Headlines

ਨਾਮਧਾਰੀ ਸਿੰਘਾਂ ਦੀ ਯਾਦ ਮਨਾਉਣ ਲਈ ਪ੍ਰੋਫੈਸਰ ਬੰਡੂਗਰ ਦੇ ਬਿਆਨ ਦੀ ਸ਼ਲਾਘਾ

ਲੁਧਿਆਣਾ, 20 ਜਨਵਰੀ 2023-ਨਾਮਧਾਰੀ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਵੱਲੋਂ ਦਿੱਤੇ ਉਸ ਬਿਆਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਲੇਰੋਟਲਾ ਵਿਖੇ ਸ਼ਹੀਦ ਹੋਏ ਨਾਮਧਾਰੀ (ਕੂਕਾ) ਸਿੰਘਾਂ ਦੀ ਯਾਦ ਵੱਡੇ ਪੱਧਰ ਤੇ ਮਨਾਉਣ ਲਈ ਕਿਹਾ ਹੈ। ਨਾਮਧਾਰੀ ਸੰਗਤ ਵੱਲੋਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਠਾਕੁਰ ਦਲੀਪ ਸਿੰਘ ਦੇ ਸੇਵਕ ਨਵਤੇਜ ਸਿੰਘ ਨਾਮਧਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਅਤੇ ਸਿੱਖੀ ਮਰਯਾਦਾ ਲਈ ਨਾਮਧਾਰੀਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾI ਸੈਂਕੜੇ ਨਾਮਧਾਰੀ ਸਿੱਖ ਸ਼ਹੀਦ ਹੋਏ ਸਨ ਅਤੇ ਅਨੇਕਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ ਨਵਤੇਜ ਸਿੰਘ ਨੇ ਦੱਸਿਆ ਕਿ ਮਲੇਰਕੋਟਲੇ ਸਾਕੇ ਤੋਂ ਪਹਿਲਾਂ ਸੰਨ 1871 ਵਿੱਚ ਸ੍ਰੀ ਹਰਮਿੰਦਰ ਸਾਹਿਬ ਦੇ ਸਰੋਵਰ ਦੀ ਮਰਿਆਦਾ ਨੂੰ ਭੰਗ ਕਰਨ ਲਈ ਅੰਗਰੇਜ਼ ਸਰਕਾਰ ਵੱਲੋਂ ਜਾਣ ਬੁੱਝ ਕੇ ਸ੍ਰੀ ਹਰਮਿੰਦਰ ਸਾਹਿਬ ਦੇ ਕੋਲ ਇੱਕ ਬੁੱਚੜਖਾਨਾ ਖੋਲ੍ਹ ਦਿੱਤਾ ਗਿਆ ਸੀ ਅਤੇ ਉਸ ਬੁੱਚੜਖਾਨੇ ਤੋਂ ਪੰਛੀ ਜਾਨਵਰਾਂ ਦੇ ਮਾਸ ਦੇ ਟੁਕੜੇ ਚੁੱਕ ਕੇ ਸਰੋਵਰ ਅਤੇ ਪ੍ਰਕਰਮਾ ਵਿੱਚ ਸੁੱਟ ਦੇਂਦੇ ਸਨ  ਜਿਸ ਨਾਲ ਸਰੋਵਰ ਦੀ ਮਾਰਿਆਦਾ ਭੰਗ ਹੁੰਦੀ ਸੀI ਉਸ ਸਮੇਂ ਵੀ ਸਭ ਤੋਂ ਪਹਿਲਾਂ ਨਾਮਧਾਰੀ ਸਿੱਖਾਂ ਨੇ ਹੀ ਅੰਗਰੇਜ਼ ਸਰਕਾਰ ਦਾ ਵਿਰੋਧ ਕੀਤਾ ਸੀ ਅਤੇ ਬੁੱਚੜ ਵੱਢ ਕੇ ਬੁੱਚੜਖਾਨਾ ਬੰਦ ਕਰਵਾਇਆ ਸੀ I ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਸ਼ਹੀਦ ਹੋਏ ਇਹਨਾਂ ਚਾਰ ਨਾਮਧਾਰੀ ਸਿੱਖਾਂ (ਭਾਈ ਹਾਕਮ ਸਿੰਘ, ਭਾਈ ਬੀਲ੍ਹਾ ਸਿੰਘ, ਭਾਈ ਫਤਿਹ ਸਿੰਘ ਅਤੇ ਲਹਿਣਾ ਸਿੰਘ) ਦੇ ਸ਼ਹੀਦੀ ਦਿਹਾੜੇ ਦਾ ਸਮਾਗਮ ਕਰਵਾ ਕੇ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈI ਇਸ ਤੋਂ ਬਾਅਦ ਬਾਕੀ ਨਾਮਧਾਰੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਵੀ ਸ਼੍ਰੋਮਣੀ ਕਮੇਟੀ ਨੂੰ ਮਨਾਉਣੇ ਚਾਹੀਦੇ ਹਨ I ਇਸ ਮੌਕੇ ਨਾਮਧਾਰੀ ਸੇਵਕ ਅਰਵਿੰਦਰ ਲਾਡੀ, ਈਸ਼ਰ ਸਿੰਘ ਅਤੇ ਪਿਆਰਾ ਸਿੰਘ ਮੌਜੂਦ ਸਨ।