Headlines

ਮਨਿੰਦਰ ਸਿੰਘ ਗਿੱਲ ਦੀ ਸਲੇਟ ਵਲੋਂ ਲੰਗਰ ਹਾਲ ਚੋ ਕੁਰਸੀਆਂ -ਮੇਜ਼ ਨਾ ਚੁਕਵਾਉਣ ਦਾ ਵਾਅਦਾ

ਹਰ ਮਹੀਨੇ -ਹਿਸਾਬ ਕਿਤਾਬ ਦੇਣ ਦੇ ਨਾਲ ਹੋਰ ਕਈ ਵਾਅਦੇ-

ਐਬਟਸਫੋਰਡ ( ਦੇ ਪ੍ਰ ਬਿ)-ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਵਿਚ ਸਰਬ ਸਾਂਝੀ ਸਲੇਟ ਵਲੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ  ਸਲੇਟ ਨੇ ਵੋਟਰਾਂ ਨੂੰ ਭਰਵੇਂ ਸਮਰਥਨ ਦੀ ਅਪੀਲ ਕਰਦਿਆਂ ਚੋਣਾਂ ਜਿੱਤਣ ਦੀ ਸੂਰਤ ਵਿਚ ਗੁਰੂ ਘਰ ਦੇ ਲੰਗਰ ਹਾਲ ਵਿਚੋ ਕੁਰਸੀਆਂ ਮੇਜ ਨਾ ਚੁਕਾਏ ਜਾਣ ਦਾ ਵਾਅਦਾ ਕੀਤਾ ਹੈ। ਸਲੇਟ ਵਲੋਂ ਜਾਰੀ ਆਪਣੇ ਚੋਣ ਵਾਅਦਿਆਂ ਵਿਚ ਗੁਰੂ ਘਰ ਦੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਸਿੱਖਿਆਦਾਇਕ ਧਾਰਮਿਕ ਪ੍ਰੋਗਰਾਮ ਆਯੋਜਤ ਕਰਨ ਅਤੇ ਵਿਦਵਾਨ ਪ੍ਰਚਾਰਕਾਂ ਤੇ ਸਿੱਖ ਨੇਤਾਵਾਂ ਦੇ ਪ੍ਰੋਗਰਾਮ ਵੀ ਕਰਵਾਏ ਜਾਣ ਦਾ ਵਾਅਦਾ ਕੀਤਾ ਹੈ। ਗੁਰਦੁਆਰਾ ਪ੍ਰਬੰਧ ਨੂੰ ਪਾਰਦਰਸ਼ੀ ਬਣਾਉਣ ਲਈ ਹਰ ਮਹੀਨੇ ਹਿਸਾਬ ਕਿਤਾਬ ਦੇਣ ਦੇ ਨਾਲ ਪ੍ਰਬੰਧ ਨੂੰ ਮੁਢਲੇ ਸੰਵਿਧਾਨ ਮੁਤਾਬਿਕ ਚਲਾਉਣ ਦੀ ਗੱਲ ਕੀਤੀ ਗਈ ਹੈ। ਹਰ ਸਾਲ ਅਪ੍ਰੈਲ ਮਹੀਨੇ ਦੇ ਤੀਸਰੇ ਐਤਵਾਰ ਸਾਲਾਨਾ ਜਨਰਲ ਇਜਲਾਸ ਕਰਵਾਉਣ ਦੀ ਗਾਰੰਟੀ ਦਿੱਤੀ ਗਈ ਹੈ।  ਚੁਣੇ ਗਏ ਮੈਂਬਰਾਂ ਦੇ ਦੋ ਸਾਲ ਕਾਰਜਕਾਲ ਦੇ ਖਤਮ ਹੋਣ ਉਪਰੰਤ  ਨਵੇਂ ਮੈਂਬਰਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਪ੍ਰਧਾਨ ਅਤੇ ਮੀਤ ਪ੍ਰਧਾਨ ਇਕ ਟਰਮ ਹੀ ਸੇਵਾ ਕਰ ਸਕਣਗੇ। ਧੜੇਬੰਦੀ ਨੂੰ ਖਤਮ ਕਰਨ ਲਈ ਹਰ ਮੈਬਰ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ ਤੇ ਨੌਜਵਾਨਾਂ ਦੀ ਗੁਰਦੁਆਰਾ ਪ੍ਰਬੰਧ ਵਿਚ ਬਰਾਬਰ ਦੀ ਭਾਈਵਾਲੀ ਯਕੀਨੀ ਬਣਾਈ ਜਾਵੇਗੀ। ਉਹਨਾਂ ਗੁਰੁਦੁਆਰਾ ਪ੍ਰਬੰਧ ਲਈ ਸੰਗਤ ਦੀ ਸਲਾਹ ਨਾਲ ਨਵੇਂ ਢੰਗ ਤਰੀਕੇ ਅਪਨਾਉਣ ਦਾ ਵੀ ਵਾਅਦਾ ਕਰਦਿਆਂ ਕਿਹਾ ਹੈ ਕਿ ਉਹ ਕੇਵਲ ਸੇਵਾ ਦੀ ਇੱਛਾ ਨਾਲ ਇਹ ਚੋਣ ਲੜਨ ਆਏ ਹਨ ਤੇ ਉਮੀਦ ਕਰਦੇ ਹਨ ਕਿ ਗੁਰੂ ਘਰ ਦੇ ਸ਼ਰਧਾਲੂ ਵੋਟਰ ਉਹਨਾਂ ਦੀ ਸਲੇਟ ਵਿਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਗੁਰਦੁਆਰਾ ਪ੍ਰਬੰਧ ਉਹਨਾਂ ਦੇ ਹੱਥ ਵਿਚ ਸੌਂਪਣ ਦਾ ਮੌਕਾ ਦੇਣਗੇ।