Headlines

ਕੈਲਗਰੀ ਦੀ ਵਿਗਿਆਨੀ ਡਾਃ ਰਮਨ ਗਿੱਲ ਨੂੰ ਭਾਰਤ ਕੀਰਤੀਮਾਨ ਪੁਰਸਕਾਰ

ਕੈਲਗਰੀ-ਕੈਲਗਰੀ ਵੱਸਦੀ ਲੁਧਿਆਣਾ ਦੀ ਜੰਮੀ ਜਾਈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹੀ ਪੰਜਾਬਣ ਵਿਗਿਆਨੀ ਡਾਃ ਰਮਨ ਗਿੱਲ ਨੂੰ ਪਿਛਲੇ ਦਿਨੀਂ ਇੰਦੌਰ(ਮੱਧਯ ਪ੍ਰਦੇਸ਼) ਵਿਖੇ 17ਵੇ ਪਰਵਾਸੀ ਦਿਵਸ ਮੌਕੇ ਵਰਲਡ ਬੁੱਕ ਆਫ਼ ਰੀਕਾਰਡਜ਼ ਯੂ ਕੇ ਵੱਲੋਂ  ਕੈਨੇਡੀਅਨ ਸਮਾਜ ਨੂੰ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਕੀਰਤੀਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਡਾਃ ਰਮਨ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਲੈਂਡ ਸਕੇਪ ਅਫ਼ਸਰ ਸਃ ਹਰੀ ਸਿੰਘ ਸੰਧੂ  ਦੀ ਸਪੁੱਤਰੀ ਹੈ। ਡਾਃ ਰਮਨ ਗਿੱਲ ਨੂੰ ਇਹ ਪੁਰਸਕਾਰ ਨਿਆਂ, ਸਿੱਖਿਆ,ਕਲਾ ਤੇ ਸੱਭਿਆਚਾਰ, ਅਧਿਆਤਮ, ਵਾਤਾਵਰਣ, ਤੇ ਸਰਬਪੱਖੀ ਵਿਕਾਸ ਲਈ ਤਕਨਾਲੋਜੀ ਦੇ ਖੇਤਰ ਵਿੱਚ ਚੋਣਵੀਆਂ ਪਰਵਾਸੀ ਸ਼ਖ਼ਸੀਅਤਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਡਾਃ ਰਮਨ ਗਿੱਲ ਨੂੰ ਇਹ ਪੁਰਸਕਾਰ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਯੂ ਕੇ, ਸ਼੍ਰੀ ਸ਼ੰਕਰ ਲਾਲਵਾਨੀ ਮੈਂਬਰ ਪਾਰਲੀਮੈਂਟ ਭਾਰਤ, ਸ਼੍ਰੀਮਤੀ ਮਾਲਾ ਤਿਵਾੜੀ ਅਟੱਲ ਫਾਉਂਡੇਸ਼ਨ, ਡਾਃ ਦਿਵਾਕਰ ਸ਼ੁਕਲ ਲੰਡਨ ਨੇ ਪ੍ਰਦਾਨ ਕੀਤਾ।
ਡਾਃ ਰਮਨ ਗਿੱਲ ਨੇ ਇਸੇ ਭਾਰਤ ਫੇਰੀ ਦੌਰਾਨ ਆਪਣੇ ਪਿਤਾ  ਸਃ ਹਰੀ ਸਿੰਘ ਸੰਧੂ  ਦੀ ਪੰਜਾਬ ਅੰਦਰ ਲੈਂਡ ਸਕੇਪਿੰਗ ਦੇ ਖੇਤਰ ਵਿੱਚ ਬਾਨੀ ਯੋਗਦਾਨ ਬਾਰੇ ਅੰਗਰੇਜ਼ੀ ਵਿੱਚ ਇੱਕ ਕੌਫੀ ਟੇਬਲ ਪੁਸਤਕ ਵੀ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਤੇ ਆਪਣੇ ਅਧਿਆਪਕ ਡਾਃ ਸਤਬੀਰ ਸਿੰਘ ਗੋਸਲ , ਡੀਨ ਡਾਇਰੈਕਟਰਜ਼ ਡਾਃ ਅਜਮੇਰ ਸਿੰਘ ਢੱਟ, ਡਾਃ ਨਿਰਮਲ ਸਿੰਘ ਜੌੜਾ, ਡਾਃ ਅਸ਼ੋਕ ਕੁਮਾਰ, ਡਾਃ ਸੰਦੀਪ ਕਪੂਰ ਕੰਪਟਰੋਲਰ, ਡਾਃ ਸ਼ੰਮੀ ਕਪੂਰ ਰਜਿਸਟਰਾਰ,ਡਾਃ ਰਿਸ਼ੀਇੰਦਰ ਸਿੰਘ ਗਿੱਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ  ਤੇਜ ਪ੍ਰਤਾਪ ਸਿੰਘ ਸੰਧੂ, ਆਪਣੇ ਪਿਤਾ ਜੀ ਤੇ ਮਾਤਾ ਜੀ ਸਰਦਾਰਨੀ ਗੁਰਦਰਸ਼ਨ ਕੌਰ ਸੰਧੂ ਅਤੇ ਵੱਡੀ ਭੈਣ ਡਾਃ ਸੰਦੀਪ ਕੌਰ ਬੈਂਸ ਡੀਨ ਪੋਸਟ ਗਰੈਜੂਏਟ ਸਟਡੀਜ਼ ਦੀ ਹਾਜ਼ਰੀ ਵਿੱਚ ਰਿਲੀਜ਼ ਕਰਵਾਈ ਹੈ।