Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਲਈ ਗਿੱਲ ਬਨਾਮ ਗਿੱਲ ਦੀਆਂ ਸਲੇਟਾਂ ਮੈਦਾਨ ਵਿਚ

-ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਉਪਰੰਤ ਦੋਵਾਂ ਸਲੇਟਾਂ ਦੇ ਉਮੀਦਵਾਰ ਆਹਮੋ-ਸਾਹਮਣੇ-

ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਖਜ਼ਾਨਚੀ ਸਮੇਤ 13 ਅਹੁਦੇਦਾਰਾਂ ਦੀ 5 ਮਾਰਚ ਨੂੰ  ਹੋਵੇਗੀ ਚੋਣ-

ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ 12 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਉਪਰੰਤ ਪ੍ਰਧਾਨਗੀ ਲਈ ਉਮੀਦਵਾਰ ਜਤਿੰਦਰ ਸਿੰਘ ਗਿੱਲ ਬਨਾਮ ਮਨਿੰਦਰ ਸਿੰਘ ਗਿੱਲ ਦੀਆਂ ਸਲੇਟਾਂ ਮੈਦਾਨ ਵਿਚ ਨਿੱਤਰ ਆਈਆਂ ਹਨ। ਦੋਵਾਂ ਸਲੇਟਾਂ ਦੇ ਵਲੋਂ ਆਪੋ-ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਬੀਤੇ 5 ਫਰਵਰੀ ਨੂੰ ਨਾਮਜ਼ਦਗੀ ਪੱਤਰ ਭਰਨ ਉਪਰੰਤ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਗਿੱਲ ਸਮੇਤ ਉਹਨਾਂ ਦੀ ਸਲੇਟ ਦੇ 9 ਉਮੀਦਵਾਰਾਂ ਅਤੇ ਮਨਿੰਦਰ ਸਿੰਘ ਗਿੱਲ ਦੀ ਸਲੇਟ ਦੇ 2 ਉਮੀਦਵਾਰਾਂ ਦੀ ਪੁਲਿਸ ਰਿਪੋਰਟ ਪੈਂਡਿੰਗ ਸੀ। ਪਰ ਹੁਣ ਦੋਵਾਂ ਧਿਰਾਂ ਦੇ ਉਮੀਦਵਾਰਾਂ ਵਲੋਂ 12 ਫਰਵਰੀ ਨੂੰ ਪੁਲਿਸ ਰਿਪੋਰਟਾਂ ਪੇਸ਼ ਕਰਨ ਉਪਰੰਤ ਉਹਨਾਂ ਨੂੰ ਚੋਣ ਲੜਨ ਲਈ ਯੋਗ ਕਰਾਰ ਦੇ ਦਿੱਤਾ ਗਿਆ ਹੈ। ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਗਿੱਲ ਵਲੋਂ ਪਹਿਲਾਂ ਆਪਣੇ ਨਾਮਜ਼ਦਗੀ ਪੇਪਰਾਂ ਨਾਲ ਆਲਾਈਨ ਪੁਲਿਸ ਰਿਪੋਰਟ ਦੀ ਕਾਪੀ ਲਗਾਈ ਗਈ ਸੀ ਜੋ ਵਿਰੋਧੀ ਧਿਰ ਦੇ ਇਤਰਾਜ ਕਾਰਣ ਮੰਨੀ ਸੀ ਗਈ। ਹੁਣ ਉਹਨਾਂ ਵਲੋਂ ਵਿਧੀਵਤ ਪੁਲਿਸ ਰਿਪੋਰਟ ਪੇਸ਼ ਕੀਤੇ ਜਾਣ ਉਪਰੰਤ ਉਹਨਾਂ ਦੀ ਉਮੀਦਵਾਰੀ ਨੂੰ ਯੋਗ ਮੰਨ ਲਿਆ ਗਿਆ ਹੈ।

5 ਮਾਰਚ ਨੂੰ ਹੋਣ ਜਾ ਰਹੀ ਚੋਣ ਵਿਚ ਗੁਰਦੁਆਰਾ ਕਮੇਟੀ ਦੇ  ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਰਿਕਾਰਡ ਸੈਕਟਰੀ, ਖਜਾਨਚੀ, ਸਹਾਇਕ ਖਜਾਨਚੀ ਸਮੇਤ 6 ਡਾਇਰੈਕਟਰਾਂ ਸਮੇਤ ਕੁਲ 13 ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ।

