Headlines

ਮਕਾਨ ਮਾਲਕਾਂ ਵੱਲੋਂ ਬੇਸਮੈਂਟਾਂ ਦੇ ਕਿਰਾਏ ਵਧਾਉਣ ਕਾਰਨ ਕਿਰਾਏਦਾਰ ਪ੍ਰੇਸ਼ਾਨ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਬੈਂਕ ਆਫ ਕੈਨੇਡਾ  ਵੱਲੋਂ ਵਿਆਜ ਦਰਾਂ ‘ਚ ਅੱਠਵੀਂ ਵਾਰ ਕੀਤੇ ਗਏ ਵਾਧੇ ਕਾਰਨ ਭਾਵੇਂ ਆਰਥਿਕਤਾ ਅਜੇ ਵੀ ਡਾਵਾਂਡੋਲ ਨਜ਼ਰ ਆ ਰਹੀ ਹੈ, ਪਰ ਇਸ ਦਾ ਅਸਰ ਮਕਾਨਾਂ ‘ਚ ਕਿਰਾਏ ‘ਤੇ ਦਿੱਤੀਆਂ ਗਈਆਂ ਬੇਸਮੈਂਟਾਂ ‘ਚ ਰਹਿਣ ਵਾਲੇ ਕਿਰਾਏਦਾਰ ਲੋਕਾਂ ‘ਤੇ ਵੀ ਪਿਆ ਹੈ। ਜਾਣਕਾਰੀ ਮੁਤਾਬਕ ਪੰਜਾਬੀ ਮਕਾਨ ਮਾਲਕਾਂ ਵੱਲੋਂ ਕਿਰਾਏ ‘ਤੇ ਦਿੱਤੀਆਂ ਬੇਸਮੈਂਟਾਂ ਦੇ ਕਿਰਾਏ ‘ਚ 2 ਸੌ ਤੋਂ 4 ਸੌ ਡਾਲਰ ਤੱਕ ਵਾਧਾ ਕਰਕੇ ਕਿਰਾਏਦਾਰਾਂ ਨੂੰ ਨੋਟਿਸ ਭੇਜ ਦਿੱਤੇ ਹਨ ਜਾਂ ਕਹਿ ਦਿੱਤਾ ਹੈ ਕਿ ਵਿਆਜ ਦਰਾਂ ‘ਚ ਵਾਧਾ ਹੋ ਗਿਆ ਹੈ ਤਾਂ ਹੀ ਕਿਰਾਏ ‘ਚ ਵਾਧਾ ਕੀਤਾ ਗਿਆ ਹੈ। ਇੱਕ ਬੈੱਡ ਰੂਮ ਦੀ ਬੇਸਮੈਂਟ ‘ਚ 2 ਸੌ ਅਤੇ ਦੋ ਬੈੱਡ ਰੂਮ ਦੀ ਬੇਸਮੈਂਟ ਦਾ 3 ਸੌ ਤੋਂ 4 ਸੌ ਡਾਲਰ ਤੱਕ ਕਿਰਾਇਆ ਵਧਾ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਕਿਰਾਏਦਾਰ ਲੰਬੇ ਸਮੇਂ ਤੋਂ ਬੇਸਮੈਂਟ ‘ਚ ਬੈਠੇ ਹਨ, ਕਿਰਾਇਆ ਤਾਂ ਭਾਵੇਂ ਉਨ੍ਹਾਂ ਦਾ ਵੀ ਵਧਾਇਆ ਗਿਆ ਹੈ ਪਰ ਉਨ੍ਹਾਂ ਵੱਲੋਂ ਨਾ-ਮਾਤਰ ਕਿਰਾਇਆ ਵਧਾਇਆ ਗਿਆ ਹੈ ਜਦੋਂ ਕਿ ਜਿਹੜੇ ਨਵੇਂ ਬੈਠੇ ਹਨ ਜਾਂ ਨਵੇਂ ਆਉਣ ਵਾਲੇ ਨੇ ਤਾਂ ਉਨ੍ਹਾਂ ‘ਤੇ ਹੀ ਕਿਰਾਏ ਵਾਧੇ ਦੀ ਗਾਜ ਡਿੱਗੀ ਹੈ। ਵਿਆਜ ਦਰਾਂ ‘ਚ ਵਾਧੇ ਕਾਰਨ ਮਹਿੰਗਾਈ ਵੀ ਸਿਖਰਾਂ ਛੂਹ ਗਈ ਹੈ ਜਿਸ ਕਾਰਨ ਕੈਨੇਡਾ ‘ਚ ਹਾਹਾਕਾਰ ਮੱਚ ਗਈ ਹੈ। ਮਹਿੰਗਾਈ, ਅਪਰਾਧਿਕ ਵਾਰਦਾਤਾਂ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਾਰਨ ਕੈਨੇਡਾ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਾਣੀ ‘ਚ ਡੁੱਬਣ ਨਾਲ ਹੋਈਆਂ ਮੌਤਾਂ ਅਤੇ ਖਾਸ਼ ਕਰਕੇ ਉਂਟਾਰੀਓ ਸੂਬੇ ‘ਚ ਵਿਦਿਆਰਥੀਆਂ ਦੀਆਂ ਹਿੰਸਕ ਘਟਨਾਵਾਂ ਅਤੇ ਆਪਸੀ ਲੜਾਈਆਂ ਕਾਰਨ ਲੋਕ ਚਿੰਤਾ ‘ਚ ਡੁੱਬੇ ਹੋਏ ਨਜ਼ਰ ਆ ਰਹੇ ਹਨ।