Headlines

ਮਨਰੂਪ ਕੌਰ ਨੇ ਇਟਲੀ ਨੇਵੀ ਵਿੱਚ ਭਰਤੀ ਹੋ ਕੇ ਵਧਾਇਆ ਮਾਣ 

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪੀਅਨ ਦੇਸ਼ ਇਟਲੀ ਵਿੱਚ ਭਾਰਤੀ ਭਾਈਚਾਰਾ ਦਿਨੋ ਦਿਨ ਤਰੱਕੀ ਵੱਲ ਵਧਦਾ ਜਾ ਰਿਹਾ ਹੈ। ਇਟਲੀ ਵਿੱਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਬੱਚੇ ਅਤੇ ਬੱਚੀਆ ਵਲੋਂ ਆਏ ਦਿਨ ਕਿਸੇ ਨਾ ਕਿਸੇ ਖੇਤਰ ਵਿੱਚ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਇਟਲੀ ਤੋਂ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਭੰਗਾਲਾ ਪਿੰਡ ਨਾਲ਼ ਸਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀ ਦੀ ਨੇਵੀ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਦੇ ਨਾਲ਼- ਨਾਲ਼ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਲੀ ਦੀ ਜਲ ਸੈਨਾ ਵਿੱਚ ਭਰਤੀ ਹੋਣ ਦੇ ਮੰਤਵ ਦੇ ਨਾਲ਼ ਪਿਛਲੇ ਸਾਲ ਇਟਲੀ ਦੇ ਡਿਫੈਂਸ ਮੰਤਰਾਲੇ ਦੁਆਰਾ ਜਾਰੀ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਗਿਆ ਸੀ। ਪ੍ਰੀਖਿਆ ਦੌਰਾਨ ਉਸ ਨੇ ਅਨੇਕਾਂ ਕਠਿਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਲਿਖਤੀ ਪ੍ਰੀਖਿਆਂ ਵਿੱਚੋਂ 82 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲੇ ਦਾਅਵੇਦਾਰਾਂ ਵਿੱਚ ਥਾਂ ਬਣਾਈ ਸੀ। ਉਪਰੰਤ ਮਨਰੂਪ ਕੌਰ ਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ ਫਿਜੀਕਲ ਪ੍ਰੀਖਿਆ ਵਿੱਚ ਵੀ ਸਾਰੇ ਟਰਾਇਲਾਂ ਨੂੰ ਬਾਖੂਬੀ ਪਾਰ ਕਰਦਿਆਂ ਇਟਲੀ ਦੀ ਜਲ ਸੈਨਿਕ ਬਣਨ ਦੇ ਆਪਣੇ ਸੁਪਨੇ ਨੂੰ ਵਾਸਤਵਿਕ ਰੂਪ ਵਿੱਚ ਸਾਕਾਰ ਕੀਤਾ। ਇਟਲੀ ਦੇ ਸਰਦੇਨੀਆ ਰਾਜ ਵਿੱਚ ਸਥਿੱਤ ਇਟਾਲੀਅਨ ਨੇਵੀ ਦੇ ਮਾਦੇਲੇਨਾ ਕੋਚਿੰਗ ਸੈਂਟਰ ਤੋਂ 5 ਹਫਤਿਆਂ ਦੀ ਬਕਾਇਦਾ ਸਿਖਲਾਈ ਲੈਣ ਉਪਰੰਤ ਹੁਣ ਮਨਰੂਪ ਕੌਰ ਮੋਨਫਲਕੋਨੇ (ਗੋਰੀਸੀਆ) ਵਿਖੇ ਇਟਲੀ ਦੀ ਜਲ ਸੈਨਾਂ ਦਾ ਹਿੱਸਾ ਬਣ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇੱਕ ਗੱਲਬਾਤ ਦੌਰਾਨ ਮਨਰੂਪ ਕੌਰ ਨੇ ਕਿਹਾ ਕਿ ਇਟਲੀ ਦੀ  ਨੇਵੀ ਵਿੱਚ ਭਰਤੀ ਹੋਣ ਦੇ ਲਈ ਉਸ ਨੂੰ ਉਸ ਦੇ ਮਾਪਿਆਂ ਨੇ ਹਮੇਸ਼ਾ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ਸਹਿਯੋਗ ਦਿੱਤਾ। ਉੱਧਰ ਮਨਰੂਪ ਦੇ ਮਾਤਾ -ਪਿਤਾ ਨੇ ਵੀ ਆਪਣੀ ਧੀ ਦੀ ਇਸ ਵਿਲੱਖਣ ਪ੍ਰਾਪਤੀ ਉੱਤੇ ਅਥਾਂਹ ਖੁਸ਼ੀ ਦਾ ਇਜਹਾਰ ਕੀਤਾ ਹੈ। ਦੂਜੇ ਪਾਸੇ ਪੰਜਾਬ ਸਮੇਤ ਇਟਲੀ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਪਾਸੇ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਪੜ੍ਹਾਈ ਪੂਰੀ ਕਰਕੇ ਕਿਸੇ ਨਾ ਕਿਸੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਆਏ ਦਿਨ ਮਿਲ ਰਹੀਆਂ ਵਧੀਆ ਨੌਕਰੀਆਂ ਆਉਣ ਵਾਲੇ ਸਮੇਂ ਵਿੱਚ ਭਾਰਤੀ ਭਾਈਚਾਰਾ ਹੋਰ ਵੀ ਬੁਲੰਦੀਆਂ ਵੱਲ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਭਾਰਤੀਆਂ ਦੇ ਬੱਚੇ ਹੋਰ ਵੀ ਤਰੱਕੀ ਕਰਦੇ ਨਜ਼ਰ ਆ ਰਹੇ ਹਨ।