Headlines

ਐਬਟਸਫੋਰਡ ਵਿਚ ਸੜਕ ਦਾ ਨਾਂਅ ਕਾਮਾਗਾਟੂਮਾਰੂ ਮਾਰਗ ਰੱਖਣ ਲਈ ਮਤਾ ਪਾਸ

ਐਬਟਸਫੋਰਡ ( ਦੇ ਪ੍ਰ ਬਿ)–ਐਬਟਸਫੋਰਡ ਵਿਚ ਸਾਊਥ ਫਰੇਜ਼ਰ ਵੇਅ ਦੇ ਇਕ ਬਲਾਕ ਦੀ  ਸੜਕ ਦਾ ਨਾਂਅ ਬਹੁਤ ਛੇਤੀ ਕਾਮਾਗਾਟਾਮਾਰੂ ਮਾਰਗ (ਵੇਅ) ਰੱਖਿਆ ਜਾਵੇਗਾ| ਇਸ ਸਬੰਧੀ  ਨਾਂਅ ਬਦਲਣ ਲਈ ਸਿਟੀ ਕੌਂਸਿਲ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ | ਇਹ ਫ਼ੈਸਲਾ 1914 ਵਿਚ ਕਾਮਾਗਾਟੂਮਾਰੂ ਸਮੁੰਦਰੀ ਜਹਾਜ਼ ’ਤੇ ਕੈਨੇਡਾ ਪੁੱਜਣ ਵਾਲੇ ਉਹਨਾਂ ਲੋਕਾਂ ਦੀਆਂ ਅਗਲੀਆਂ ਪੀੜ੍ਹੀਆਂ ਵਲੋਂ  ਕੌਂਸਲ ਨੂੰ ਦੱਖਣੀ ਏਸ਼ੀਆਈ ਭਾਈਚਾਰੇ ਵਲੋਂ ਨਿਭਾਈ ਮਾਨਵਤਾਵਾਦੀ ਭੂਮਿਕਾ ਨੂੰ ਯਾਦ ਕਰਨ ਲਈ ਪਾਈ ਗਈ ਇਕ ਪਟੀਸ਼ਨ ਨੂੰ ਧਿਆਨ ਵਿਚ ਰਖਦਿਆਂ ਲਿਆ ਗਿਆ ਹੈ| ਸਾਊਥ ਫਰੇਜ਼ਰ ਵੇਅ ਦੇ ਇਕ ਹਿੱਸੇ ਦਾ ਨਾਂਅ ਕਾਮਾਗਾਟੂਮਾਰੂ ਰੱਖਣ ਅਤੇ ਤਖਤੀ ਅਤੇ ਜਾਣਕਾਰੀ ਕਿੱਟਾਂ ਲਈ ਫੰਡ ਦੇਣ ਸਬੰਧੀ ਮਤਾ ਕੌਂਸਲ ਨੇ 30 ਜਨਵਰੀ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਜਿਸ ਤੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲ ਸਕੇਗੀ| ਸੜਕ ਦਾ ਇਹ ਹਿੱਸਾ ਵੇਅਰ ਸਟਰੀਟ ਫੇਅਰਲੇਨ ਸਟਰੀਟ ਤੱਕ ਪੈਂਦਾ ਹੈ ਜਿਹੜਾ ਇਕ ਬਲਾਕ ਵੀ ਹੈ ਅਤੇ ਇਥੇ ਹੈਰੀਟੇਜ ਸਿੱਖ ਗੁਰਦੁਆਰੇ ਦਾ ਇਤਿਹਾਸਕ ਸਥਾਨ ਵੀ ਹੈ | ਸੜਕ ਦਾ ਨਾਂਅ ਬਦਲਣ ’ਤੇ ਕੇਵਲ 4000 ਡਾਲਰ ਦਾ ਖਰਚ ਆਵੇਗਾ ਜਿਸ ਦਾ ਕਾਰੋਬਾਰਾਂ ਦੇ ਪਤੇ ਜਾਂ ਮੈਪਿੰਗ ’ਤੇ ਅਸਰ ਨਹੀਂ ਪਵੇਗਾ| ਇਸ ਯੋਜਨਾ ਵਿਚ ਗੁਰਦੁਆਰਾ ਸਾਹਿਬ ਵਿਖੇ ਇਕ ਤਖਤੀ ਵੀ ਲਗਾਈ ਜਾਵੇਗੀ ਜਿਸ ’ਤੇ 10000 ਡਾਲਰ ਦਾ ਖਰਚ ਆਵੇਗਾ| ਤਖਤੀ ਦੇ ਨਾਲ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਭਾਈਵਾਲੀ ਨਾਲ ਉਨ੍ਹਾਂ ਲੋਕਾਂ ਲਈ ਲਿਖਤੀ ਜਾਣਕਾਰੀ ਕਿੱਟਾਂ ਹੋਣਗੀਆਂ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣਗੇ |

