Headlines

ਲਿਬਰਲ ਪਾਰਟੀ ਕੈਨੇਡਾ- ਪ੍ਰਧਾਨ ਲਈ ਸਚਿਤ ਮਹਿਰਾ ਤੇ ਉਪ ਪ੍ਰਧਾਨ ਲਈ ਹਰਦਮ ਮਾਂਗਟ ਵਲੋਂ ਸੰਪਰਕ ਮੁਹਿੰਮ

ਬੀ ਸੀ ਦੇ ਲਿਬਰਲ ਡੈਲੀਗੇਟਸ ਨੂੰ ਵੋਟਾਂ ਦੀ ਅਪੀਲ-

ਵੈਨਕੂਵਰ ( ਦੇ ਪ੍ਰ ਬਿ)- ਲਿਬਰਲ ਪਾਰਟੀ ਆਫ ਕੈਨੇਡਾ ਦੀ ਸਾਲਾਨਾ ਕਨਵੈਨਸ਼ਨ 4 ਤੋ 6 ਮਈ 2023 ਨੂੰ ਓਟਵਾ ਵਿਖੇ ਹੋਣ ਜਾ ਰਹੀ ਹੈ। ਇਸ ਕਨਵੈਨਸ਼ਨ ਦੌਰਾਨ ਕੈਨੇਡਾ ਭਰ ਤੋ ਵੱਡੀ ਗਿਣਤੀ ਵਿਚ ਮੈਂਬਰ ਡੈਲੀਗੇਟਸ ਭਾਗ ਲੈਣਗੇ ਤੇ ਪਾਰਟੀ ਨੀਤੀਆਂ ਉਪਰ ਚਰਚਾ ਹੋਵੇਗੀ। ਇਸ ਦੌਰਾਨ ਪਾਰਟੀ ਅਹੁਦੇਦਾਰਾਂ ਤੇ ਡਾਇਰੈਕਟਰਾਂ ਦੀ ਚੋਣ ਵੀ ਕੀਤੀ ਜਾਵੇਗੀ।

ਪਾਰਟੀ ਪ੍ਰਧਾਨ ਦੇ ਅਹੁਦੇ ਲਈ  ਇਸ ਵਾਰ ਪੰਜਾਬੀ ਮੂਲ ਦੇ ਆਗੂ ਸਚਿਤ ਮਹਿਰਾ ਪ੍ਰਧਾਨ ਅਤੇ ਹਰਦਮ ਮਾਂਗਟ ਉਪ ਪ੍ਰਧਾਨ ਲਈ ਚੋਣ ਲੜ ਰਹੇ ਹਨ। ਸਚਿਤ ਮਹਿਰਾ ਵਿੰਨੀਪੈਗ ਅਤੇ ਹਰਦਮ ਮਾਂਗਟ ਟੋਰਾਂਟੋ ਨਾਲ ਸਬੰਧਿਤ ਹਨ।

ਆਪਣੀ ਚੋਣ ਮੁਹਿੰਮ ਤਹਿਤ ਬੀਤੀ ਸ਼ਾਮ ਦੋਵਾਂ ਆਗੂਆਂ ਨੇ ਸਥਾਨਕ ਲਿਬਰਲ ਡੈਲੀਗੇਟਸ ਨਾਲ ਇਕ ਮੀਟਿੰਗ ਕਰਦਿਆਂ ਪਾਰਟੀ ਦੀ ਮਜ਼ਬੂਤੀ ਅਤੇ ਕੈਨੇਡਾ ਦੇ ਬੇਹਤਰ ਭਵਿਖ ਲਈ ਵੱਧ ਤੋ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸਚਿਤ ਮਹਿਰਾ ਨੇ  ਆਪਣੇ ਸੰਬੋਧਨ ਵਿਚ ਕਿਹਾ ਕਿ  ਓਟਵਾ ਵਿਚ ਹੋਣ ਜਾ ਰਹੀ ਪਾਰਟੀ ਕਨਵੈਨਸ਼ਨ ਦੌਰਾਨ ਪਾਰਟੀ ਨੀਤੀਆਂ ਤੇ ਕੈਨੇਡੀਅਨ ਸ਼ਹਿਰੀਆਂ ਦੀ ਭਲਾਈ ਤੇ ਚੰਗੇਰੇ ਭਵਿੱਖ ਲਈ ਵਿਚਾਰਾਂ ਕੀਤੀਆਂ ਜਾਣੀਆਂ ਹਨ। ਲਿਬਰਲ ਟੀਮ ਵਲੋਂ ਜ਼ਿੰਦਗੀ ਨੂੰ ਹੋਰ ਕਿਫਾਇਤੀ ਬਣਾਉਣ, ਮੱਧ ਵਰਗ ਨੂੰ ਵਧੇਰੇ ਲਾਭ ਪਹੁੰਚਾਉਣ  ਅਤੇ ਲੋਕਾਂ ਲਈ ਕੰਮ ਕਰਨ ਵਾਲੀ ਆਰਥਿਕਤਾ ਦੀ ਮਜ਼ਬੂਤੀ ਲਈ ਨਤੀਜਿਆਂ ਦੀ ਪ੍ਰਾਪਤੀ ਲਈ ਇਹ ਕਨਵੈਨਸ਼ਨ ਬਹੁਤ ਅਹਿਮ ਹੈ। ਉਹਨਾਂ ਕਿਹਾ ਕਿ ਉਹ ਪਿਛਲੇ  30 ਸਾਲਾਂ ਤੋਂ ਪਾਰਟੀ ਵਲੰਟੀਅਰ ਅਤੇ ਵੱਖ ਵੱਖ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਜੁੜੇ ਹੋਏ ਹਨ ਤੇ  ਇੱਕ ਬਿਹਤਰ ਕੈਨੇਡਾ ਬਣਾਉਣ ਲਈ ਅੱਗੇ ਵੀ ਕੰਮ ਕਰਦੇ ਰਹਿਣ ਲਈ ਤਿਆਰ ਹਨ। ਲਿਬਰਲ ਵਲੋਂ ਆਗਾਮੀ ਚੋਣਾਂ ਜਿੱਤਣ ਦਾ  ਰਸਤਾ ਵੱਡੀ ਸੋਚ ਅਤੇ ਸਖ਼ਤ ਮਿਹਨਤ ਦੀ ਮੰਗ ਕਰਦਾ ਹੈ। ਸਾਨੂੰ ਇੱਕ ਮਜ਼ਬੂਤ ਪਾਰਟੀ ਦੀ ਲੋੜ ਹੈ ਜੋ ਬਹੁਗਿਣਤੀ ਕੈਨੇਡੀਅਨਾਂ ਦਾ ਭਰੋਸਾ ਜਿੱਤ ਸਕੇ।

