨੂੰ ਭੁੱਲਦੇ ਨਹੀਂ ਸਗੋਂ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ।