Headlines

ਪੰਜਾਬੀ ਫਿਲਮ ਗੋਲ ਗੱਪੇ 17 ਫਰਵਰੀ ਨੂੰ ਹੋਵੇਗੀ ਰੀਲੀਜ਼-ਰਜਤ ਬੇਦੀ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਾਲੀਵੁੱਡ ਸਟਾਰ ਰਜਤ ਬੇਦੀ ਵਲੋ ਸਥਾਨਕ ਪੰਜਾਬੀ ਮੀਡੀਆ ਨਾਲ ਇਕ ਮਿਲਣੀ ਦੌਰਾਨ ਦੱਸਿਆ ਗਿਆ ਕਿ ਸਮੀਪ ਕੰਗ ਦੀ ਨਿਰਦੇਸ਼ਨਾ ਹੇਠ ਬਣਾਈ ਗਈ ਨਵੀ ਪੰਜਾਬੀ ਫਿਲਮ ਗੋਲ ਗੱਪੇ ਇਸ 17 ਫਰਵਰੀ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਨੂੰ ਲੋਟਪੋਟ ਕਰਨ ਦੇਣ ਵਾਲੀ ਇਸ ਮਜ਼ਾਹੀਆ ਫਿਲਮ ਵਿਚ ਪੰਜਾਬੀ ਸਟਾਰ ਬੀਨੂ ਢਿੱਲੋਂ ਦੇ ਨਾਲ ਬੀ ਐਨ ਸ਼ਰਮਾ ਤੇ ਰਜਤ ਬੇਦੀ ਤੋ ਇਲਾਵਾ ਇਹਾਨਾ ਢਿੱਲੋਂ, ਨਵਨੀਤ ਕੌਰ ਢਿੱਲੋਂ ਦੀਆਂ ਭੂਮਿਕਾਵਾਂ ਸ਼ਾਮਿਲ ਹਨ। ਪ੍ਰੈਸ ਕਾਨਫਰੰਸ ਦੌਰਾਨ ਰਜਤ ਬੇਦੀ ਨੇ ਬਾਲੀਵੁਡ ਤੋ ਪਾਲੀਵੁੱਡ ਵੱਲ ਪਰਤਣ ਤੇ ਇਸ ਫਿਲਮ ਵਿਚ ਮਜ਼ਾਹੀਆ ਰੋਲ ਅਦਾ ਕਰਨ ਤੇ ਵੱਡੇ ਪੰਜਾਬੀ ਸਟਾਰਾਂ ਨਾਲ ਕੰਮ ਕਰਨ ਨੂੰ ਆਪਣੇ ਤਜੁਰਬੇ ਨੂੰ ਨਿਵੇਕਲਾ ਦੱਸਿਆ। ਉਸਨੇ ਕਿਹਾ ਕਿ ਉਸਨੇ ਪਹਿਲੀ ਵਾਰ ਕਿਸੇ ਪੰਜਾਬੀ ਮੂਵੀ ਵਿਚ ਮਜ਼ਾਹੀਆ ਰੋਲ ਕੀਤਾ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਇਸ ਮੌਕੇ ਉਹਨਾਂ ਇਹ ਗੱਲ ਮਾਣ ਨਾਲ ਕਹੀ ਕਿ ਬੀਸੀ ਵਿਚ ਵੈਨਕੂਵਰ ਉਹ ਜਗਾਹ ਹੈ ਜਿਥੇ ਉਹ ਖੁਦ ਨੂੰ ਪੰਜਾਬੀ ਕਹਾਕੇ ਵਧੇਰੇ ਮਾਣ ਮਹਿਸੂਸ ਕਰਦਾ ਹੈ। ਉਸਨੇ ਦੱਸਿਆ ਕਿ ਭਾਵੇਂਕਿ ਉਹ ਨਾਮਵਰ ਸਾਹਿਤਕਾਰ ਤੇ ਮਹਾਨ ਫਿਲਮੀ ਕਹਾਣੀਆਂ ਦੇ ਲੇਖਕ ਰਜਿੰਦਰ ਸਿੰਘ ਬੇਦੀ ਦਾ ਪੋਤਰਾ ਹੈ ਪਰ ਮੁੰਬਈ ਵਿਚ ਉਸਦੀ ਪਰਵਰਿਸ਼ ਦੌਰਾਨ ਉਸਨੂੰ ਪੰਜਾਬੀ ਨਾਲ ਜੁੜਨ ਦਾ ਇੰਨਾ ਮੌਕਾ ਨਹੀ ਮਿਲਿਆ ਜਿਤਨਾ ਵੈਨਕੂਵਰ ਵਿਚ ਰਹਿੰਦਿਆਂ। ਉਸਨੇ ਕਿਹਾ ਕਿ ਉਸਨੇ ਇਥੇ ਹੀ ਪੰਜਾਬੀ ਦੀ ਅਸਲ ਮਿਠਾਸ ਮਾਣੀ ਤੇ ਜਾਣੀ ਹੈ।

ਇਸ ਮੌਕੇ ਉਹਨਾਂ ਪੰਜਾਬੀ ਫਿਲਮ ਗੋਲਗੱਪੇ ਦੀ ਕਹਾਣੀ ਅਤੇ ਇਸਦੀ ਸ਼ੁਰੂਆਤ ਸਬੰਧੀ ਆਪਣੇ ਅਨੁਭਵ ਪੱਤਰਕਾਰਾਂ ਨਾਲ ਸਾਂਝੇ ਕੀਤੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਮੰਚ ਤੇ ਉਹਨਾਂ ਨਾਲ ਉਘੇ ਟੀਵੀ ਪੱਤਰਕਾਰ ਅੰਮ੍ਰਿਤਪਾਲ ਸਿੰਘ ਸਰਾ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਜ਼ੀ ਸਟੂਡੀਓ ਤੇ ਟਰੀਫਿਕਸ ਐਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਪਹਿਲਾਂ  ਅਗਸਤ 2022 ਵਿਚ ਰੀਲੀਜ਼ ਕੀਤਾ ਜਾਣਾ ਸੀ ਪਰ ਕੁਝ ਕਾਰਣਾ ਕਰਕੇ ਹੁਣ ਇਹ ਫਿਲਮ 17 ਫਰਵਰੀ ਨੂੰ ਸਿਨੇਮਾ ਘਰਾਂ ਵਿਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।