Headlines

ਸੰਪਾਦਕੀ- ਅਡਾਨੀ ਗਰੁੱਪ ਖਿਲਾਫ ਹਿੰਡਨਬਰਗ ਰਿਪੋਰਟ ਦੇ ਸਨਸਨੀਖੇਜ਼ ਖੁਲਾਸੇ

ਮੋਦੀ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰਾਂ ਹੱਥ ਆਇਆ ਵੱਡਾ ਮੁੱਦਾ…

-ਸੁਖਵਿੰਦਰ ਸਿੰਘ ਚੋਹਲਾ

ਪਿਛਲੇ ਥੋੜੇ ਸਮੇਂ ਦੌਰਾਨ ਭਾਰਤ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ ਟੌਪ ਤੇ ਪੁੱਜਣ ਉਪਰੰਤ ਵਿਸ਼ਵ ਦੇ ਪਹਿਲੇ ਤਿੰਨ ਅਮੀਰਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਗੌਤਮ ਅਡਾਨੀ ਜਿਥੇ ਵੱਡੇ ਆਰਥਿਕ ਸੰਕਟ ਵਿਚ ਘਿਰੇ ਦਿਖਾਈ ਦੇ ਰਹੇ ਹਨ, ਉਥੇ ਇਹ ਮੋਦੀ ਸਰਕਾਰ ਲਈ ਵੀ ਵੱਡੀ ਸਿਰਦਰਦੀ ਬਣ ਸਕਦਾ ਹੈ। ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਨੇੜਤਾ ਕਿਸੇ ਤੋ ਗੁੱਝੀ ਹੋਈ ਨਹੀ। ਸ੍ਰੀ ਮੋਦੀ ਜਦੋਂ ਪਹਿਲੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਉਪਰੰਤ ਗੁਜਰਾਤ ਤੋ ਦਿੱਲੀ ਅਡਾਨੀ ਦੇ ਪ੍ਰਾਈਵੇਟ ਜਹਾਜ ਵਿਚ ਪੁੱਜੇ ਸਨ ਤਾਂ ਇਸ ਖਬਰ ਨੇ ਅਡਾਨੀ ਦੇ ਕਾਰੋਬਾਰ ਦੇ ਵੀ ਵਾਰੇ ਨਿਆਰੇ ਕਰ ਦਿੱਤੇ ਸਨ। ਆਮ ਵਸਤਾਂ ਦੇ ਇਮਪੋਰਟ -ਐਕਸਪੋਰਟ ਦਾ ਬਿਜਨੈਸ ਕਰਨ ਵਾਲੇ ਅਡਾਨੀ ਦਾ ਕਾਰੋਬਾਰ ਕੋਲ ਖਾਣਾ, ਬੰਦਰਗਾਹਾਂ ਤੋਂ ਏਅਰਪੋਰਟਾਂ ਤੱਕ ਕਿਵੇਂ ਫੈਲ ਗਿਆ। ਪ੍ਰਧਾਨ ਮੰਤਰੀ ਨਾਲ ਨੇੜਤਾ ਦੀ ਬਦੌਲਤ ਹੀ ਭਾਰਤ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਨਵਾਂ ਖੇਤੀ ਇਨਕਲਾਬ ਲਿਆਉਣ ਬਾਰੇ ਸੋਚਣ ਲੱਗੀ ਸੀ। ਅਡਾਨੀ ਗਰੁੱਪ ਨੇ ਕੰਪਨੀ ਖੇਤੀ ਦਾ ਮਾਡਲ ਪੇਸ਼ ਕਰਦਿਆਂ ਹਜਾਰਾਂ ਏਕੜ ਦੇ ਫਾਰਮ ਬਣਾਉਣ ਲਈ ਜ਼ਮੀਨਾਂ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਸੀ। ਇਹ ਤਾਂ ਕਿਸਾਨ ਜਥੇਬੰਦੀਆਂ ਦਾ ਹੱਠ ਸੀ ਕਿ ਉਹਨਾਂ ਦੇ ਸੰਘਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ ਤੇ ਅਡਾਨੀ ਨੂੰ ਕੰਪਨੀ ਖੇਤੀ ਦਾ ਕਾਰੋਬਾਰ ਤਰਕ ਕਰਨਾ ਪਿਆ।

ਖੇਤੀ ਕਨੂੰਨਾਂ ਖਿਲਾਫ ਸੰਘਰਸ਼ ਦੌਰਾਨ ਹੀ ਅਡਾਨੀ ਗਰੁੱਪ ਚਰਚਾ ਵਿਚ ਆਇਆ ਸੀ ਤੇ ਉਸਦੀ ਹਿੰਦੁਸਤਾਨ ਦਾ ਅਸਲ ਸਰਮਾਇਆ ਆਪਣੇ ਹੱਥਾਂ ਵਿਚ ਲੈਣ ਤੇ ਦੂਸਰੀ ਈਸਟ ਇੰਡੀਆ ਕੰਪਨੀ ਬਣਨ ਦਾ ਸੁਪਨਾ ਜੱਗ ਜਾਹਰ ਹੋ ਗਿਆ ਸੀ।

