Headlines

ਸਰ੍ਹੀ ਵਿੱਚ ਹੁਣ ਸਾਬਕਾ ਸੈਨਿਕਾਂ ਲਈ ਕਿਫ਼ਾਇਤੀ ਘਰ ਉਪਲਬਧ

ਸਰ੍ਹੀ –ਸਾਬਕਾ ਸੈਨਿਕਾਂ, ਫਸਟ ਰਿਸਪੌਂਡਰਜ਼, ਫੌਜ ਦੇ ਮੈਂਬਰਾਂ, ਪਰਿਵਾਰਾਂ ਅਤੇ ਵਿਅਕਤੀਆਂ ਲਈ ਹੁਣ ਸਰ੍ਹੀ ਵਿੱਚ ਲਗਭਗ 100 ਨਵੇਂ ਕਿਰਾਏ ਦੇ ਕਿਫ਼ਾਇਤੀ ਘਰ ਉਪਲਬਧ ਹਨ।

“ਡਾਊਨਟਾਊਨ ਸਰ੍ਹੀ ਦੇ ਇਲਾਕੇ ਵਿੱਚ ‘ਦ ਲੀਜਨ ਵੈਟਰਨਜ਼ ਵਿਲੇਜ’ ਇੱਕ ਲੋੜੀਂਦੀ ਥਾਂ ਹੈ,” ਸਰ੍ਹੀ-ਵ੍ਹਾਲੀ ਦੇ ਐਮ.ਐਲ.ਏ. ਬਰੂਸ ਰੌਲਸਟਨ ਨੇ ਕਿਹਾ। “ਸਾਡੀ ਸਰਕਾਰ ਨੂੰ ਸਾਡੇ ‘ਕਮਿਊਨਿਟੀ ਹਾਊਸਿੰਗ ਫੰਡ’ ਰਾਹੀਂ ਲਗਭਗ $12 ਮਿਲੀਅਨ ਦਾ ਯੋਗਦਾਨ ਪਾਉਣ ‘ਤੇ ਮਾਣ ਹੈ, ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਉਹ ਲੋਕ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਕੀਤੀ ਹੈ, ਉਹ ਕਿਫ਼ਾਇਤੀ ਢੰਗ ਨਾਲ, ਨਵੀਆਂ, ਨਵੀਨਤਾਕਾਰੀ ਸਿਹਤ ਸੰਭਾਲ ਸੇਵਾਵਾਂ ਦੇ ਨੇੜੇ ਰਹਿ ਸਕਣ ਅਤੇ ਆਪਣੀ ਜੀਵਨ ਸ਼ੈਲੀ ਨੂੰ ਬੇਹਤਰ ਬਣਾ ਸਕਣ।”

‘10626 ਸਿਟੀ ਪਾਰਕਵੇਅ’ ‘ਤੇ ਸਥਿਤ, ਲੀਜਨ ਵੈਟਰਨਜ਼ ਵਿਲੇਜ ਟਾਵਰ ਇੱਕ 20 ਮੰਜ਼ਿਲਾ ਇਮਾਰਤ ਹੈ, ਜਿਸ ਵਿੱਚ ਸੂਬਾਈ ਤੌਰ ‘ਤੇ ਫੰਡ ਕੀਤੇ ਗਏ 91 ਘਰ ਹਨ, ਜਿਨ੍ਹਾਂ ਨੂੰ ਕਨੇਡੀਅਨ ਵੈਟਰਨਜ਼, ਫਰਸਟ ਰਿਸਪੌਂਡਰਜ਼, ਅਤੇ ਲੀਜਨ ਮੈਂਬਰਾਂ ਲਈ ਤਰਜੀਹ ਦਿੱਤੀ ਜਾਂਦੀ ਹੈ। ਇਹਨਾਂ ਯੂਨਿਟਾਂ ਵਿੱਚ ਸਟੂਡੀਓ, ਇੱਕ, ਅਤੇ ਦੋ ਬੈੱਡਰੂਮ ਵਾਲੇ ਸਵੀਟ ਸ਼ਾਮਲ ਹਨ ਅਤੇ ਇਹ ਇਮਾਰਤ ਦੀ ਦੂਜੀ ਤੋਂ ਲੈਕੇ ਸੱਤ ਮੰਜ਼ਿਲ ‘ਤੇ ਸਥਿਤ ਹਨ।

