Headlines

ਪ੍ਰੋ. ਸਰਚਾਂਦ ਸਿੰਘ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬਣੇ

ਨਵੀਂ ਦਿੱਲੀ (ਦਿਓਲ)- ਭਾਰਤ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਵੱਖ- ਵੱਖ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਇਕ ਮਹੱਤਵਪੂਰਨ ਨਿਯੁਕਤੀ ਕੀਤੀ ਹੈ।  ਭਾਰਤ ਸਰਕਾਰ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਉੱਘੇ ਸਿੱਖ ਬੁੱਧੀਜੀਵੀ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੂੰ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਦੀ ਯੋਗਤਾ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ। ਉਹ ਆਪਣੇ ਰਾਜ ਵਿੱਚ ਸਬੰਧਿਤ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕਮਿਸ਼ਨ ਨੂੰ ਆਪਣੀਆਂ ਸਲਾਹਾਂ ਦੇਣਗੇ। ਸ: ਲਾਲਪੁਰਾ ਨੇ ਪ੍ਰੋ. ਸਰਚਾਂਦ ਸਿੰਘ ਨੂੰ ਇਸ ਅਹਿਮ ਨਿਯੁਕਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੀ ਵੱਧ ਸੰਜੀਦਗੀ ਨਾਲ ਨਿਭਾਉਣਗੇ।

ਜ਼ਿਕਰਯੋਗ ਹੈ ਕਿ ਪ੍ਰੋ: ਸਰਚਾਂਦ ਸਿੰਘ ਦਾ ਪਿਛੋਕੜ ਜਿੱਥੇ ਸਿੱਖ ਕੌਮ ਦੀ ਅਹਿਮ ਜਥੇਬੰਦੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਉਨ੍ਹਾਂ ਦਾ ਵਿਦਿਆਰਥੀ ਜੀਵਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਵੀ ਜੁੜਿਆ ਰਿਹਾ। ਉਹ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਉਹ ਪ੍ਰਧਾਨ ਮੰਤਰੀ ਮੋਦੀ ਦੀ ਸਿੱਖ ਭਾਈਚਾਰੇ ਪ੍ਰਤੀ ਸੁਹਿਰਦਤਾ ਤੋਂ ਪ੍ਰਭਾਵਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ( ਬਾਦਲ ) ’ਚ ਅਹਿਮ ਸੇਵਾਵਾਂ ਨਿਭਾ ਚੁਕੇ ਹਨ।