ਅਡਾਨੀ ਗਰੁੱਪ ਨੇ ਭਾਰਤ ਵਿਚ ਤਾਂ ਸਿਆਸੀ ਸਰਪ੍ਰਸਤੀ ਹੇਠ ਜੋ ਕਰਨਾ ਚਾਹਿਆ ਕੀਤਾ ਪਰ ਉਸਦੀ ਰਾਸ਼ਟਰਵਾਦ ਦੇ ਪਰਦੇ ਵਿਚ ਆਪਣੀ ਕੰਪਨੀ ਦਾ ਫਲੈਗ ਦੁਨੀਆ ਵਿਚ ਲਹਿਰਾਉਣ ਦੀ ਹਸਰਤ ਅਮਰੀਕਾ ਦੀ ਇਕ ਜਾਂਚ ਏਜੰਸੀ ਨੇ ਮਿੱਟੀ ਵਿਚ ਰੁਲਾ ਦਿੱਤੀ ਲੱਗਦੀ ਹੈ। ਅਮਰੀਕੀ ਏਜੰਸੀ ਹਿੰਡਨਬਰਗ ਨੇ ਆਪਣੀ ਇਕ ਜਾਂਚ ਰਿਪੋਰਟ ਵਿਚ ਅਡਾਨੀ ਗਰੁੱਪ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਤੇ ਜਾਅਲਸਾਜੀਆ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਇਹ ਅਮਰੀਕਾ ਹੈ। ਅਗਰ ਤੁਸੀ ਅਮਰੀਕਾ ਵਿਚ ਕਾਰੋਬਾਰ ਕਰਨਾ ਹੈ ਤਾਂ ਅਮਰੀਕੀ ਕਨੂੰਨ ਦਾ ਪਾਲਣ ਵੀ ਕਰਨਾ ਹੋਵੇਗਾ। ਹਿੰਡਨਬਰਗ ਨੇ ਅਡਾਨੀ ਗਰੁੱਪ ਦੀ ਦੋ ਸਾਲ ਤੱਕ ਡੂੰਘੀ ਜਾਂਚ ਕਰਨ ਉਪਰੰਤ 27 ਜਨਵਰੀ ਨੂੰ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਵਿਚ ਕਿਹਾ ਹੈ ਕਿ ਕੰਪਨੀ ਦੇ ਸੇਅਰਾਂ ਦੀ ਕੀਮਤ ਵਿਚ ਬੇਇੰਤਹਾ ਵਾਧਾ, ਆਪਣੀਆਂ ਹੀ ਕੰਪਨੀਆਂ ਦੁਆਰਾ ਆਪਣੇ ਹੀ ਸ਼ੇਅਰ ਖਰੀਦਣ,ਸਟਾਕ ਹੇਰਾਫੇਰੀ ਤੇ ਮਨੀਲਾਂਡਰਿੰਗ ਦੁਆਰਾ ਕੰਪਨੀ ਦੇ ਕਾਰੋਬਾਰ ਵਿਚ ਵਾਧਾ ਵਿਖਾਇਆ ਗਿਆ ਹੈ। ਹਿੰਡਨਬਰਗ ਵੱਲੋਂ ਅਡਾਨੀ ਗਰੁੱਪ ਦੀਆਂ ਸਹਾਇਕ ਕੰਪਨੀਆਂ ਦੇ ਸ਼ੇਅਰਾਂ ਵਿਚ ਚਮਤਕਾਰੀ ਵਾਧੇ ਦੀ ਵੀ ਜਾਂਚ ਕੀਤੀ ਗਈ ਜਿਸ ਵਿਚ ਉਹਨਾਂ ਪਾਇਆ ਕਿ ਸਹਾਇਕ ਕੰਪਨੀ, ਅਡਾਨੀ ਐਂਟਰਪ੍ਰਾਈਜ਼ਿਜ਼ ਟੈਕਸ ਛੋਟਾਂ ਦਾ ਲਾਭ ਲੈਣ ਲਈ ਹੀ ਵਰਤੀ ਜਾ ਰਹੀ ਸੀ। ਸਟਾਕ ਮਾਰਕੀਟ ਜਿਸ ਨੇ ਸ਼੍ਰੀ ਅਡਾਨੀ ਦੀ ਨਿੱਜੀ ਆਮਦਨ  ਨੂੰ ਜਰਬਾਂ ਦੇਣ ਵਿਚ ਮਦਦ ਕੀਤੀ ਸੀ – ਵਿੱਚ ਵੀ ਹੇਰਾਫੇਰੀ ਕੀਤੀ ਜਾ ਰਹੀ ਸੀ। ਹਿੰਡਨਬਰਗ ਦੇ ਅਨੁਸਾਰ, ਅਡਾਨੀ ਦੀਆਂ ਸੱਤ ਸਹਾਇਕ ਕੰਪਨੀਆਂ ਦੇ ਸ਼ੇਅਰ ਪਿਛਲੇ ਤਿੰਨ ਸਾਲਾਂ ਵਿੱਚ 800 ਪ੍ਰਤੀਸ਼ਤ ਤੋਂ ਵੱਧ ਵਧੇ ਹਨ।

ਹਿੰਡਨਬਰਗ ਰਿਪੋਰਟ ਮੁਤਾਬਿਕ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਮਾਰੀਸ਼ਸ, ਦੁਬਈ, ਸਾਈਪ੍ਰਸ, ਸਿੰਗਾਪੁਰ ਤੇ ਕਈ ਹੋਰ ਦੇਸ਼ਾਂ ਜਿਨ੍ਹਾਂ ਵਿਚ ਟੈਕਸ ਬਹੁਤ ਘੱਟ ਹਨ, ਵਿਚ ਛੋਟੀਆਂ ਛੋਟੀਆਂ ਫਰਜ਼ੀ/ਸ਼ੈਲ ਕੰਪਨੀਆਂ ਬਣਾ ਕੇ ਪੈਸੇ ਨੂੰ ਘੁਮਾਇਆ ਅਤੇ ਖ਼ੁਦ ਹੀ ਆਪਣੀਆਂ ਕੰਪਨੀਆਂ ਦੇ ਸ਼ੇਅਰ ਖ਼ਰੀਦੇ। ਇਸ ਕਾਰਨ ਇਸ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਧੀਆਂ ਅਤੇ ਫਿਰ ਉਨ੍ਹਾਂ ਸ਼ੇਅਰਾਂ ਨੂੰ ਗਿਰਵੀ ਰੱਖ ਕੇ ਬੈਂਕਾਂ ਤੋਂ ਭਾਰੀ ਕਰਜ਼ੇ ਲਏ ਗਏ।

ਪਰ ਹੁਣ ਹਿੰਡਨਬਰਗ ਦੀ ਰਿਪੋਰਟ ਪ੍ਰਕਾਸ਼ਿਤ ਹੋਣ ਉਪਰੰਤ ਅਡਾਨੀ ਗਰੁੱਪ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਦਾ ਮਾਰਕੀਟ ਘਾਟਾ 100 ਅਰਬ ਡਾਲਰ ਤੱਕ ਜਾ ਪੁੱਜਾ ਹੈ। ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਸ਼ਾਮਿਲ ਖੁਦ ਗੌਤਮ ਅਡਾਨੀ ਹੁਣ 16 ਵੇ ਨੰਬਰ ਤੇ ਜਾ ਪੁੱਜਾ ਹੈ।

ਪਿਛਲੇ ਦਿਨੀ ਕੰਪਨੀ ਵਲੋ ਵੇਚੇ ਗਏ 20,000 ਕਰੋੜ ਦੇ ਸ਼ੇਅਰ ਰੱਦ ਕਰਨ ਦਾ ਐਲਾਨ ਕਰਦਿਆਂ

ਅਡਾਨੀ ਗਰੁੱਪ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਭਾਰਤ ਉਪਰ ਵਿਦੇਸ਼ੀ ਹਮਲਾ ਕਰਾਰ ਦਿੰਦਿਆਂ ਇਸਨੂੰ ਝੂਠ ਦਾ ਪੁਲੰਦਾ ਕਿਹਾ ਹੈ। ਅਡਾਨੀ ਗਰੁੱਪ ਨੇ ਰਾਸ਼ਟਰਵਾਦ ਦਾ ਸਹਾਰਾ ਲੈਂਦਿਆਂ ਕਿਹਾ ਹੈ ਕਿ ਇਕ ਵਿਦੇਸ਼ੀ ਕੰਪਨੀ (ਭਾਵ ਹਿੰਡਨਬਰਗ ਰਿਸਰਚ) ਦੇਸੀ ਕੰਪਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ। ਜਦੋਂਕਿ ਹਿੰਡਨਬਰਗ ਦਾ ਕਹਿਣਾ ਹੈ ਉਸਦੀ ਰਿਪੋਰਟ ਵਿਚ ਕੁਝ ਵੀ ਵਧਾ ਚੜਾਕੇ ਪੇਸ਼ ਨਹੀ ਕੀਤਾ ਗਿਆ। ਅਗਰ ਅਡਾਨੀ ਗਰੁਪ ਉਹਨਾਂ ਖਿਲਾਫ ਕੇਸ ਕਰਦਾ ਹੈ ਤਾਂ ਉਹ ਇਸਦਾ ਸਾਹਮਣਾ ਕਰਨ ਲਈ ਤਿਆਰ ਹਨ। ਪਰ ਅਗਰ ਅਡਾਨੀ ਗਰੁੱਪ ਆਪਣੇ ਕਾਰੋਬਾਰ ਨੂੰ ਭਾਰਤ ਦੇ ਰਾਸ਼ਟਰਵਾਦ ਨਾਲ ਜੋੜਕੇ ਪੇਸ਼ ਕਰਦਾ ਹੈ ਤਾਂ ਇਹ ਆਪਣੇ ਪਾਪਾਂ ਨੂੰ ਛੁਪਾਉਣ ਲਈ ਮੁਲਕ ਨਾਲ ਵੀ ਧੋਖਾ ਹੈ।

