Headlines

ਜਦੋਂ ਧਾਰਮਿਕ ਕਮੇਟੀ ਦੀ ਚੋਣ ਸੁਰੱਖਿਆ ਗਾਰਡਾਂ ਦੀ ਨਿਗਰਾਨੀ ਹੇਠ ਹੋਈ…

ਐਬਟਸਫੋਰਡ (ਦੇ ਪ੍ਰ ਬਿ)- ਬੀਤੇ ਦਿਨ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਚ ਇਕ ਸਹਾਇਕ ਧਾਰਮਿਕ ਕਮੇਟੀ ਦੀ ਚੋਣ ਸੁਰੱਖਿਆ ਗਾਰਡ ਤਾਇਨਾਤ ਕਰਕੇ ਮੁਕੰਮਲ ਕਰਵਾਈ ਗਈ। ਪ੍ਰਬੰਧਕਾਂ ਵੱਲੋ ਮੁੱਖ ਦਰਬਾਰ ਹਾਲ ਵਿਚ ਕਰਵਾਈ ਗਈ ਇਸ ਚੋਣ ਦੌਰਾਨ ਜਿਥੇ ਸੁਰੱਖਿਆ ਗਾਰਡ ਹਾਜ਼ਰੀਨ ਮੈਂਬਰਾਂ ਵਿਚਾਲੇ ਤਕਰਾਰਬਾਜ਼ੀ ਦੌਰਾਨ ਉਹਨਾਂ ਨੂੰ ਸ਼ਾਂਤ ਕਰਦੇ ਨਜ਼ਰ ਆਏ , ਉਥੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੁੰ ਮੱਥਾ ਟੇਕਣ ਲਈ ਦਰਬਾਰ ਹਾਲ ਦੇ ਸਾਹਮਣੇ ਵਾਲੇ ਛੋਟੇ ਕਮਰੇ ਵਿਚ ਜਾਣ ਲਈ ਕਿਹਾ ਗਿਆ। ਮੁੱਖ ਗੇਟ ਨੂੰ ਬੰਦ ਕਰਕੇ ਉਸਦੇ ਬਾਹਰ ਤਾਇਨਾਤ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਵਲੋ ਸ਼ਰਧਾਲੂਆਂ ਨੂੰ ਅੰਦਰ ਜਾਣ ਤੋ ਰੋਕਿਆ ਜਾ ਰਿਹਾ ਸੀ।

ਮੁੱਖ ਦਰਵਾਜ਼ੇ ਦੇ ਸ਼ੀਸ਼ੇ ਰਾਹੀ ਅੰਦਰ ਵੇਖਿਆ ਜਾ ਸਕਦਾ ਸੀ ਕਿ ਮੈਂਬਰਾਂ ਵਿਚਾਲੇ ਕਿਤਨੀ ਗਰਮਾ ਗਰਮੀ ਹੈ ਤੇ ਸੁਰੱਖਿਆ ਗਾਰਡ ਉਹਨਾਂ ਨੂੰ ਹੱਥੋਪਾਈ ਦੀ ਨੌਬਤ ਤੱਕ ਨਾ ਜਾਣ ਲਈ ਕਿਵੇ ਕੋਸ਼ਿਸ਼ਾਂ ਕਰ ਰਹੇ ਸਨ।

ਪਾਠਕਾਂ ਲਈ ਇਹ ਕੋਈ ਖਬਰ ਨਹੀ ਪਰ ਵਿਚਾਰਨ ਵਾਲੀ ਗੱਲ ਜ਼ਰੁਰ ਹੈ ਕਿ ਵਿਦੇਸ਼ਾਂ ਵਿਚ ਗੁਰੂ ਘਰਾਂ ਦੀਆਂ ਪ੍ਰਬੰਧਕੀ ਕਮੇਟੀਆਂ ਉਪਰ ਕਬਜ਼ੇ ਲਈ ਅਦਾਲਤਾਂ ਦਾ ਸਹਾਰਾ, ਪੱਗੋਹੱਥੀ ਹੋਣ ਤੇ ਤਲਵਾਰਾਂ ਚੱਲਣ ਦੀਆਂ ਖਬਰਾਂ ਤਾਂ ਨਿੱਤ ਹਨ ਪਰ  ਕਿਸੇ ਧਾਰਮਿਕ ਕਮੇਟੀ ਦੀ ਚੋਣ ਲਈ ਵੀ ਸੁਰੱਖਿਆ ਏਜੰਸੀ ਦਾ ਸਹਾਰਾ ਲੈਣ  ਵਾਲੇ ਜਥੇਦਾਰ ਕਿਸ ਸਿੱਖੀ ਦੀ ਸੇਵਾ ਨਿਭਾਅ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੀ ਚੋਣ ਦੌਰਾਨ ਦੋ ਗੁਰੂ ਘਰਾਂ ਦੀਆਂ ਕਮੇਟੀਆਂ ਵਿਚ ਅਹੁਦੇਦਾਰ ਬਣਨ ਦੀ ਲਾਲਸਾ ਵਿਖਾਉਣ ਕਾਰਣ ਗਰਮਾ ਗਰਮੀ ਵਾਲਾ ਮਾਹੌਲ ਪੈਦਾ ਹੋ ਗਿਆ। ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਪ੍ਰਬੰਧਕਾਂ ਨੂੰ ਸੁਰੱਖਿਆ ਏਜੰਸੀ ਦੀਆਂ ਸੇਵਾਵਾਂ ਲੈਣ ਲਈ ਮਜ਼ਬੂਰ ਹੋਣਾ ਪਿਆ।