“ਹੁਣ ਜਦੋਂ ਇਸ ਪ੍ਰੋਜੈਕਟ ਦੇ ਦਰਵਾਜ਼ੇ ਖੁੱਲ੍ਹ ਗਏ ਹਨ, ਮੌਜੂਦਾ ਅਤੇ ਰਿਟਾਇਰਡ ਕਨੇਡੀਅਨ ਫੋਰਸਿਜ਼ ਦੇ ਮੈਂਬਰਾਂ ਅਤੇ ਫਰਸਟ ਰਿਸਪੌਂਡਰਜ਼ ਨੂੰ ਕਿਫ਼ਾਇਤੀ ਰਿਹਾਇਸ਼ ਦੀ ਭਾਲ ਵਿੱਚ ਆਪਣੀ ਉਹ ਕਮਿਊਨਟੀ ਛੱਡਣੀ ਨਹੀਂ ਪਏਗੀ ਜਿਸ ਨੂੰ ਉਹ ਜਾਣਦੇ ਹਨ ਅਤੇ ਪਿਆਰ ਕਰਦੇ ਹਨ,” ਹਾਊਸਿੰਗ ਮੰਤਰੀ ਰਵੀ ਕਾਹਲੋਂ ਨੇ ਕਿਹਾ। “ਇਸ ਤਰ੍ਹਾਂ ਦੇ ਪ੍ਰੋਜੈਕਟ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਸਾਡੇ ਸਾਬਕਾ ਸੈਨਿਕਾਂ ਨੂੰ ਸਨਮਾਨ ਨਾਲ ਰਿਟਾਇਰ ਹੋਣ ਲਈ ਲੋੜੀਂਦਾ ਸਹਿਯੋਗ ਮਿਲੇ। ਸਾਡੀ ਸਰਕਾਰ ਸੂਬੇ ਵਿੱਚ ਰਿਹਾਇਸ਼ਾਂ ਦੀ ਸਪਲਾਈ ਵਿੱਚ ਵਾਧਾ ਕਰਨ ਲਈ ਲੀਜਨ ਵਰਗੇ ਬਹੁਮੁੱਲੇ ਭਾਈਵਾਲਾਂ ਨਾਲ ਮਿਲਕੇ ਕੰਮ ਕਰਨਾ ਜਾਰੀ ਰੱਖੇਗੀ।”

VRS ਕਮਿਊਨਿਟੀ ਸਰਵਿਸਿਜ਼ (VRS) ਨਵੇਂ ਘਰਾਂ ਦੇ ਮਾਲਕ ਹੋਣਗੇ ਅਤੇ ਇਸ ਦੀ ਦੇਖ-ਰੇਖ ਕਰਨਗੇ। ਦਸ ਯੂਨਿਟ ਵਿਸ਼ੇਸ਼ ਤੌਰ ‘ਤੇ VRS ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਹੁੰਚਯੋਗਤਾ (accessibility) ਦੀ ਸੁਵਿਧਾ ਲਈ ਤਿਆਰ ਕੀਤੇ ਗਏ ਹਨ, ਜਿਸ ਵਿੱਚ ਵ੍ਹੀਲਚੇਅਰ ਦੀ ਪਹੁੰਚਯੋਗਤਾ ਵਾਲੀਆਂ ਰਸੋਈਆਂ ਅਤੇ ਬਾਥਰੂਮ ਸ਼ਾਮਲ ਹਨ। ਇਸ ਤੋਂ ਇਲਾਵਾ, ਇਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ VRS, ਹਰ ਤਰ੍ਹਾਂ ਦੀਆਂ ਸੁਵਿਧਾਵਾਂ ਤੱਕ ਪਹੁੰਚ ਕਰਨ ਅਤੇ ਕਮਿਊਨਿਟੀ ਦਾ ਹਿੱਸਾ ਬਨਣ ਲਈ ਮੇਲ-ਜੋਲ ਕਰਨ ਵਿੱਚ ਸਹਿਯੋਗ ਦੇਣ ਲਈ ਸਹਾਇਤਾ ਸੇਵਾਵਾਂ ਪ੍ਰਦਾਨ ਕਰੇਗੀ।