ਇਥੇ ਚਿੰਤਾ ਵਾਲੀ ਗੱਲ ਇਹ ਹੈ ਕਿ ਅਡਾਨੀ ਦੀਆਂ ਕੰਪਨੀਆਂ ਵਿਚ ਭਾਰਤੀ ਜੀਵਨ ਬੀਮਾ ਨਿਗਮ ਅਤੇ ਸਰਕਾਰੀ  ਬੈਂਕਾਂ ਦਾ ਪੈਸਾ ਵੀ ਵੱਡੀ ਪੱਧਰ ’ਤੇ ਲੱਗਿਆ ਹੋਇਆ ਹੈ। ਇਕੱਲੇ ਜੀਵਨ ਬੀਮਾ ਨਿਗਮ ਨੇ ਹੀ ਗਰੁੱਪ ਦੀਆਂ ਕੰਪਨੀਆਂ ਵਿਚ 35,000 ਕਰੋੜ ਰੁਪਏ ਤੋਂ ਵੱਧ ਪੈਸਾ ਲਗਾਇਆ ਹੈ। ਕੰਪਨੀ ਦੇ ਸ਼ੇਅਰ ਡਿੱਗਣ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ ਭਾਵੇਂਕਿ ਐਲ ਆਈ ਸੀ ਤੇ ਸਰਕਾਰੀ ਬੈਂਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਪੈਸਾ ਸੁਰੱਖਿਅਤ ਹੈ। ਉਧਰ ਖਬਰ ਹੈ ਕਿ ਭਾਰਤੀ ਰਿਜਰਵ ਬੈਂਕ ਨੇ ਸਰਕਾਰੀ ਬੈਂਕਾਂ ਤੋ ਅਡਾਨੀ ਗਰੁੱਪ ਨੂੰ ਕਰਜਿਆਂ ਉਪਰ ਜਾਮਨੀਆਂ ਦੀ ਰਿਪੋਰਟ ਮੰਗ ਲਈ ਹੈ। ਇਸੇ ਦੌਰਾਨ ਭਾਰਤੀ ਸੰਸਦ ਵਿਚ ਵਿਰੋਧੀ ਧਿਰਾਂ ਨੇ ਹਿੰਡਨਬਰਗ ਰਿਪੋਰਟ ਤੇ ਹੰਗਾਮਾ ਕਰਦਿਆਂ ਸਰਕਾਰ ਤੋ ਮੰਗ ਕੀਤੀ ਹੈ ਕਿ ਇਸਦੀ ਜਾਂਚ ਸਾਂਝੀ ਸੰਸਦੀ ਕਮੇਟੀ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਵਿਰੋਧੀ ਧਿਰਾਂ ਕੋਲ ਅਡਾਨੀ ਗਰੁੱਪ ਦੇ ਬਹਾਨੇ ਹੁਣ ਮੋਦੀ ਸਰਕਾਰ ਨੂੰ ਵੀ ਘੇਰਨ ਦਾ ਇਕ ਵੱਡਾ ਬਹਾਨਾ ਮਿਲ ਗਿਆ ਹੈ। ਅਗਲੇ ਦਿਨਾਂ ਵਿਚ ਅਡਾਨੀ ਗਰੁੱਪ ਦੇ ਮੋਦੀ ਸਰਕਾਰ ਦੀ ਸਾਂਝ ਭਾਰਤੀ ਸਿਆਸਤ ਦਾ ਇਕ ਵੱਡਾ ਮੁੱਦਾ ਬਣ ਸਕਦਾ ਹੈ।

-Photo- Adani Addressing-Thanks to you tube