Headlines

ਜਤਿੰਦਰ ਸਿੰਘ ਹੈਪੀ ਗਿੱਲ ਨੇ ਗੁਰਦੁਆਰਾ ਸਾਹਿਬ ਦੇ ਕੀਤੇ ਕਾਰਜਾਂ ਦੇ ਵੇਰਵੇ ਦਿੱਤੇ

ਸੰਗਤ ਦੇ ਸਹਿਯੋਗ ਨਾਲ ਕਈ ਹੋਰ ਮਹੱਤਵਪੂਰਣ ਕਾਰਜ ਕਰਨ ਦਾ ਵਾਅਦੇ-

ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਦੀਆਂ 5 ਮਾਰਚ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਪ੍ਰਧਾਨਗੀ ਲਈ ਉਮੀਦਵਾਰ ਸ ਜਤਿੰਦਰ ਸਿੰਘ ਹੈਪੀ ਗਿੱਲ ਨੇ ਵੋਟਰਾਂ ਨੂੰ ਉਹਨਾਂ ਦੀ ਅਗਵਾਈ ਵਾਲੀ ਸਲੇਟ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਜਿਥੇ ਪਿਛਲੇ ਸਮੇਂ ਦੌਰਾਨ ਕਈ ਮਹੱਤਵਪੂਰਣ ਕਾਰਜ ਮੁਕੰਮਲ ਕਰਵਾਏ ਹਨ ਉਥੇ ਸੰਗਤ ਦੇ ਸਹਿਯੋਗ ਨਾਲ ਕਈ ਹੋਰ ਕਾਰਜ ਕਰਵਾਉਣ ਦੇ ਵਾਅਦੇ ਕੀਤੇ ਹਨ। ਉਹਨਾਂ ਦੇਸ ਪ੍ਰਦੇਸ ਨੂੰ ਭੇਜੇ ਇਕ ਬਿਆਨ ਵਿਚ ਕਿਹਾ ਹੈ ਕਿ ਮੌਜੂਦਾ ਕਮੇਟੀ ਵਲੋ ਜਦੋਂ 2012 ਵਿਚ ਇਸ ਕਮੇਟੀ ਦਾ ਚਾਰਜ ਲਿਆ ਗਿਆ ਸੀ ਤਾਂ ਉਸ ਸਮੇਂ ਗੁਰਦੁਆਰਾ ਸਾਹਿਬ ਉਪਰ 12 ਲੱਖ ਡਾਲਰ ਦਾ ਕਰਜਾ ਸੀ ਜੋ  ਸੰਗਤ ਦੇ ਸਹਿਯੋਗ ਅਤੇ ਚੰਗੇਰੇ ਪ੍ਰਬੰਧ ਸਦਕਾ ਸਾਰੇ ਦਾ ਸਾਰਾ ਉਤਾਰ ਦਿੱਤਾ ਗਿਆ ਤੇ ਹੁਣ ਕਮੇਟੀ ਕੋਲ 1 ਲੱਖ 30 ਹਜ਼ਾਰ ਡਾਲਰ ਬੈਂਕ ਬੈਲੈਂਸ ਵੀ ਹੈ।

ਉਹਨਾਂ ਕਮੇਟੀ ਵਲੋ ਕੀਤੇ ਕੰਮਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਹੈ ਕਿ ਕਮੇਟੀ ਵਲੋ ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ ਸਟੱਕੋ, ਨਵੀ ਪਾਰਕਿੰਗ ਲਈ ਲੁੱਕ ਪਾਉਣ, ਸਪੀਕਰ ਸਿਸਟਮ, ਕੈਮਰੇ, ਲੰਗਰ ਵਾਸਤੇ ਭਾਂਡੇ, ਏਸੀ ਤੇ ਹੀਟ ਸਿਸਟਮ, ਲੰਗਰ ਹਾਲ ਤੇ ਰਸੋਈ ਦੇ ਰੈਨੋਵੇਸ਼ਨ ਸਮੇਤ ਕਈ ਕੰਮ ਕਰਵਾਏ ਗਏ ਹਨ। ਉਹਨਾਂ ਇਹਨਾਂ ਕੰਮਾਂ ਉਪਰ ਆਏ ਖਰਚੇ ਦਾ ਵੀ ਪੂਰਾ ਵੇਰਵਾ ਦਿੱਤਾ ਹੈ। ਕਮੇਟੀ ਵਲੋ ਹੁਣ ਗੁਰੁਦੁਆਰਾ ਸਾਹਿਬ ਦੀ ਇਮਾਰਤ ਉਪਰ ਲਗਾਉਣ ਲਈ ਗੁੰਬਦ ਇੰਡੀਆ ਤੋ ਮੰਗਵਾਏ ਗਏ ਹਨ। ਰੋਟੀਆਂ ਪਕਾਉਣ ਵਾਲੀ ਮਸ਼ੀਨ ਅਤੇ ਬਰਤਨ ਸਾਫ ਕਰਨ ਵਾਲੀ ਮਸ਼ੀਨ ਵੀ ਮੰਗਵਾਈ ਗਈ ਹੈ। ਅਗਲੇ ਦਿਨਾਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਨੇਪਰੇ ਚਾੜੇ ਜਾਣਗੇ।

ਉਹਨਾਂ ਨਵੀ ਕਮੇਟੀ ਚੁਣੇ ਜਾਣ ਦੀ ਸੂਰਤ ਵਿਚ ਗੁਰਦੁਆਰਾ ਸਾਹਿਬ ਵਿਚ ਗਰੰਥੀ ਸਿੰਘਾਂ ਲਈ ਰਿਹਾਇਸ਼, ਬਜੁਰਗਾਂ ਲਈ ਸੀਨੀਅਰ ਸੈਂਟਰ ਬਣਾਉਣ , ਕਿਚਨ ਦੀ ਰੈਨੋਵੇਸਨ, ਬੱਚਿਆਂ ਲਈ ਪੰਜਾਬੀ ਭਾਸ਼ਾ, ਗੁਰਬਾਣੀ ਤੇ ਕੀਰਤਨ ਦੀਆਂ ਫਰੀ ਕਲਾਸਾਂ ਸ਼ੁਰੂ ਕਰਨ, ਗੁਰੂ ਸਾਹਿਬ ਦੀ ਸਵਾਰੀ ਲਿਜਾਣ ਲਈ ਨਵੀਂ ਗੱਡੀ ਖਰੀਦਣ ਤੇ ਗੁਰਦੁਆਰਾ ਸਾਹਿਬ ਦੀ ਲੈਂਡ ਸਕੇਪਿੰਗ ਕਰਵਾਉਣ ਦੇ ਵਾਅਦੇ ਕੀਤੇ ਹਨ। ਉਹਨਾਂ ਹੋਰ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ ਨਵੇਂ ਤੇ ਸੁੰਦਰ ਗੁੰਬਦ ਲਗਾਉਣ ਦੀ ਸੇਵਾ ਦਾ ਕਾਰਜ 22 ਫਰਵਰੀ ਤੋ ਸ਼ੁਰੂ ਕਰਵਾਇਆ ਜਾ ਰਿਹਾ ਹੈ।