ਪ੍ਰਧਾਨਗੀ ਲਈ ਉਮੀਦਵਾਰ ਜਤਿੰਦਰ ਸਿੰਘ ਗਿੱਲ ਦੀ ਸਲੇਟ  ਵਲੋਂ  ਉਪ ਪ੍ਰਧਾਨ ਲਈ ਰਾਜਵਿੰਦਰ ਸਿੰਘ ਰਿੱਕੀ ਫਲੋਰਾ, ਸੈਕਟਰੀ ਲਈ ਗੁਰਮਿੰਦਰ ਸਿੰਘ ਸੇਖੋਂ , ਸਹਾਇਕ ਸੈਕਟਰੀ ਲਈ ਸੁਖਵਿੰਦਰ ਸਿੰਘ ਫੰਗੂੜਾ, ਰਿਕਾਰਡ ਸੈਕਟਰੀ ਲਈ ਹਰਪ੍ਰੀਤ ਸਿੰਘ ਕੰਗ, ਖਜਾਨਚੀ ਲਈ ਸੁਰਿੰਦਰਪਾਲ ਸਿੰਘ ਗਰੇਵਾਲ, ਸਹਾਇਕ ਖਜਾਨਚੀ ਲਈ ਜਗਤਾਰ ਸਿੰਘ ਚਾਹਲ ਜਦੋਂ ਕਿ ਡਾਇਰੈਕਟਰ ਲਈ ਗੁਰਪ੍ਰੀਤ ਸਿੰਘ ਬਰਾੜ, ਰਣਜੀਤ ਸਿੰਘ ਸੰਧੂ, ਮਨਤੇਜ ਸਿੰਘ ਗਰੇਵਾਲ, ਹਰਜੋਤ ਸਿੰਘ ਸੰਧੂ, ਗੁਰਦੀਪ ਸਿੰਘ ਚੋਹਾਨ ਤੇ ਗੁਰਮੀਤ ਸਿੰਘ ਸਿੱਧੂ ਸ਼ਾਮਿਲ ਹਨ । ਉਹਨਾਂ ਵਲੋ ਪਹਿਲਾਂ ਭਰੇ ਗਏ ਨਾਮਜ਼ਦਗੀ ਪੇਪਰਾਂ ਮੁਤਾਬਿਕ  ਸੁਪਿੰਦਰ ਸਿੰਘ ਮਾਂਗਟ ਤੇ ਜਗਸੀਰ ਸਿੰਘ ਬਦੇਸ਼ਾ ਦੇ ਨਾਮ ਵਾਪਿਸ ਲਏ ਗਏ ਹਨ।

ਦੂਸਰੀ ਮਨਿੰਦਰ ਸਿੰਘ ਗਿੱਲ ਦੀ ਸਲੇਟ ਦੀ ਤਰਫੋਂ ਉਪ ਪ੍ਰਧਾਨ ਲਈ ਗੁਰਤੇਜ ਸਿੰਘ ਗਿੱਲ, ਸੈਕਟਰੀ ਲਈ ਰਾਜਿੰਦਰ ਸਿੰਘ ਗਰੇਵਾਲ, ਸਹਾਇਕ ਸੈਕਟਰੀ ਲਈ  ਸੋਹਣ ਸਿੰਘ ਪੰਧੇਰ, ਰਿਕਾਰਡ ਸੈਕਟਰੀ ਲਈ ਹਰਵਿੰਦਰਪਾਲ ਸਿੰਘ ਤੂਰ, ਖਜਾਨਚੀ ਲਈ ਅਮਰ ਸਿੰਘ ਧਾਲੀਵਾਲ, ਸਹਾਇਕ ਖਜਾਨਚੀ ਲਈ ਬਲਿਹਾਰ ਸਿੰਘ ਤੱਖਰ ਅਤੇ ਡਾਇਰੈਕਟਰ ਲਈ ਹਰਦੀਪ ਸਿੰਘ ਹੈਰੀ, ਜਸਵਿੰਦਰ ਕੌਰ ਗਰੇਵਾਲ, ਹਰਮਨ ਸਿੰਘ ਪੱਡਾ, ਰਾਜਿੰਦਰ ਕੌਰ ਗਿੱਲ, ਹਰਦੀਪ ਸਿੰਘ ਪਰਮਾਰ ਤੇ ਰਮਨਦੀਪ ਸਿੰਘ ਬੋਪਾਰਾਏ ਸ਼ਾਮਿਲ ਹਨ।

ਇਸੇ ਦੌਰਾਨ ਦੋਵਾਂ ਸਲੇਟਾਂ ਵਲੋਂ ਆਪਣਾ ਚੋਣ ਪ੍ਰਚਾਰ ਆਰੰਭ ਕਰਦਿਆਂ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਧਿਰਾਂ ਵਲੋ ਆਪਣੇ ਚੋਣ ਮੈਨੀਫੈਸਟੋ ਵੀ ਜਾਰੀ ਕੀਤੇ ਜਾ ਰਹੇ ਹਨ। ਜਿਕਰਯੋਗ ਹੈ ਕਿ ਇਹ ਚੋਣ ਅਦਾਲਤੀ ਹੁਕਮਾਂ ਉਪਰੰਤ ਅਦਾਲਤ ਦੀ ਨਿਗਰਾਨੀ ਹੇਠ ਹੋਣ ਜਾ ਰਹੀ ਹੈ।  ਇਸ ਸਮੇਂ ਸੁਸਾਇਟੀ ਦੇ 8452 ਰਜਿਸਟਰਡ ਮੈਂਬਰ ਹਨ। ਅਦਾਲਤ ਦੇ ਹੁਕਮ ਮੁਤਾਬਿਕ ਕੇਵਲ 31 ਦਸੰਬਰ 2017 ਤੱਕ ਦੇ ਪ੍ਰਵਾਨਿਤ ਮੈਂਬਰ ਹੀ ਵੋਟ ਪਾ ਸਕਦੇ ਹਨ। ਸਾਲ 2018 ਤੋ ਬਾਦ ਬਣੇ ਮੈਂਬਰ ਵੋਟ ਨਹੀ ਪਾ ਸਕਣਗੇ।

ਜਤਿੰਦਰ ਸਿੰਘ ਹੈਪੀ ਗਿੱਲ

ਮਨਿੰਦਰ ਸਿੰਘ ਗਿੱਲ