Headlines

ਭਾਜਪਾ ਨਾਲ ਹੱਥ ਮਿਲਾਉਣ ਦੀ ਜਗ੍ਹਾ ਮਰਨਾ ਪਸੰਦ ਕਰਾਂਗਾ: ਨਿਤੀਸ਼

ਮੁੱਖ ਮੰਤਰੀ ਨੇ ਭਾਜਪਾ ਨਾਲ 2017 ਵਿੱਚ ਹੋਏ ਗੱਠਜੋੜ ਨੂੰ ਗਲਤੀ ਕਰਾਰ ਦਿੱਤਾ

ਪਟਨਾ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਹ ਭਾਜਪਾ ਨਾਲ ਹੱਥ ਮਿਲਾਉਣ ਦੀ ਬਜਾਏ ‘ਮਰਨ ਨੂੰ ਤਰਜੀਹ’ ਦੇਣਗੇ। ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ, ਜਦੋਂ ਬੀਤੇ ਦਿਨੀਂ ਭਾਜਪਾ ਨੇ ਜਨਤਾ ਦਲ (ਯੂਨਾਈਟਿਡ) ਦੇ ਆਗੂ ਨਾਲ ਗੱਠਜੋੜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇੱਥੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਿਤੀਸ਼ ਨੇ ਕਿਹਾ, ‘‘ਮਰ ਜਾਣਾ ਮਨਜ਼ੂਰ ਹੈ ਪਰ ਉਨ੍ਹਾਂ ਨਾਲ ਜਾਣਾ ਸਾਨੂੰ ਕਦੇ ਕਬੂਲ ਨਹੀਂ ਹੈ। ਇਹ ਯਾਦ ਰੱਖੋ।’’ ਇਸ ਦੌਰਾਨ ਨਿਤੀਸ਼ ਨੇ ਕਿਹਾ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਹੀ ਭਾਜਪਾ ਨੇ 91 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਸੂਬੇ ਵਿੱਚ ਪਾਰਟੀ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਪਿਛਲੇ ਸਾਲ ਅਗਸਤ ਵਿੱਚ ਜੇਡੀ(ਯੂ) ਸੁਪਰੀਮੋ ਨੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ।

ਇਸ ਦੌਰਾਨ ਉਨ੍ਹਾਂ ਕਿਹਾ, ‘‘ਅੱਜ ਦੇ ਦਿਨ ‘ਬਾਪੂ’ ਦੀ ਹੱਤਿਆ ਹੋਈ ਸੀ ਅਤੇ ਉਨ੍ਹਾਂ ਦੀ ਹੱਤਿਆ ਉਸ ਨੇ ਕੀਤੀ ਸੀ, ਜਿਸ ਨੂੰ ਮੁਸਲਮਾਨਾਂ ਦੀ ਰੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਤੋਂ ਸਮੱਸਿਆ ਸੀ।’’ ਉਨ੍ਹਾਂ ਕਿਹਾ ਕਿ 2013 ਵਿੱਚ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਉਨ੍ਹਾਂ 2017 ਵਿੱਚ ਮੁੜ ਭਾਜਪਾ ਨਾਲ ਗੱਠਜੋੜ ਕਰਕੇ ‘ਗਲਤੀ’ ਕੀਤੀ ਸੀ।