Headlines

ਕਵਿਤਾ ਨੇ ਜਿੱਤਿਆ ਪੀ ਟੀ ਸੀ ਵਾਇਸ ਆਫ ਪੰਜਾਬ ਦਾ ਸਰਬੋਤਮ ਐਵਾਰਡ

ਗੁਰਦਾਸਪੁਰ ( ਬਲਵਿੰਦਰ ਬਾਲਮ)-ਬਹਿਰਾਮਪੁਰ, ਜਿਲ੍ਹਾ ਗੁਰਦਾਸਪੁਰ, ਪੰਜਾਬ ਦੀ 19 ਸਾਲਾ ਕਵਿਤਾ ਨੇ ਪੀ.ਟੀ.ਸੀ. ਚੈਨਲ ਪੰਜਾਬ ਦੁਆਰਾ  ਕਰਵਾਏ ਗਏ ਵਾਇਸ ਆਫ਼ ਪੰਜਾਬ ਸੀਜਨ 13 ਦੇ ਮੁਕਾਬਲੇ ਚੋਂ ਸਰਵੋਤਮ ਸਥਾਨ ਹਾਸਿਲ ਕਰਕੇ ਗਾਇਨ ਕਲਾ ਖੇਤਰ ਦੀ ਖ਼ੂਬਸੂਰਤੀ ਤੇ ਸੰਵੇਦਨ ਸ਼ੀਲਤਾ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਉਸ ਨੇ ਇਹ ਸਖ਼ਤ ਮੁਕਾਬਲਾ ਜਿੱਤ ਕੇ ਇਕ ਲੱਖ ਰੁਪਏ ਅਤੇ
ਇਕ ਖ਼ੂਬਸੂਰਤ ਟਰਾਫ਼ੀ ਹਾਸਿਲ ਕੀਤੀ | ਇਸ ਮੁਕਾਬਲੇ ਦੌਰਾਨ ਉਸ ਨੇ ਚਾਰ ਗੋਲਡ ਮੈਡਲ ਵੀ ਜਿੱਤੇ | ਉਸ ਨੇ 2022-23 ਦੇ ਸੈਸ਼ਨ ਦੌਰਾਨ ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲੇ, ਅਮਿ੍ਤਸਰ, ਦੁਆਰਾ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ ਗਰੁੱਪ ਸੋਂਗ, ਗਰੁਪ ਸ਼ਬਦ, ਵਾਰ, ਕਵਿਸਰੀ ਅਤੇ ਨਿੱਜੀ ਗ਼ਜ਼ਲ ਮੁਕਾਬਲੇ ਵਿਚ ਭਾਗ ਲੈ ਕੇ ਪਹਿਲੇ ਸਥਾਨ ਹਾਸਿਲ ਕੀਤੇ | ਉਸ ਨੂੰ ਗਣਤੰਤਰ ਦਿਵਸ ਮੌਕੇ ਤੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਕੈਬਨਿਟ ਮਤਰੀ ਸ. ਹਰਭਜਨ ਸਿੰਘ ਵਲੋਂ ਵਿਸ਼ੇਸ ਸਨਮਾਨ ਪ੍ਰਦਾਨ ਕੀਤਾ ਗਿਆ | ਕਾਲਿਜ ਦੇ ਪਿ੍ੰਸੀਪਲ ਪ੍ਰੋ. ਗੁਰਿੰਦਰ ਸਿੰਘ ਕਲਸੀ ਅਤੇ ਸਟਾਫ਼ ਨੇ ਵਿਸ਼ੇਸ ਸਨਮਾਨ ਦੇ ਕੇ ਆਸ਼ੀਰਵਾਦ ਦਿੱਤਾ | ਇਸ ਹਲਕੇ ਦੀ ਵਰਤਮਾਨ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਨੇ ਉਸ ਨੂੰ ਇੱਕੀ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ | ਪਿੰਡ ਦੇ ਸਰਪੰਚ ਨੇ ਪੰਜ ਹਜ਼ਾਰ, ਸਕੂਲ ਅਧਿਆਪਕਾ ਮੈਡਮ ਰੀਟਾ ਨੇ ਪੰਜ ਹਜ਼ਾਰ ਰੁਪਏ ਅਤੇ ਜਿ਼ਲ੍ਹਾਧੀਸ ਹਿਮਾਸ਼ੂ ਅਗਰਵਾਲ ਨੇ ਵੀ ਸਨਮਾਨਿਤ ਕੀਤਾ |ਪਿੰਡ ਵਾਲਿਆਂ ਵੱਲੋਂ ਉਸ ਦੇ ਜਿੱਤ ਕੇ ਵਾਪਿਸ ਆਉਣ ਦੀ ਖੁਸ਼ੀ ਵਿਚ ਉਸ ਦਾ ਪੂਰੇ-ਪੂਰੇ ਸਤਿਕਾਰ ਨਾਲ ਅਨੇਕਾਂ ਹਾਰ ਪਾ ਕੇ ਮਾਨ- ਸਨਮਾਨ ਕੀਤਾ | ਉਸ ਨੇ ਇਹ ਸਰਵੋਤਮ ਈਨਾਮ ਹਾਸਿਲ ਕਰਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਧੁਨਿਕ ਗਾਇਨ ਕਲਾ ਦੀ ਬੁਲੰਦੀ ਨਾਲ ਜੋੜਿਆ ਹੈ | ਉਸ ਨੇ ਖ਼ਾਸ ਕਰਕੇ ਪਿਛੜੇ ਇਲਾਕੇ ਦੀਆਂ ਮੁਟਿਆਰਾਂ ਵਿਚ ਹੀ ਨਹੀਂ ਅਲਬੱਤਾ ਪੂਰੇ ਪੰਜਾਬੀ ਜਗਤ ਦੀ ਗਾਇਨ ਕਲਾ ਨੂੰ ਬੱਲ, ਊਰਜ਼ਾ, ਸੰਘਰਸ਼, ਸੰਕਲਪ, ਕਰਮਠਤਾ ਅਤੇ ਨਵੇਂ ਕੀਰਤੀਮਾਨ ਨਾਲ ਜੋੜ ਦਿੱਤਾ ਹੈ | ਕਿਉਂਕਿ ਇਕ ਬਿਲਕੁਲ ਪਿਛੜੇ ਇਲਾਕੇ ਦੀ ਗ਼ਰੀਬ ਘਰਾਨੇ ਦੀ ਲੜਕੀ ਨੇ ਇਹ ਖ਼ਿਤਾਬ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਕੋਈ ਵੀ ਕਲਾ ਅਮੀਰੀ, ਗ਼ਰੀਬ, ਰੰਗ ਰੂਪ, ਜਾਤ-ਪਾਤ, ਇਲਾਕਾ ਜਾਂ ਜੱਦੀ ਪੁਸ਼ਤੀ ਗਾਇਕ ਘਰਾਨਿਆਂ ਤਕ ਹੀ ਸੀਮਤ ਨਹੀਂ ਬਲਕਿ ਗਾਇਨ ਕਲਾ ਮਿਹਨਤ, ਸੰਘਰਸ਼ ਰਿਆਜ਼, ਤਪਸਿਆ, ਸਾਧਨਾ, ਮਾਨਵ ਜੀਵਨ ਦੀ ਆਤਮਾ ਅਤੇ ਸਮਰਪਣ ਦੀ ਕਲਾ ਹੈ ਜਿਸ ਨੂੰ ਕਰਮਠਤਾ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਹਾਸਿਲ ਕੀਤਾ ਜਾ ਸਕਦਾ ਹੈ, ਕਿਉਂਕਿ ਗਾਇਨ ਕਲਾ, ਜੀਵਨ ਕਦਰਾਂ ਕੀਮਤਾਂ ਦੀ ਕਿਰਿਆ ਸ਼ੀਲਤਾ ਦਾ ਪ੍ਰਤੀ ਬਿੰਬ ਹੈ ਜੋ ਸਭਿਆਚਾਰ ਨੂੰ , ਜੀਵਨ ਨੂੰ ਦਿਸ਼ਾ ਅਤੇ ਚੇਤਨਤਾ ਪ੍ਰਦਾਨ ਕਰਦੀ ਹੈ | ਜੀਵਨ ਰਾਗਾਤਮਿਕਤਾ ਕਿਸੇ ਦੀ ਮੁਥਾਜ ਨਹੀਂ ਹੈ | ਕਵਿਤਾ ਦੇ ਪਿਤਾ ਸ੍ਰੀ ਰੂਪ ਲਾਲ ਇਟ ਭੱਠੇ 'ਤੇ ਮੁਨਸੀ ਮੁਲਾਜ਼ਿਮ ਹਨ | ਉਸ ਦੀ ਮਾਤਾ ਸ੍ਰੀਮਤੀ ਰਸ਼ਮੀ ਦੇਵੀ ਇਕ ਘਰੇਲੂ
ਮਹਿਲਾ ਹੈ, ਉਸ ਦਾ ਵੱਡਾ ਭਰਾ ਪਵਨ ਕੁਮਾਰ, ਭੈਣ ਮੋਹਨੀ ਅਤੇ ਭੈਣ ਸੋਹਣੀਆਂ ਹਨ | ਸਾਰੇ ਪਰਿਵਾਰ ਦਾ ਉਸ ਨੂੰ ਹਰ ਪੱਖ ਤੋਂ ਪੂਰਾ- ਪੂਰਾ ਸਹਿਯੋਗ ਹੈ|
ਕਵਿਤਾ ਨੇ ਪ੍ਰਾਇਮਰੀ ਮਿਡਲ ਅਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲਾਂ ਚੋਂ ਹੀ ਕੀਤੀ | ਉਸ ਨੇ ਦੱਸਿਆ ਕਿ ਜਦੋਂ ਉਹ ਤਿੰਨ ਸਾਲ ਦੀ ਸੀ ਤਾਂ ਉਸ ਨੂੰ ਗਾਉਣ ਦਾ ਸੌਂਕ ਪੈ ਗਿਆ ਕਿਉਂਕਿ ਉਸ ਦੇ ਦਾਦਾ ਜੀ ਸਵ. ਵੀਰਪਾਨ ਦੀ ਜਗਰਾਤਾ ਗਾਇਨ ਕਰਦੇ ਸਨ ਅਤੇ ਉਨ੍ਹਾਂ ਨੂੰ ਪੰਜਾਬੀ ਗੀਤ ਗਾਉਣ ਦਾ ਵੀ ਸ਼ੌਂਕ ਸੀ | ਉਨ੍ਹਾਂ ਦੀ ਗੋਦੀ ਦਾ ਨਿਘ ਮਾਣਦੇ ਹੋਏ ਕਵਿਤਾ ਨੇ ਗਾਇਨ ਕਲਾ ਦੀ ਗੁੜਤੀ ਅਪਣੇ ਦਾਦਾ ਜੀ ਕੋਲੋਂ ਲਈ | ਉਨ੍ਹਾਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਬਦੌਲਤ ਉਸ ਵਿਚ ਗਾਇਨ ਕਲਾ ਦੀ ਪੂੰਗਰਨ ਫੁੱਟਣੀ ਸ਼ੁਰੂ ਹੋਈ | ਇਸ ਕਰਕੇ ਉਸ ਦੀ ਆਵਾਜ਼ ਵਿਚ ਲਚਕ, ਦਰਦ, ਲਲਕ, ਹੂਕ, ਸੰਘਰਸ਼, ਮਿਹਨਤ, ਲਗਨ, ਸਾਧਨਾ ਜਨੂੰਨ ਅਤੇ ਸੰਵੇਦਨਾ ਭਾਵ ਦੀ –ਖ਼ੁਸ਼ਬੂ ਉਤਪਨ ਹੋਣ ਲੱਗੀ | ਦਾਦਾ ਜੀ ਦੇ ਸਦਕੇ ਹੀ, ਉਸ ਵਿਚ ਸੁਰ ਲੈ ਵਿਧਾਨ ਦੀ ਸਮਝ ਵਧਣ ਲੱਗੀ | ਗਾਇਕ
ਕਲਾ ਦਾ ਬੋਧ ਜਾਗਰਿਤ ਹੋਣ ਲੱਗਾ | ਕਵਿਤਾ ਨੇ ਛੇਵੀਂ ਕਲਾਸ ਵਿਚ ਪਹਿਲੀ ਵਾਰ ਸਾਡਾ ਚਿੜੀਆਂ ਦਾ ਚੰਬਾ ਵੇ ਗਾਇਨ ਕਰਕੇ ਖ਼ੂਬ ਵਾਹ ਵਾਹੀ ਲੁੱਟੀ, ਪੜ੍ਹਾਈ ਦੇ
ਨਾਲ-ਨਾਲ ਉਹ ਸਤਸੰਗ ਅਤੇ ਸ਼ਬਦ ਕੀਰਤਨ ਵੀ ਕਰ ਲੈਂਦੀ ਸੀ | ਅਠਵੀਂ ਕਲਾਸ ਵਿਚ ਪੜ੍ਹਦਿਆਂ ਸਕੂਲ ਦੇ ਅਧਿਆਪਕ ਦਵਿੰਦਰ ਜੀ ਨੇ ਉਨ੍ਹਾਂ ਨੂੰ ਹੋਰ ਉਤਸਾਹਿਤ ਕੀਤਾ | ਉਸਤਾਦ ਅਲ ਮਸਤ ਸੋਨੂੰ
ਜੀ ਤੋਂ ਵੀ ਗਾਇਕ ਕਲਾ ਦੀਆਂ ਬਾਰੀਕੀਆਂ ਸਿਖੀਆਂ, ਉਸਤਾਦ ਪਵਨ ਕੁਮਾਰ, ਸੰਗੀਤਕਾਰ ਪ੍ਰਦੇਸੀ ਅਤੇ ਵਰਤਮਾਨ ਉਸਤਾਦ ਪ੍ਰਸਿੱਧ ਸੰਗੀਤਕਾਰ ਸੰਸਾਰ ਅਲੀ ਜੀ ਨੂੰ ਅਪਣਾ ਗੁਰੂ ਮੰਨਦੇ ਹੋਏ ਗਾਇਕ ਕਲਾ ਦੀਆਂ ਨਿਪੁੰਨ ਕਲਾਵਾਂ ਸਿਖੀਆਂ | ਕਵਿਤਾ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਇਹ ਬਰਾਬਰ ਗਾਇਕ ਕਲਾ ਵਿੱਚ ਮੁਹਾਰਤ ਰਖਦੀ ਹੈ | ਉਸ ਨੇ ਦੱਸਿਆ ਕਿ ਵਾਇਸ ਆਫ਼ ਪੰਜਾਬ ਦੇ ਦੌਰਾਨ ਪ੍ਰਸਿੱਧ ਸੰਗੀਤਕਾਰ ਵਿਵੇਕ ਮਹਾਜਨ ਜੀ ਤੋਂ ਕਈ ਗੁਰ ਸਿੱਖੇ, ਇਸ ਪ੍ਰੋਗਰਾਮ ਦੇ ਡਾਇਰੈਕਟਰ ਉਮੇਸ਼ ਕੋਹਲੀ ਦੀ ਭੂਮਿਕਾ ਸਲਾਹੁਣ ਯੋਗ ਸੀ ਜਦਕਿ ਜੱਜਾਂ ਦੀ ਭੂਮਿਕਾ ਵਿਚ ਪ੍ਰਸਿੱਧ ਹਸਤੀਆਂ ਮਾਸਟਰ ਸਲੀਮ, ਸਚਿਨ ਅਹੂਜਾ, ਜੋਤਿਕਾ ਟਾਂਗਰੀ ਅਤੇ ਕਪਤਾਨ ਲਾਡੀ ਜੀ ਨੇ ਬਹੁਤ ਹੀ ਈਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਖ਼ੂਬਸੂਰਤ ਫੈਸਲੇ ਲਏ | ਇਨ੍ਹਾ ਤੋਂ ਗਾਇਕਾ ਨੇ ਬਹੁਤ ਕੁਝ ਸਿੱਖਿਆ |
ਕਵਿਤਾ ਨੂੰ ਗਾਉਣ ਦੇ ਨਾਲ-ਨਾਲ ਡਾਂਸ ਕਰਨਾ, ਐਕਟਿੰਗ ਕਰਨਾ, ਗਿੱਧਾ ਪਾਉਣਾ, ਬੋਲੀਆਂ ਆਦਿ ਕਲਾਵਾਂ ਦਾ ਵੀ ਸ਼ੌਂਕ ਹੈ | ਉਹ ਫ਼ਿਲਮ ਉਦਯੋਗ ਤਕ ਜਾਣਾ ਚਾਹੁੰਦੀ ਹੈ ਅਤੇ ਪੇਸ਼ੇ ਵਜੋਂ ਇਕ ਅਧਿਆਪਕ ਬਣਨਾ ਚਾਹੁੰਦੀ ਹੈ | ਉਸ ਨੇ ਅਪਣੇ ਗਾਇਨ ਅਭਿਆਸ ਦੌਰਾਨ ਤਿੰਨ ਮਹੀਨਿਆਂ ਵਿਚ 32 ਜਾਗਰਣਾਂ ਵਿਚ ਭਜਨ ਗਾਏ ਮਗਰ ਕੋਈ ਸੇਵਾ ਫਲ ਨਹੀਂ ਲਿਆ |
ਉਸ ਨੇ ਆਖ਼ਿਰ ਵਿਚ ਆਪਣੇ ਸੰਦੇਸ਼ ਵਿਚ ਕਿਹਾ ਕਿ ਲੜਕੀਆਂ ਨੂੰ ਨਿਡਰ, ਨਿਰਪਖ, ਮਿਹਨਤੀ, ਸੰਘਰਸ਼, ਨਿਝੱਕ, ਸੰਵੇਦਨਸ਼ੀਲ ਅਤੇ ਈਮਾਨਦਾਰੀ ਨਾਲ ਅੱਗੇ ਵਧਣਾ ਚਾਹੀਦਾ ਹੈ | ਜਿਸ ਨਾਲ ਮਾਂ, ਬਾਪ, ਦੇਸ਼-ਪ੍ਰਦੇਸ਼ ਦਾ ਨਾਮ ਰੌਸ਼ਨ ਹੋਵੇ | ਸਹੀ ਮਾਰਗ ਦਰਸ਼ਨ, ਸਹੀ ਕਲਾ ਕੌਸ਼ਲ ਅਤੇ ਸੰਗੀਤ ਅਭਿਆਸ ਸਾਧਨਾ ਨੂੰ ਮਿਹਨਤ ਨਾਲ ਤਰਜ਼ੀਹ ਦੇਣੀ ਚਾਹੀਦੀ ਹੈ | ਲੜਕੀਆਂ ਹੀ ਅਸਲੀ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਹਨ | ਕਿਰਿਆ ਸ਼ੀਲਤਾ ਨੂੰ ਪ੍ਰਤੀਬਿੰਬਤ, ਜੀਵਨ ਦਿ੍ਸ਼, ਚੇਤਨਤਾ ਪ੍ਰਦਾਨ ਕਰਦੀਆਂ ਹਨ | ਪਿਛੜੇ ਖੇਤਰ ਦੀਆਂ ਲੜਕੀਆਂ ਨੂੰ ਹਰ ਖੇਤਰ ਵਿਚ ਮਿਹਨਤ ਕਰਕੇ ਅੱਗੇ ਆਉਣਾ ਚਾਹੀਦਾ ਹੈ |ਸੰਪਰਕ 6280634664ਹੈ।