Headlines

ਗੁਰਬਖਸ਼ ਸੈਣੀ ਲਿਬਰਲ ਨੌਮੀਨੇਸ਼ਨ ਲੈਣ ਦੇ ਚਾਹਵਾਨ

ਸਰੀ ( ਦੇ ਪ੍ਰ ਬਿ)- ਕੈਨੇਡਾ ਫੈਡਰਲ ਚੋਣਾਂ ਭਾਵੇਂਕਿ 20 ਅਕਤੂਬਰ 2025 ਨੂੰ ਹੋਣੀਆਂ ਨਿਸ਼ਚਿਤ ਹਨ ਪਰ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸਮਰਥਨ ਦੇ ਰਹੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਵਲੋ ਲਗਾਤਾਰ ਚੇਤਾਵਨੀਆਂ ਦਿੱਤੇ ਜਾਣ ਕਾਰਣ ਚੋਣਾਂ ਸਮੇਂ ਤੋ ਪਹਿਲਾਂ ਵੀ ਹੋਣ ਦੀਆਂ ਕਿਆਸਰਾਈਆਂ ਹਨ। ਇਸ ਦੌਰਾਨ ਫੈਡਰਲ ਪਾਰਟੀਆਂ ਵਲੋ ਆਪਣੇ ਉਮੀਦਵਾਰਾਂ ਲਈ ਨੌਮੀਨੇਸ਼ਨ ਚੋਣਾਂ ਵੀ ਮੁਕੰਮਲ ਕਰਵਾਈਆਂ ਜਾ ਰਹੀਆਂ ਹਨ।

ਆਗਾਮੀ ਚੋਣਾਂ ਲਈ ਕਈ ਸੰਭਾਵੀ ਉਮੀਦਵਾਰ ਪਾਰਟੀ ਨੌਮੀਨੇਸ਼ਨ ਲਈ ਕੋਸ਼ਿਸ਼ਾਂ ਕਰਦੇ ਦਿਖਾਈ ਦੇ ਰਹੇ ਹਨ। ਇਹਨਾਂ ਸੰਭਾਵੀ ਉਮੀਦਵਾਰਾਂ ਵਿਚ ਫਲੀਟਵੁੱਡ-ਪੋਰਟ ਕੈਲਸ ਹਲਕੇ ਤੋ ਲਿਬਰਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਬਖਸ਼ ਸਿੰਘ ਸੈਣੀ ਕਾਫੀ ਸਰਗਰਮ ਹਨ। ਭਰੋਸੇਯੋਗ ਸੂਤਰਾਂ ਮੁਤਾਬਿਕ ਇਹ ਹਲਕੇ ਤੋ ਮੌਜੂਦਾ ਲਿਬਰਲ ਐਮ ਪੀ ਕੈਨ ਹਾਰਡੀ ਆਗਾਮੀ ਚੋਣਾਂ ਨਾ ਲੜਨ ਦਾ ਮਨ ਬਣਾ ਰਹੇ ਹਨ। ਅਜਿਹੇ ਵਿਚ ਇਸ ਹਲਕੇ ਤੋ ਲਿਬਰਲ ਪਾਰਟੀ ਦੇ ਸੀਨੀਅਰ ਕਾਰਕੁੰਨ ਗੁਰਬਖਸ਼ ਸੈਣੀ ਪਾਰਟੀ ਉਮੀਦਵਾਰ ਬਣਨ ਦੇ ਚਾਹਵਾਨ ਹਨ।

ਜ਼ਿਕਰਯੋਗ ਹੈ ਕਿ ਗੁਰਬਖਸ਼ ਸੈਣੀ ਜੋ ਕਿ ਵਿਲੀਅਮ ਲੇਕ ਸਿਟੀ ਕੌਂਸਲ ਵਿਚ 14 ਸਾਲ ਕੌਂਸਲਰ ਰਹਿਣ ਦੇ ਨਾਲ ਕੈਰੀਬੂ-ਪ੍ਰਿੰਸ ਜੌਰਜ ਤੋ ਲਿਬਰਲ ਉਮੀਦਵਾਰ ਵਜੋ ਚੋਣ ਵੀ ਲੜ ਚੁੱਕੇ ਹਨ, ਪਿਛਲੇ ਲੰਬੇ ਸਮੇ ਤੋ ਸਰੀ ਵਿਚ ਮੂਵ ਹੋਣ ਉਪਰੰਤ  ਇਥੇ ਲਿਬਰਲ ਕਾਰਕੁੰਨ ਵਜੋਂ ਸਰਗਰਮੀ ਨਾਲ ਵਿਚਰਦੇ ਆ ਰਹੇ ਹਨ। ਸੈਣੀ ਗਰੁੱਪ ਆਫ ਕੰਪਨੀਜ਼ ਅਤੇ ਨਾਪਾ ਆਟੋ ਇੰਡਸਟਰੀ ਸਪਲਾਇਰ ਦੇ ਸੀਈਓ ਵਜੋ ਆਪਣਾ ਕਾਰੋਬਾਰ ਕਰਨ ਵਾਲੇ ਗੁਰਬਖਸ਼ ਸੈਣੀ ਬੀ ਸੀ ਲਿਕੁਰ ਅਪੀਲ ਬੋਰਡ, ਬੀ ਸੀ ਕਮਰਸ਼ੀਅਲ ਅਪੀਲ ਕਮਿਸ਼ਨ ਦੇ ਮੈਂਬਰ ਸਮੇਤ ਕਈ ਸਰਕਾਰੀ ਮਾਣ ਸਨਮਾਨ ਹਾਸਲ ਕਰ ਚੁੱਕੇ ਹਨ।