Headlines

ਸਰੀ ਦੇ ਲੇਖਕਾਂ ਨੇ ਸ਼ਾਇਰ ਦਰਸ਼ਨ ਬੁੱਟਰ ਨੂੰ ਇਪਸਾ ਐਵਾਰਡ ਮਿਲਣ ‘ਤੇ ਦਿੱਤੀਆਂ ਵਧਾਈਆਂ

ਸਰੀ 6 ਫਰਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਸ਼ਰੋਮਣੀ ਪੰਜਾਬੀ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੂੰ ਇਪਸਾ ਵੱਲੋਂ ਸੱਤਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਦਰਸ਼ਨ ਬੁੱਟਰ ਨੂੰ ਮੁਬਾਰਕਬਾਦ ਦਿੱਤੀ ਹੈ।

ਵੱਖ ਵੱਖ ਬਿਆਨਾਂ ਰਾਹੀਂ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫਿਰੋਜ਼, ਹਰਦਮ ਮਾਨ, ਪ੍ਰੀਤ ਮਨਪ੍ਰੀਤ, ਗੁਰਮੀਤ ਸਿੰਘ ਸਿੱਧੂ, ਬਲਦੇਵ ਸੀਹਰਾ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਹੈ ਕਿ ਆਸਟਰੇਲੀਆ ਦੀ ਸੰਸਥਾ ਇਪਸਾ ਵੱਲੋਂ ਇਸ ਐਵਾਰਡ ਲਈ ਦਰਸ਼ਨ ਬੁੱਟਰ ਦੀ ਚੋਣ ਕਰਨਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਨਾਮਵਰ ਸ਼ਾਇਰ ਜਸਵਿੰਦਰ ਨੇ ਦਰਸ਼ਨ ਬੁੱਟਰ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਦਰਸ਼ਨ ਬੁੱਟਰ ਆਧੁਨਿਕ ਪੰਜਾਬੀ ਕਵਿਤਾ ਦਾ ਮਾਣਮੱਤਾ ਸ਼ਾਇਰ ਹੈ। ਉਹ ਕਾਵਿ ਰਚਨਾ ਦੇ ਨਾਲ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਨਾਭਾ ਕਵਿਤਾ ਉਤਸਵ ਦੇ ਸ਼ਾਨਦਾਰ ਅਤੇ ਸਫਲ ਸਮਾਗਮਾਂ ਰਾਹੀਂ ਅਨੇਕਾਂ ਕਵੀਆਂ ਦੀ ਕਾਵਿ-ਉਡਾਰੀ ਨੂੰ ਨਵੇਂ ਅੰਬਰ ਪ੍ਰਦਾਨ ਕਰਵਾਉਣ ਦਾ ਵਰਨਣਯੋਗ ਸਾਹਿਤਕ ਕਾਰਜ ਕਰਦਾ ਆ ਰਿਹਾ ਹੈ। ਸਾਹਿਤ ਅਕਾਦਮੀ ਐਵਾਰਡ ਅਤੇ ਸ਼ਰੋਮਣੀ ਪੰਜਾਬੀ ਕਵੀ ਹੋਣ ਦਾ ਉਸ ਨੂੰ ਮਾਣ ਹਾਸਲ ਹੈ ਅਤੇ ਇਪਸਾ ਦੇ ਐਵਾਰਡ ਨਾਲ ਉਸ ਦੇ ਸਾਹਿਤਕ ਕਾਰਜ ਦੀ ਮਾਨਤਾ ਵਿਚ ਹੋਰ ਵਾਧਾ ਹੋਇਆ ਹੈ।

ਵੈਨਕੂਵਰ ਵਿਚਾਰ ਮੰਚ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਕਾਮਰੇਡ ਨਵਰੂਪ ਸਿੰਘ, ਸ਼ਤੀਸ਼ ਗੁਲਾਟੀ, ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ, ਜਸਕਰਨ ਸਿੰਘ ਨੇ ਵੀ ਸ਼ਰੋਮਣੀ ਪੰਜਾਬੀ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੂੰ ਇਪਸਾ ਵੱਲੋਂ ਪ੍ਰਮਿੰਦਰਜੀਤ ਯਾਦਗਾਰੀ ਐਵਾਰਡ ਮਿਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਦਰਸ਼ਨ ਬੁੱਟਰ ਨੂੰ ਵਧਾਈ ਦਿੱਤੀ ਹੈ।