Headlines

‘ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ’ ਵਲੋਂ ਪੈਦਲ ਯਾਤਰੀਆਂ ਤੇ ਬਜੁਰਗਾਂ ਦੀ ਸੁਰੱਖਿਆ ਲਈ ਉਪਰਾਲਾ

ਸਰੀ, (ਹਰਦਮ ਮਾਨ)- ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪੈਦਲ ਯਾਤਰੀਆਂ ਦੀ ਸੁਰੱਖਿਆ ਸੰਬੰਧੀ ਸ਼ਹਿਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਹਿਤ 15 ਜਨਵਰੀ 2023 ਨੂੰ ਸਾਲਾਨਾ ਰੋਡ ਸੇਫਟੀ ਦਿਵਸ ਮਨਾਉਂਦਿਆਂ ਇਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ।  ਇਸ ਸਬੰਧੀ ਫਾਊਂਡੇਸ਼ਨ ਦੀ ਆਗੂ ਮੀਰਾ ਗਿੱਲ ਨੇ ਦੱਸਿਆ ਹੈ ਕਿ ਫਾਊਂਡੇਸ਼ਨ ਵੱਲੋਂ ਗਹਿਰੇ ਹਨੇਰੇ ਦੇ ਮੱਦੇ-ਨਜ਼ਰ ਬੀਤੇ ਕੁਝ ਸਾਲਾਂ ਤੋਂ ਅਕਤੂਬਰ ਤੋਂ ਲੈ ਮਾਰਚ ਤੱਕ ਰਾਤ ਨੂੰ ਆਮ ਲੋਕਾਂ ਨੂੰ ਚਮਕਣ ਵਾਲੀਆਂ ਵੈਸਟਾਂ ਵੰਡਣ ਦੀ ਸੇਵਾ ਨਿਭਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ  ਕਿ ਜਨਵਰੀ 15, 2023 ਨੂੰ, ਦੁਪਹਿਰ 2ਵਜੇ ਤੋਂ 3 ਵਜੇ ਤੱਕ, ਅਨਵਿਨ ਪਾਰਕ (13313 68 ਐਵੀਨਿਊ, ਸਰੀ) ਵਿਚ ਲੋੜਵੰਦ ਬਜ਼ੁਰਗਾਂ ਨੂੰ ਰਾਤ ਨੂੰ ਚਮਕਣ ਵਾਲੀ ਵੈਸਟ ਅਤੇ ਨੌਜਵਾਨਾਂ ਨੂੰ (ਜੋ ਰਾਤ ਬਰਾਤੇ ਕੰਮ ਜਾਂ ਸਕੂਲ ਜਾਂਦੇ ਨੇ) ਜਾਕਟ ਦੀ ਬਾਂਹ ‘ਤੇ ਚਮਕਣ ਵਾਲੇ ਬੈਂਡ ਵੰਡੇ ਗਏ । ਇਸ ਦੌਰਾਨ ਚਾਹ, ਪਕੌੜੇ ਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ। ਉਹਨਾਂ ਦੱਸਿਆ ਕਿ ਅਗਲੇ ਦਿਨਾਂ ਵਿਚ ਚਮਕਣ ਵਾਲੀਆਂ ਜੈਕਟਾਂ ਤੇ ਹੋਰ ਸੁਰੱਖਿਆ ਆਈਟਮਾਂ ਸਕੂਲੀ ਬੱਚਿਆਂ ਨੂੰ ਵੰਡੀਆਂ ਜਾਣਗੀਆਂ।

ਉਨ੍ਹਾਂ ਮਾਇਕ ਸਹਾਇਤਾ ਦੇਣ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਫਾਊਂਡੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਭਾਟੀਆ  ਨੂੰ  ਫੋਨ ਨੰਬਰ 778- 848-1287 ਤੇ ਸੰਪਰਕ ਕਰਨ ਲਈ ਕਿਹਾ ਹੈ।