Headlines

ਪਿਕਸ ਵਲੋਂ ਵੈਨਕੂਵਰ ਵਿਚ ਵਿਸ਼ਾਲ ਜੌਬ ਮੇਲਾ ਆਯੋਜਿਤ

ਹਜ਼ਾਰਾਂ ਬੇਰੁਜਗਾਰ ਨੌਜਵਾਨਾਂ ਨੇ ਲਾਭ ਲਿਆ-

ਵੈਨਕੂਵਰ ( ਦੇ ਪ੍ਰ ਬਿ)–ਬੀਤੇ ਸੋਮਵਾਰ ਨੂੰ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼  ਸੋਸਾਇਟੀ (ਪਿਕਸ) ਵਲੋਂ ਵੈਨਕੂਵਰ ਵਿੱਚ ਸਲਾਨਾ ਮੈਗਾ ਜੌਬ ਮੇਲਾ ਲਗਾਇਆ ਗਿਆ ਜਿਸ ਦੌਰਾਨ ਕਈ ਵਿਭਿੰਨ ਉਦਯੋਗਾਂ ਵਿੱਚ ਨੌਕਰੀ ਲੱਭਣ ਵਾਲਿਆਂ ਲਈ  ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਗਏ । ਪਿਕਸ ਮੈਗਾ ਜੌਬ ਫੇਅਰ ਸੰਸਥਾ ਦਾ ਇੱਕ ਪ੍ਰਮੁੱਖ ਈਵੈਂਟ ਹੈ ਜੋ ਨੌਕਰੀ ਲੱਭਣ ਵਾਲਿਆਂ ਨੂੰ ਰੁਜ਼ਗਾਰਦਾਤਾਵਾਂ ਵਿਚਾਲੇ ਸਿੱਧੀ ਮੁਲਾਕਾਤ ਦੇ ਆਧਾਰ ‘ਤੇ ਮਿਲਣ ਦਾ ਮੌਕਾ ਦਿੰਦਾ ਹੈ।

ਇਸ ਸਾਲ ਇਹ ਜੌਬ ਮੇਲਾ ਵੈਨਕੂਵਰ ਦੇ ਇਟਾਲੀਅਨ ਕਲਚਰਲ ਸੈਂਟਰ ਵਿਖੇ ਹੋਇਆ ਜਿੱਥੇ 5000 ਤੋਂ ਵੱਧ ਨੌਕਰੀ ਭਾਲਣ ਵਾਲੇ ਨੌਕਰੀ ਦੀ ਮਾਰਕੀਟ ਵਿੱਚ ਉਪਲਬਧ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ ਜਾਣਨ ਲਈ ਪੁੱਜੇ । ਇਸ ਇਵੈਂਟ ਦੌਰਾਨ ਵੱਖ-ਵੱਖ ਉਦਯੋਗਾਂ ਅਤੇ ਖੇਤਰਾਂ ਦੇ 80 ਤੋਂ ਵੱਧ ਰੁਜ਼ਗਾਰਦਾਤਾ ਸ਼ਾਮਿਲ ਹੋਏ।

ਬਰਨਬੀ ਬੋਰਡ ਆਫ ਟਰੇਡ, ਪ੍ਰੈਜ਼ੀਡੈਂਟ ਅਤੇ ਸੀਈਓ, ਪਾਲ ਹੋਲਡਨ ਨੇ ਜੌਬ ਫੇਅਰ ਦੀ ਸਫਲਤਾ ਲਈ ਪਿਕਸ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ ਨੇ ਇਕੱਠ ਨੂੁੰ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਅਸੀ ਇਹ ਪ੍ਰੋਗਰਾਮ ਸਾਲ 2005 ਤੋ ਕਰਦੇ ਆ ਰਹੇ ਹਾਂ। ਇਸਦਾ ਉਦੇਸ਼ ਨੌਕਰੀ ਲੱਭਣ ਵਾਲਿਆਂ ਅਤੇ ਰੋਜ਼ਗਾਰਦਾਤਾਿਆਂ ਨੂੰ  ਇੱਕ ਦਿਨ ਵਿੱਚ ਇੱਕ ਛੱਤ ਹੇਠ ਲਿਆਉਣਾ ਹੈ ਤਾਂ ਜੋ ਉਹ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਣ ਅਤੇ ਬਿਹਤਰ ਕਰੀਅਰ ਦੇ ਮੌਕਿਆਂ ਦੀ ਖੋਜ ਕਰ ਸਕਣ। ਉਹਨਾਂ ਦੱਸਿਆ ਕਿ ਅਗਲਾ ਮੈਗਾ ਜੌਬ ਫੇਅਰ ਸਰੀ ਵਿੱਚ 27 ਜੁਲਾਈ ਨੂੰ ਉੱਤਰੀ ਸਰੀ ਆਈਸ ਕੰਪਲੈਕਸ ਵਿਖੇ ਆਯੋਜਿਤ ਕੀਤਾ ਜਾਵੇਗਾ।