ਉਹਨਾਂ ਨੈਸ਼ਨਲ ਕਨਵੈਨਸ਼ਨ ਵਿਚ ਵਧ ਵੱਧ ਡੈਲੀਗੇਟਸ ਦੇ ਸ਼ਾਮਿਲ ਹੋਣ ਤੇ ਉਹਨਾਂ ਨੂੰ ਵੋਟ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਕ ਪੰਜਾਬੀ ਤੇ ਸਾਊਥ ਏਸ਼ੀਅਨ ਮੂਲ ਦਾ ਵਿਅਕਤੀ ਇਕ ਕੈਨੇਡੀਅਨ ਨੈਸ਼ਨਲ ਪਾਰਟੀ ਦਾ ਪ੍ਰਧਾਨ ਬਣੇਗਾ। ਇਹ ਆਪਣੇ ਆਪ ਵਿਚ ਇਤਿਹਾਸ ਸਿਰਜਣ ਵਾਲੀ ਗੱਲ ਹੋਵੇਗੀ।

ਜ਼ਿਕਰਯੋਗ ਹੈ ਕਿ ਸਚਿਤ ਮਹਿਰਾ ਵਿੰਨੀਪੈਗ ਦੇ ਪੰਜਾਬੀ ਪਰਿਵਾਰ ਦੇ ਜੰਮਪਲ ਹਨ। ਉਹ ਈਸਟ ਇੰਡੀਆ ਕੰਪਨੀ ਰੈਸਟੋਰੈਂਟ ਦੇ ਮਾਲਕ ਹਨ। ਆਪਣੇ ਕਾਰੋਬਾਰ ਦੇ ਨਾਲ ਲਿਬਰਲ ਪਾਰਟੀ ਨਾਲ 15 ਸਾਲ ਦੀ ਉਮਰ ਤੋ ਜੁੜੇ ਹੋਏ ਹਨ। ਉਹ ਯੰਗ ਲਿਬਰਲ ਪਾਰਟੀ ਅਤੇ ਲਿਬਰਲ ਪਾਰਟੀ ਵਿੰਨੀਪੈਗ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਹੁਣ ਉਹ ਨੈਸ਼ਨਲ ਪ੍ਰਧਾਨ ਲਈ ਕਿਸਮਤ ਅਜ਼ਮਾਈ ਕਰ ਰਹੇ ਹਨ। ਉਹਨਾਂ ਨੂੰ ਜਿਥੋੇ ਕੈਨੇਡਾ ਭਰ ਵਿਚ ਲਿਬਰਲ ਆਗੂਆਂ ਦਾ ਸਮਰਥਨ ਹਾਸਲ ਹੈ ਉਥੇ ਬੀ ਸੀ ਵਿਚ ਲਿਬਰਲ ਐਮ ਪੀ ਸੁੱਖ ਧਾਲੀਵਾਲ, ਸਾਬਕਾ ਐਮ ਪੀ ਜਤੀ ਸਿੱਧੂ, ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਵੀ ਉਹਨਾਂ ਨੂੰ ਸਮਰਥਨ ਦੇ ਰਹੇ ਹਨ। ਬੀਤੀ ਸ਼ਾਮ ਉਹਨਾਂ ਨੂੰ ਸਮਰਥਨ ਦੇਣ ਵਾਲਿਆਂ ਵਿਚ ਉਘੇ ਰੀਐਲਟਰ ਈਕੇ ਸੇਖੋਂ, ਕ੍ਰਿਪਾਲ ਮਾਂਗਟ, ਜਤਿੰਦਰ ਸੰਧਰ, ਸੰਨੀ ਹੁੰਦਲ, ਮਾਈਕ ਹਿਲਮੈਨ, ਜਸਵਿੰਦਰ ਸਿੰਘ, ਸੁਖ ਢਿੱਲੋਂ, ਸੁਰਿੰਦਰ ਸਿੰਘ ਕਲੇਰ, ਸਟੀਵ ਕੂਨਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਜਿ਼ੰਮੇਵਾਰੀ ਕੁਲਜੀਤ ਸਿੰਘ ਟੋਰਾਂਟੋ ਨੇ ਨਿਭਾਈ।