ਜਿਕਰਯੋਗ ਹੈ ਕਿ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ’ਤੇ ਸਵਾਰ ਯਾਤਰੀਆਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਤ ਸਨ| ਉਨ੍ਹਾਂ ਨੂੰ ਲਗਪਗ 2 ਮਹੀਨੇ ਡੌਕ ’ਤੇ ਰੋਕੀ ਰੱਖਿਆ ਗਿਆ ਅਤੇ ਆਖਰਕਾਰ ਇਸ ਨੂੰ ਭਾਰਤ ਵਾਪਸ ਜਾਣ ਲਈ ਮਜ਼ਬੂਰ ਕੀਤਾ ਗਿਆ| 23 ਸਤੰਬਰ 1914 ਨੂੰ ਇਹ ਜਹਾਜ ਕੋਲਕਾਤਾ ਨੇੜੇ ਬਜ ਬਜ ਘਾਟ ਵਿਖੇ ਪਹੁੰਚਿਆ ਸੀ| ਇਥੇ ਬਹੁਤੇ ਯਾਤਰੀਆਂ ਨੂੰ ਕੈਦ ਕਰ ਲਿਆ ਅਤੇ ਸਮੁੰਦਰੀ ਜਹਾਜ਼ ’ਤੇ ਕੀਤੀ ਗਈ ਫਾਇਰੰਗ ਵਿਚ 20 ਵਿਅਕਤੀ ਸ਼ਹੀਦ ਕਰ ਦਿੱਤੇ ਗਏ ਸਨ | ਕੈਦ ਕੀਤੇ ਗਏ ਯਾਤਰੀਆਂ ਵਿਚੋਂ ਇਕ ਸਥਾਨਕ ਨਿਵਾਸੀ ਰਾਜ ਸਿੰਘ ਤੂਰ ਦਾ ਦਾਦਾ ਸੀ| ਤੂਰ ਹੁਣ ਕਾਮਾਗਾਟਾਮਾਰੂ ਦੇ ਵਾਰਿਸਾਂ ਦੀ ਸੁਸਾਇਟੀ ਦੇ ਉਪ ਪ੍ਰਧਾਨ ਹਨ| ਤੂਰ ਦੇ  ਦਾਦਾ ਜੀ ਦਾ ਨਾਂਅ ਬਾਬਾ ਪੂਰਨ ਸਿੰਘ ਜਨੇਤਪੁਰਾ ਸੀ|

-ਲਖਵਿੰਦਰ ਕੌਰ ਝੱਜ ਨੇ ਪਾਈ ਸੀ ਪਟੀਸ਼ਨ-

ਇਸੇ ਦੌਰਾਨ ਸਥਾਨਕ ਲਿਬਰਲ ਕਾਰਕੁੰਨ ਲਖਵਿੰਦਰ ਕੌਰ ਝੱਜ ਨੇ ਸਿਟੀ ਕੌੰਸਲ ਵਲੋ ਲਏ ਗਏ ਉਕਤ ਫੈਸਲੇ ਦਾ ਸਵਾਗਤ ਕਰਦਿਆਂ ਇਸ ਲਈ ਮੇਅਰ, ਕੌਂਸਲਰਾਂ ਅਤੇ ਇਸ ਪਹਿਲਕਦਮੀ ਲਈ ਮਹੱਤਵਪੂਰਣ ਸਹਿਯੋਗੀ ਐਮ ਐਲ ਏ ਮਾਈਕ ਡੀ ਜੌਂਗ ਦਾ ਧੰਨਵਾਦ ਕੀਤਾ ਹੈ। ਉਹਨਾਂ ਦੇਸ ਪ੍ਰਦੇਸ ਨੂੰ ਦੱਸਿਆ ਕਿ ਉਹਨਾਂ ਨੇ ਕਾਮਾਗਾਟਾਮਾਰੂ ਦੀ ਯਾਦ ਨੂੰ ਸਮਰਪਿਤ ਐਬਟਸਫੋਰਡ ਵਿਚ ਸੜਕ ਦਾ ਨਾਮਕਰਣ ਕੀਤੇ ਜਾਣ ਲਈ ਇਕ ਪਟੀਸ਼ਨ ਦੋ ਸਾਲ ਪਹਿਲਾਂ ਤਤਕਾਲੀ ਮੇਅਰ ਹੈਨਰੀ ਬਰਾਊਨ ਦੀ ਅਗਵਾਈ ਵਾਲੀ ਕੌਂਸਲ ਕੋਲ ਪਾਈ ਸੀ। ਤੇ ਹੁਣ ਉਸ ਪਟੀਸ਼ਨ ਉਪਰ ਮੌਜੂਦਾ ਕੌਂਸਲ ਵਲੋਂ ਸੁਣਵਾਈ ਕਰਦਿਆਂ ਮਤਾ ਪਾਸ ਕੀਤਾ ਗਿਆ ਹੈ। ਇਸੇ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਗਿੱਲ ਨੇ ਵੀ ਕੌਂਸਲ ਦੇ ਉਕਤ ਫੈਸਲੇ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਹੈ।