Headlines

ਸਰੀ ਸਿਟੀ ਵਲੋਂ ਪੁਲਿਸ ਟਰਾਂਜ਼ੀਸ਼ਨ ਲਈ ਪ੍ਰਾਪਰਟੀ ਟੈਕਸ ਵਿਚ 9.5 ਫ਼ੀਸਦੀ ਵਾਧੇ ਦਾ ਪ੍ਰਸਤਾਵ

ਸਰੀ ( ਦੇ ਪ੍ਰ ਬਿ)–ਸਿਟੀ ਆਫ ਸਰੀ ਨੇ ਆਪਣਾ ਪੰਜ ਸਾਲ ਦੇ ਬਜਟ ਦਾ ਖਰੜਾ ਜਾਰੀ ਕੀਤਾ ਹੈ ਜਿਸ ਵਿਚ ਪੁਲਿਸ ਟਰਾਂਜ਼ੀਸ਼ਨ ਨਾਲ ਜੁੜੇ ਖਰਚਿਆਂ ਨੂੰ ਕਵਰ ਕਰਨ ਲਈ 2023 ਲਈ ਪ੍ਰਾਪਰਟੀ ਟੈਕਸ ਵਿਚ ਅੱਧੇ ਤੋਂ ਵੱਧ ਪ੍ਰਾਪਰਟੀ ਟੈਕਸ ਵਿਚ ਵਾਧੇ ਦਾ ਪ੍ਰਸਤਾਵ ਕੀਤਾ ਗਿਆ ਹੈ| ਇਕ ਨਿਊਜ ਰਿਲੀਜ਼ ਵਿਚ ਸਿਟੀ ਨੇ ਕਿਹਾ ਕਿ 2023 ਦਾ ਖਰੜਾ ਆਪਰੇਟਿੰਗ ਬਜਟ ਸਰੀ ਵਿਚ ਪੁਲਿਸ ਬਾਰੇ ਫ਼ੈਸਲੇ ਤੋਂ ਬਿਨ੍ਹਾਂ ਬਣਾਇਆ ਗਿਆ ਹੈ ਪਰ ਇਹ ਇਸ ਧਾਰਨਾ ’ਤੇ ਨਿਰਭਰ ਕਰਦਾ ਹੈ ਕਿ ਇਹ ਆਰਸੀਐਮਪੀ ਨੂੰ ਅਧਿਕਾਰਤ ਪੁਲਿਸ ਵਜੋਂ ਕਾਇਮ ਰੱਖੇਗਾ| ਸਿਟੀ ਦਾ ਕਹਿਣਾ ਕਿ ਅਗਲੇ ਪੰਜ ਸਾਲਾਂ ਵਿਚ ਸਰੀ ਪੁਲਿਸ ਫੋਰਸ ਨਾਲੋਂ ਆਰਸੀਐਮਪੀ ਦਾ ਖਰਚਾ 235 ਮਿਲੀਅਨ ਡਾਲਰ ਘੱਟ ਰਹੇਗਾ ਪਰ ਟਰਾਂਜ਼ੀਸ਼ਨ ਪ੍ਰਕਿਰਿਆ ਕਾਰਨ 116.6 ਮਿਲੀਅਨ ਡਾਲਰ ਦੀ ਕਮੀ ਰਹੇਗੀ| ਇਸ ਦਾ ਕਹਿਣਾ ਕਿ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਜਨਰਲ ਪ੍ਰਾਪਰਟੀ ਟੈਕਸ ਵਿਚ 9.5 ਫ਼ੀਸਦੀ ਵਾਧੇ ਦਾ ਪ੍ਰਸਤਾਵ ਹੈ| ਇਸ ਪ੍ਰਸਤਾਵ ਤੋਂ ਤਿੰਨ ਹਫ਼ਤੇ ਪਹਿਲਾਂ ਜਨਤਕ ਸੁਰੱਖਿਆ ਬਾਰੇ ਮੰਤਰੀ ਮਾਈਕ ਫਾਰਨਵਰਥ ਵਲੋਂ ਇਹ ਕਿਹਾ ਗਿਆ ਸੀ ਕਿ ਪੁਲਿਸ ਸੇਵਾਵਾਂ ਦੇ ਡਾਇਰੈਕਟਰ ਸ਼ਹਿਰ ਦੀ ਆਰਸੀਐਮਪੀ ਨੂੰ ਆਪਣੀ ਪੁਲਿਸ ਫੋਰਸ ਕਾਇਮ ਰੱਖਣ ਦੀ ਯੋਜਨਾ ’ਤੇ ਵਾਪਸ ਜਾਣ ਸਬੰਧੀ ਫ਼ੈਸਲਾ ਕਰਨ ਤੋਂ ਪਹਿਲਾਂ ਹੋਰ ਜਾਣਕਾਰੀ ਚਾਹੁੰਦੇ ਹਨ| ਸਰੀ ਸਿਟੀ ਦੀ ਨਵੀਂ ਕੌਂਸਲ ਨੇ ਦਸੰਬਰ ਵਿਚ ਇਕ ਮਤਾ ਪਾਸ ਕਰਕੇ ਫਾਰਨਵਰਥ ਨੂੰ ਆਰਸੀਐਮਪੀ ਨੂੰ ਅਧਿਕਾਰਤ ਪੁਲਿਸ ਵਜੋਂ ਬਰਕਰਾਰ ਰੱਖਣ ਲਈ ਯੋਜਨਾ ਭੇਜੀ ਸੀ ਜਦਕਿ ਸਰੀ ਪੁਲਿਸ ਸਰਵਿਸ ਨੇ ਯੋਜਨਾ ਨੂੰ ਰੱਦ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਟਰਾਂਜ਼ੀਸ਼ਨ ਨੂੰ ਰੋਕਣ ਦਾ ਮਤਲਬ 375 ਮੁਲਾਜ਼ਮਾਂ ਨੂੰ ਬਰਖਾਸਤ ਕਰਨਾ, ਦੋ ਪੁਲਿਸ ਯੂਨੀਅਨਾਂ ਨੂੰ ਭੰਗ ਕਰਨਾ ਅਤੇ 10 ਮਿਲੀਅਨ ਡਾਲਰ ਦੇ ਪੂਰੇ ਨਾ ਕੀਤੇ ਜਾ ਸਕਣ ਵਾਲੇ ਖਰਚ ਨੂੰ ਸਵੀਕਾਰ ਕਰਨਾ ਹੋਵੇਗਾ| ਮੇਅਰ ਬਰੈਂਡਾ ਲੌਕ ਜਿਸ ਨੇ ਆਰਸੀਐਮਪੀ ਨੂੰ ਕਾਇਮ ਰੱਖਣ ਲਈ ਮੁਹਿੰਮ ਚਲਾਈ ਸੀ ਨੇ ਸਨਿਚਰਵਾਰ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਪੁਲਿਸ ਟਰਾਂਜ਼ੀਸ਼ਨ ਦਾ ਤਜਰਬਾ ਹੁਣ ਸ਼ਹਿਰ ਵਾਸੀਆਂ ਤੇ ਕਾਰੋਬਾਰੀਆਂ ਨੂੰ ਮਹਿੰਗਾ ਪੈ ਰਿਹਾ ਹੈ| ਪੁਲਿਸ ਟਰਾਂਜ਼ੀਸ਼ਨ ਨਾਲ ਪੈਸੇ ਨੂੰ ਬਰਬਾਦ ਕੀਤਾ ਗਿਆ ਹੈ|