Headlines

ਨਾਮਵਰ ਪੰਜਾਬੀ ਸ਼ਾਇਰ ਹਰੀ ਸਿੰਘ ਮੋਹੀ ਦਾ ਵਿਛੋੜਾ ਦੁਖਦਾਈ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ-

ਲੁਧਿਆਣਾਃ -ਪ੍ਰਸਿੱਧ ਪੰਜਾਬੀ  ਕਵੀ ਕੋਟਕਪੂਰਾ ਨਿਵਾਸੀ ਪ੍ਰਿੰਸੀਪਲ ਹਰੀ ਸਿੰਘ ਮੋਹੀ ਦੇ ਦੁਖਦਾਈ ਵਿਛੋੜੇ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਮੋਹੀ ਜੀ ਮਹਿਕਦੇ ਸੁਰਵੰਤੇ ਕਵੀ ਸਨ। ਕੋਟਕਪੂਰਾ ਤੇ ਫਰੀਦਕੋਟ ਇਲਾਕੇ ਵਿੱਚ ਉਨ੍ਹਾਂ ਕਈ ਨੌਜਵਾਨਾਂ ਨੂੰ ਸਾਹਿੱਤਕ ਚੇਟਕ ਲਾਈ।
ਪਹਿਲੀ ਵਾਰ ਲਗਪਗ 25 ਸਾਲ ਪਹਿਲਾਂ ਸਤੀਸ਼ ਗੁਲਾਟੀ ਤੇ ਸਵਰਨਜੀਤ ਸਵੀ ਦੇ ਬੁਲਾਵੇ ਤੇ ਉਹ ਲੁਧਿਆਣੇ  ਆਏ ਤੇ ਡੂੰਘੀ ਰਾਤ ਤੀਕ ਅਸੀਂ ਉਨ੍ਹਾਂ ਦੇ ਸੁਰੀਲੇ ਬੋਲਾਂ ਤੋਂ ਸਰਸ਼ਾਰ ਹੁੰਦੇ ਰਹੇ। ਉਸ ਪਹਿਲੀ ਸੰਗਤ ਵਿੱਚ ਹੀ ਉਹ ਆਪਣੇ ਆਪਣੇ ਜਾਪਣ ਲੱਗੇ। ਸੱਚਮੁੱਚ ਉਨ੍ਹਾਂ ਦਾ ਵਿਛੋੜਾ ਦਰਦ ਦੇ ਗਿਆ ਹੈ। ਉਹ ਪੰਜਾਬੀ ਸਾਹਿੱਤ ਅਕਾਡਮੀ ਦੇ ਵੀ ਜੀਵਨ ਮੈਂਬਰ ਸਨ।
ਕੋਟਕਪੂਰਾ ਤੋਂ ਉਨ੍ਹਾਂ ਦੇ ਨਿਕਟਵਰਤੀ ਸ਼੍ਰੀ ਪਵਨ ਗੁਲਾਟੀ ਪੀ ਸੀ ਐੱਸ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ  ਏਮਜ਼ ਹਸਪਤਾਲ ਬਠਿੰਡਾ ਵਿਚ ਇਲਾਜ ਅਧੀਨ ਸਨ।
ਸੇਵਾਮੁਕਤ ਪ੍ਰਿੰਸੀਪਲ ਤੇ ਨਾਮਵਰ ਪੰਜਾਬੀ ਸ਼ਾਇਰ ਹਰੀ ਸਿੰਘ ਮੋਹੀ  ਦੀ ਉਮਰ ਇਸ ਵੇਲੇ 77 ਸਾਲ ਸੀ । ਪੰਜਾਬੀ ਲੇਖਕ ਖ਼ੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਉਹ ਅੰਗਰੇਜ਼ੀ ਦੇ ਪ੍ਰਬੁੱਧ ਅਧਿਆਪਕ, ਪੰਜ ਕਾਵਿ ਪੁਸਤਕਾਂ -ਸਹਿਮੇ ਬਿਰਖ਼ ਉਦਾਸੇ ਰੰਗ,ਮੁਖ਼ਾਲਿਫ਼ ਹਵਾ, ਰੂਹ ਦਾ ਰਕਸ, ਬਾਜ਼ੀ ਤੇ ਮਣਕੇ ਦੇ ਲੇਖਕ ਤੇ ਪਾਸ਼ ਦੀ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਲਈ ਚਰਚਿਤ ਹਰੀ ਸਿੰਘ ਮੋਹੀ ਕੋਟਕਪੂਰਾ ਦੀਆਂ ਸੰਗੀਤ ਤੇ ਸਾਹਿਤਕ ਮਹਿਫ਼ਲਾਂ ਦੇ ਸ਼ਿੰਗਾਰ ਸਨ।