ਇਹ ਨਵੀਂ ਹਾਊਸਿੰਗ, ਲੀਜਨ ਵੈਟਰਨਜ਼ ਵਿਲੇਜ ਦਾ ਇੱਕ ਹਿੱਸਾ ਹੈ, ਅਤੇ ਰੌਇਲ ਕਨੇਡੀਅਨ ਲੀਜਨ ਦੇ ਬੀ.ਸੀ./ਯੂਕੌਨ ਕਮਾਂਡ ਦੀ ਅਗਵਾਈ ਹੇਠ, ‘ਵ੍ਹਾਲੀ ਲੀਜਨ ਬ੍ਰਾਂਚ 229’, ਬੀ.ਸੀ. ਸੂਬੇ ਅਤੇ ਲਾਰਕ ਗਰੁੱਪ ਦੀ ਸਾਂਝੇਦਾਰੀ ਵਿੱਚ, ਇੱਕ ਬਹੁ-ਉਦੇਸ਼ੀ ਸਮਾਜਕ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਹੈ। ਨਵੇਂ ਘਰਾਂ ਤੋਂ ਇਲਾਵਾ, ਇਸ ਦੇ ਵਿਕਾਸ ਵਿੱਚ ਨਵਾਂ ‘ਸੈਂਟਰ ਔਫ ਕਲੀਨਿਕਲ ਐਕਸਿਲੈਂਸ’ ਸ਼ਾਮਲ ਹੈ, ਜੋ ਸਾਬਕਾ ਸੈਨਿਕਾਂ (ਵੈਟਰਨਜ਼) ਅਤੇ ਫਰਸਟ ਰਿਸਪੌਂਡਰਜ਼ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਇਹ ਕਲਿਨਿਕ, ਹੈਲਥ ਅਤੇ ਵੈੱਲਨੈਸ ਦੇ ਪ੍ਰੋਗਰਾਮਾਂ, ਰਿਹੈਬਿਲੀਟੇਸ਼ਨ ਸੇਵਾਵਾਂ, ਅਤੇ ਪੋਸਟ-ਟਰੌਮੈਟਿਕ ਸਟ੍ਰੈਸ ਅਤੇ ਮਾਨਸਿਕ ਸਿਹਤ ਲਈ ਕਾਊਂਸਲਿੰਗ ਦੀਆਂ ਏਕੀਕ੍ਰਿਤ ਸਹੂਲਤਾਂ ਦੇਵੇਗਾ।

ਸਾਈਟ ‘ਤੇ ਇੱਕ ਨਵੀਂ ਅਤਿ-ਆਧੁਨਿਕ ‘ਵ੍ਹਾਲੀ ਲੀਜਨ ਬ੍ਰਾਂਚ 229’ ਵੀ ਹੈ, ਜਿਸ ਵਿੱਚ ਇੱਕ ਰੈਸਟੋਰੈਂਟ ਅਤੇ ਬਾਰ, ਫੁੱਲ-ਸਰਵਿਸ ਇੰਡਸਟ੍ਰੀਅਲ ਰਸੋਈ, ਕੈਡੇਟ ਅਸੈਂਬਲੀ ਹਾਲ, ਬੈਂਕੁਏਟ ਰੂਮ, ਲਾਊਂਜ, ਅਤੇ ਅੰਡਰਗ੍ਰਾਊਂਡ ਪਾਰਕਿੰਗ ਵੀ ਮੌਜੂਦ ਹਨ।

ਸੂਬੇ ਨੇ, ਵੈਟਰਨਜ਼ ਹਾਊਸਿੰਗ ਲਈ ਫੰਡ ਦੇਣ ਲਈ, ਬੀ ਸੀ ਹਾਊਸਿੰਗ ਦੇ ਜ਼ਰੀਏ ‘ਕਮਿਊਨਿਟੀ ਹਾਊਸਿੰਗ ਫੰਡ’ ਰਾਹੀਂ ਲਗਭਗ $12 ਮਿਲੀਅਨ ਦਾ ਨਿਵੇਸ਼ ਕੀਤਾ ਹੈ।

ਇਹ ਪ੍ਰੋਜੈਕਟ ਬੀ.ਸੀ. ਦੀ 10-ਸਾਲਾ, $7-ਬਿਲੀਅਨ ਹਾਊਸਿੰਗ ਯੋਜਨਾ ਦਾ ਹਿੱਸਾ ਹੈ। 2017 ਤੋਂ, ਸੂਬੇ ਨੇ ਬੀ.ਸੀ. ਦੇ ਲੋਕਾਂ ਲਈ 36,000 ਤੋਂ ਵੱਧ ਨਵੇਂ ਕਿਫ਼ਾਇਤੀ ਘਰਾਂ ਲਈ ਫੰਡ ਦਿੱਤੇ ਹਨ, ਜੋ ਬਣਕੇ ਮੁਕੰਮਲ ਹੋ ਚੁੱਕੇ ਹਨ ਜਾਂ ਬਣ ਰਹੇ ਹਨ, ਅਤੇ ਜਿਸ ਵਿੱਚ ਸਰ੍ਹੀ ਦੇ 1,800 ਤੋਂ ਵੀ ਵੱਧ ਘਰ ਸ਼ਾਮਲ ਹਨ।