Headlines

ਸ਼ੈਲੀ ਉਬਰਾਏ ਦਿੱਲੀ ਦੀ ਮੇਅਰ ਚੁਣੀ ਗਈ

ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਹਰਾਇਆ-

ਨਵੀਂ ਦਿੱਲੀ ( ਮਨਧੀਰ ਦਿਓਲ)-ਆਮ ਆਦਮੀ ਪਾਰਟੀ ਉਮੀਦਵਾਰ ਸ਼ੈਲੀ ਓਬਰਾਏ ਤੇ ਆਲੇ ਮੁਹੰਮਦ ਇਕਬਾਲ ਕ੍ਰਮਵਾਰ ਦਿੱਲੀ ਦੇ ਮੇਅਰ ਤੇ ਡਿਪਟੀ ਮੇਅਰ ਚੁਣੇ ਗਏ ਹਨ। ਓਬਰਾਏ ਨੇ ਮੇਅਰ ਦੇ ਅਹੁਦੇ ਲਈ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੇਅਰ ਦੀ ਚੋਣ ਲਈ ਕੁੱਲ 266 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਓਬਰਾਏ ਨੂੰ 150 ਵੋਟਾਂ ਪਈਆਂ ਜਦੋਂਕਿ ਗੁਪਤਾ ਦੇ ਹਿੱਸੇ 116 ਵੋਟਾਂ ਆਈਆਂ। ਉਧਰ ਇਕਬਾਲ ਨੇ ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਕਮਲ ਬਾਗੜੀ ਨੂੰ 31 ਵੋਟਾਂ ਨਾਲ ਸ਼ਿਕਸਤ ਦਿੱਤੀ। ਇਕਬਾਲ ਨੂੰ ਬਾਗੜੀ (116) ਦੇ ਮੁਕਾਬਲੇ 147 ਵੋਟਾਂ ਪਈਆਂ। ਵੋਟਿੰਗ ਦਾ ਅਮਲ ਸਿਵਿਕ ਸੈਂਟਰ ਵਿੱਚ ਸਿਰੇ ਚੜ੍ਹਿਆ। ਦੱਸਣਾ ਬਣਦਾ ਹੈ ਕਿ ਦਿੱਲੀ ਨੂੰ ਅੱਜ ਚੌਥੀ ਕੋਸ਼ਿਸ਼ ਦੌਰਾਨ ਨਵਾਂ ਮੇਅਰ ਮਿਲਿਆ ਹੈ। ਇਸ ਤੋਂ ਪਹਿਲਾਂ ਮੇਅਰ ਦੀ ਚੋਣ ਲਈ ਤਿੰਨ ਵਾਰ ਸਦਨ ਜੁੜਿਆ, ਪਰ ਨਾਮਜ਼ਦ ਮੈਂਬਰਾਂ ਨੂੰ ਦਿੱਤੇ ਵੋਟਿੰਗ ਦੇ ਅਧਿਕਾਰ ਨੂੰ ਲੈ ਕੇ ਸਦਨ ਵਿੱਚ ਰੌਲਾ ਰੱਪਾ ਪੈਂਦਾ ਰਿਹਾ ਤੇ ਚੋਣ ਅਮਲ ਸਿਰੇ ਨਹੀਂ ਚੜ੍ਹ ਸਕਿਆ। ਪਿਛਲੇ ਹਫ਼ਤੇ ਸਿਖਰਲੀ ਕੋਰਟ ਦੇ ਹੁਕਮਾਂ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਮੇਅਰ ਦੀ ਚੋਣ ਲਈ ਦਿੱਲੀ ਨਗਰ ਨਿਗਮ ਦੇ ਨਵੇਂ ਚੁਣੇ ਮੈਂਬਰਾਂ ਦਾ ਇਜਲਾਸ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਸਿਖਰਲੀ ਕੋਰਟ ਨੇ 17 ਫਰਵਰੀ ਨੂੰ ਜਾਰੀ ਹੁਕਮਾਂ ਵਿੱਚ ਐੱਮਸੀਡੀ ਦੀ ਪਹਿਲੀ ਮੀਟਿੰਗ ਸੱਦਣ ਦੇ 24 ਘੰਟਿਆਂ ਅੰਦਰ ਮੇਅਰ, ਡਿਪਟੀ ਮੇਅਰ ਤੇ ਸਟੈਂਡਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਦੀ ਚੋਣ ਲਈ ਤਰੀਕ ਨਿਰਧਾਰਿਤ ਕਰਨ ਸਬੰਧੀ ਨੋਟਿਸ ਜਾਰੀ ਕਰਨ ਲਈ ਕਿਹਾ ਸੀ। ਕੋਰਟ ਨੇ ਇਹ ਹੁਕਮ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਸ਼ੈਲੀ ਓਬਰਾਏ ਵੱਲੋਂ ਦਾਇਰ ਪਟੀਸ਼ਨ ’ਤੇ ਦਿੱਤੇ ਸਨ। ਸਿਖਰਲੀ ਕੋਰਟ ਨੇ ਉਦੋਂ ਇਹ ਗੱਲ ਵੀ ਕਹੀ ਸੀ ਕਿ ਉਪ ਰਾਜਪਾਲ ਵੱਲੋਂ ਐੱਮਸੀਡੀ ਵਿੱਚ ਨਾਮਜ਼ਦ ਕੀਤੇ ਮੈਂਬਰ ਮੇਅਰ ਦੀ ਚੋਣ ਮੌਕੇ ਵੋਟ ਨਹੀਂ ਪਾ ਸਕਣਗੇ। ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਓਬਰਾਏ ਤੇ ਪਾਰਟੀ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸਿਸੋਦੀਆ ਨੇ ਇਕ ਟਵੀਟ ਵਿੱਚ ਕਿਹਾ, ‘‘ਗੁੰਡੇ ਹਾਰ ਗਏ, ਲੋਕ ਜਿੱਤ ਗਏ। ‘ਆਪ’ ਉਮੀਦਵਾਰ ਦੇ ਦਿੱਲੀ ਨਗਰ ਨਿਗਮ ਦਾ ਮੇਅਰ ਬਣਨ ’ਤੇ ਸਾਰੇ ਪਾਰਟੀ ਵਰਕਰਾਂ ਨੂੰ ਵਧਾਈ। ਇਕ ਵਾਰ ਫਿਰ ਦਿੱਲੀ ਦੇ ਲੋਕਾਂ ਨੂੰ ਵਧਾਈਆਂ। ਸ਼ੈਲੀ ਓਬਰਾਏ ਨੂੰ ‘ਆਪ’ ਦੀ ਪਹਿਲੀ ਮੇਅਰ ਬਣਨ ’ਤੇ ਵਧਾਈ।’