Headlines

ਸੰਪਾਦਕੀ- ਪੰਜਾਬ ਨੂੰ ਮੁੜ ਬਲਦੀ ਦੇ ਬੁੱਥੇ ਦੇਣ ਦੀ ਤਿਆਰੀ…..?

-ਸੁਖਵਿੰਦਰ ਸਿੰਘ ਚੋਹਲਾ—

ਪੰਜਾਬ ਦੇ ਪੁਲਿਸ ਥਾਣਾ ਅਜਨਾਲਾ ਵਿਖੇ ਵਾਪਰਿਆ ਘਟਨਾਕ੍ਰਮ ਚਿੰਤਾਜਨਕ ਤੇ ਉਦਾਸ ਕਰ ਦੇਣ ਵਾਲਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋ ਆਪਣੇ ਇਕ ਸਾਥੀ ਨੂੰ ਪੁਲਿਸ ਹਿਰਾਸਤ ਚੋ ਛੁਡਵਾਉਣ ਲਈ ਜੋ ਢੰਗ ਤਰੀਕਾ ਅਪਣਾਇਆ ਗਿਆ ਤੇ ਪੁਲਿਸ ਵਲੋ ਉਸ ਨਾਲ ਨਿਪਟਣ ਲਈ ਜੋ ਕਾਰਵਾਈ ਅਮਲ ਵਿਚ ਲਿਆਂਦੀ ਗਈ, ਉਹ ਹੈਰਾਨੀਜਨਕ ਤੇ ਆਮ ਸ਼ਹਿਰੀਆਂ ਵਿਚ ਡਰ ਤੇ ਭੈਅ ਪੈਦਾ ਕਰਨ ਦੇ ਨਾਲ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਵੀ ਹੈ। ਪਿਛਲੇ ਥੋੜੇ ਸਮੇਂ ਵਿਚ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਿਚ ਆਪਣੀ ਥਾਂ ਬਣਾਉਣ ਵਾਲੇ 28-29 ਸਾਲ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਵਲੋ ਸਿੱਖੀ ਪ੍ਰਚਾਰ, ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾਉਣ ਦੇ ਨਾਮ ਹੇਠ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਪੱਖ ਤੇ ਵਿਰੋਧ ਵਿਚ ਕਈ ਰਾਵਾਂ ਹੋ ਸਕਦੀਆਂ ਹਨ ਪਰ ਬੀਤੇ ਦਿਨ ਉਸ ਵਲੋਂ ਆਪਣੀ ਜਥੇਬੰਦੀ ਦੇ ਅੰਦਰੂਨੀ ਵਿਵਾਦ ਕਾਰਣ, ਇਕ ਹੋਰ ਸਿੱਖ ਨੌਜਵਾਨ ਨੂੰ ਅਗਵਾ ਕਰਨ ਤੇ ਕੁੱਟਮਾਰ ਦੀ ਸ਼ਿਕਾਇਤ ਉਪਰ ਦਰਜ ਹੋਏ ਕੇਸ ਵਿਚ ਫੜੇ ਗਏ ਆਪਣੇ  ਇਕ ਸਾਥੀ ਨੂੰ ਛੁਡਵਾਉਣ ਲਈ ਜਿਵੇਂ ਥਾਣੇ ਵਿਚ ਗੁਰੂ ਗਰੰਥ ਸਾਹਿਬ ਦਾ ਸਰੂਪ ਲਿਜਾਣ ਤੇ ਗੁਰੂ ਸਾਹਿਬ ਦੀ ਹਜੂਰੀ ਵਿਚ ਹੁੱਲੜਬਾਜੀ ਦੇ ਦ੍ਰਿਸ਼ ਸਾਹਮਣੇ ਆਏ ਹਨ, ਉਹ ਇਹ ਸਮਝਣ ਲਈ ਕਾਫੀ ਹਨ ਕਿ ਉਹ ਖੁਦ ਨੂੰ ਗੁਰੂ ਵਾਲੇ ਤੇ ਪੰਜਾਬ ਦੇ ਵਾਰਿਸ ਕਹਾਉਣ ਦੇ ਕਿੰਨੇ ਕੁ ਹੱਕਦਾਰ ਹਨ ?

ਪਰ ਇਸ ਦੌਰਾਨ ਪੁਲਿਸ ਪ੍ਰਸਾਸ਼ਨ ਤੇ ਸਰਕਾਰ ਦੀ ਪਹੁੰਚ ਵੀ ਕਈ ਸ਼ੰਕੇ ਖੜੇ ਕਰਨ ਵਾਲੀ ਹੈ। ਮੌਕੇ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਗੁਰੂ ਗਰੰਥ ਸਾਹਿਬ ਦੀ ਪਾਲਕੀ ਦਾ ਸਤਿਕਾਰ ਕਰਦਿਆਂ ਮਿਸਾਲੀ ਸੰਜਮ ਵਿਖਾਇਆ। ਪੁਲਿਸ ਮੁਲਾਜ਼ਮਾਂ ਨੇ ਆਪਣੇ ਸਿਰ ਪੜਵਾ ਲਏ ਪਰ ਗੁਰੂ ਗਰੰਥ ਸਾਹਿਬ ਦੀ ਮਾਣ ਮਰਿਆਦਾ ਨੂੰ ਆਂਚ ਨਹੀ ਆਉਣ ਦਿੱਤੀ। ਉਹਨਾਂ ਜਥੇਬੰਦੀ ਵਲੋ ਦਿੱਤੇ ਗਏ ਸਬੂਤਾਂ ਕਿ ਉਹਨਾਂ ਦੇ ਸਾਥੀ ਖਿਲਾਫ ਕੀਤਾ ਗਿਆ ਪਰਚਾ ਗਲਤ ਸੀ,ਮੰਨ ਲਿਆ ਤੇ ਉਸਨੂੰ ਛੱਡ ਦਿੱਤਾ। ਪਰ ਇਸਦੇ ਨਾਲ ਹੀ ਪੁਲਿਸ ਥਾਣੇ ਵਿਚ ਹੁਲੜਬਾਜੀ ਕਰਨ ਵਾਲੇ ਤੇ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰਨ ਵਾਲੇ ਹੁਲੜਬਾਜਾਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ। ਇਕ ਪਾਸੇ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਨੂੰ ਪੁਲਿਸ ਹਿਰਾਸਤ ਚੋ ਛੁਡਾਉਣ ਉਪਰੰਤ ਜੇਤੂ ਜਲੂਸ ਕੱਢ ਰਿਹਾ ਹੈ ਤਾਂ ਦੂਸਰੇ ਪਾਸੇ ਡੀ ਜੀ ਪੀ ਸਾਹਿਬ ਉਹਨਾਂ ਨੂੰ ਗੁਰੂ ਗਰੰਥ ਸਾਹਿਬ ਦੀ ਆੜ ਵਿਚ ਪੁਲਿਸ ਮੁਲਾਜ਼ਮਾਂ ਦੀ ਕੁਟਮਾਰ ਕਰਨ ਨੂੰ ਬੁਜਦਿਲੀ ਵਾਲੀ ਕਾਰਵਾਈ ਦੱਸ ਰਹੇ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਖੰਗਾਲੀ ਜਾ ਰਹੀ ਹੈ, ਕਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲੇ ਤੇ ਪੁਲਿਸ ਮੁਲਾਜ਼ਮਾਂ ਨੂੰ ਜਖਮੀ ਕਰਨ ਵਾਲੇ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਭਾਵ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਖਿਲਾਫ ਕੇਸ ਵਾਪਿਸ ਲੈਣ ਉਪਰੰਤ ਹੁਣ ਉਸਦੇ ਹੋਰ ਕਈ ਸਾਥੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।  ਅੰਮ੍ਰਿਤਪਾਲ ਸਿੰਘ ਵਲੋ ਪੁਲਿਸ ਪ੍ਰਸ਼ਾਸਨ ਨੂੰ ਚੇਤਵਨੀ ਦੇਣ, ਥਾਣੇ ਵਿਚ ਗੁਰੂ ਸਾਹਿਬ ਦਾ ਸਰੂਪ ਲਿਜਾਣ ਤੇ ਪੁਲਿਸ ਵਲੋ ਕੇਸ ਵਾਪਿਸ ਲੈਣ ਤੇ ਫਿਰ ਹੁੱਲੜਬਾਜੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਸੰਕੇਤ-ਬਹੁਤ ਹੀ ਭੰਬਲਭੂਸੇ ਵਾਲੀ ਸਥਿਤੀ ਬਣਾ ਦਿੱਤੀ ਗਈ ਹੈ। ਇਸ ਭੰਬਲਭੂਸੇ ਵਾਲੀ ਸਥਿਤੀ ਲਈ ਜਿੰਮੇਵਾਰ ਕੌਣ ਹੈ ? ਕੀ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਵਿਚਾਲੇ ਕੋਈ ਤਾਲਮੇਲ ਦੀ ਘਾਟ ਰਹੀ ਹੈ ਜਾਂ ਅਜਿਹੀ ਸਥਿਤੀ ਜਾਣ ਬੁੱਝਕੇ ਉਤਪੰਨ ਕੀਤੀ ਜਾ ਰਹੀ ਹੈ। ਨੈਸ਼ਨਲ ਮੀਡੀਆ ਇਸ ਘਟਨਾਕ੍ਰਮ ਨੂੰ ਲੈਕੇ ਪੰਜਾਬ ਵਿਚ ਦੂਸਰਾ ਭਿੰਡਰਾਂਵਾਲਾ ਦੀ ਆਮਦ ਤੇ ਅੱਤਵਾਦ ਦੀ ਦਸਤਕ ਦੀਆਂ ਸਨਸਨੀਖੇਜ਼ ਰਿਪੋਰਟਾਂ ਛਾਇਆ ਕਰਨ ਲੱਗਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਵਿਚਾਲੇ ਅਣਬਣ ਤੇ ਦੂਰੀਆਂ ਵੀ ਸਪੱਸ਼ਟ ਤੇ ਪੇਸ਼ ਪੇਸ਼ ਹਨ। ਕੀ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋ ਕੇਂਦਰ ਦੇ ਪ੍ਰਤੀਨਿਧ ਰਾਜਪਾਲ ਨੂੰ ਨਜ਼ਰ ਅੰਦਾਜ਼ ਕਰਨ ਤੇ ਰਾਜਪਾਲ ਦੀ ਥਾਂ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਦੱਸੇ ਜਾਣ ਦੀ ਬਿਆਨਬਾਜੀ ਵੀ ਆਪਣੀ ਅਸਰ ਦਿਖਾਉਣ ਲੱਗੀ ਹੈ ? ਸਮੇਂ ਦੀਆਂ ਕੇਂਦਰੀ ਸਰਕਾਰਾਂ ਤੇ ਪੰਜਾਬ ਸਰਕਾਰ ਵਿਚਾਲੇ ਅਣਬਣ ਤੇ ਦੂਰੀਆਂ ਦਾ ਖਮਿਆਜਾ ਪੰਜਾਬ ਤੇ ਪੰਜਾਬ ਦੇ ਲੋਕ ਪਹਿਲਾਂ ਵੀ ਭੁਗਤ ਚੁੱਕੇ ਹਨ। ਇਸ ਸਿਆਸੀ ਅਣਬਣ ਤੇ ਬੇਈਮਾਨੀ ਕਾਰਣ ਹੀ ਪੰਜਾਬ ਨੇ 1982 ਤੋਂ 1992 ਤੱਕ ਪੂਰਾ ਇਕ ਦਹਾਕਾ ਵੱਡਾ ਸੰਤਾਪ ਭੋਗਿਆ ਸੀ। ਕਿਵੇ ਧਰਮ ਦੇ ਨਾਮ ਉਪਰ ਲੋਕ ਵਰਗਲਾਏ ਗਏ। ਹਜਾਰਾਂ ਨੌਜਵਾਨਾਂ ਨੇ ਧਰਮ ਅਤੇ ਪੰਜਾਬ ਦੇ ਨਾਮ ਤੇ ਆਪਣੀਆਂ ਜਵਾਨੀਆਂ ਕੁਰਬਾਨ ਕਰ ਦਿੱਤੀਆਂ। ਪਰ ਸਿਆਸੀ ਆਗੂ ਆਪਣੇ ਸੌੜੇ ਹਿੱਤਾਂ ਲਈ ਆਪਣੇ ਲੋਕਾਂ ਨਾਲ ਧ੍ਰੋਹ ਕਮਾਉਣ ਤੋ ਜਰਾ ਨਾ ਝਿਜਕੇ। ਸਿਆਸਤ ਦੀ ਗੰਦੀ ਖੇਡ ਕਾਰਣ ਹੀ ਜੂਨ 1984 ਵਿਚ ਸਾਕਾ ਨੀਲਾ ਤਾਰਾ ਵਾਪਰਿਆ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਸਮੂਹਿਕ ਕਤਲੇਆਮ ਹੋਇਆ। ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਗਈ ਤੇ ਪੀੜਤ ਸਿੱਖ ਪਰਿਵਾਰਾਂ ਨੂੰ ਕੋਈ ਇਨਸਾਫ ਨਾ ਮਿਲਿਆ। ਸਿਆਸੀ ਆਗੂਆਂ ਨੇ ਲੋਕ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਸਰਕਾਰਾਂ ਬਣਾਈਆਂ ਤੇ ਲੋਕਾਂ ਦੀਆਂ ਲਾਸ਼ਾਂ ਉਪਰ ਕੁਰਸੀਆਂ ਦੇ ਪਾਵੇ ਟਿਕਾਏ ਤੇ ਸੱਤਾ ਦੇ ਆਨੰਦ ਮਾਣੇ। ਇਸ ਸਬੰਧੀ ਕਈ ਸਾਬਕਾ ਅਧਿਕਾਰੀਆਂ ਤੇ ਸੀਨੀਅਰ ਪੱਤਰਕਾਰਾਂ ਦੀਆਂ ਸਾਜਿਸ਼ ਤੇ  ਸੱਚਾਈ ਤੋ ਪਰਦਾ ਉਠਾਉਂਦੀਆਂ ਲਿਖਤਾਂ ਤੇ ਮੀਡੀਆ ਇੰਟਰਵਿਊਜ਼ ਆ ਚੁੱਕੀਆਂ ਹਨ। ਕਿਵੇ ਸਿਆਸਤਦਾਨਾਂ ਨੇ ਧਰਮ ਦੇ ਠੇਕੇਦਾਰਾਂ ਨਾਲ ਮਿਲਕੇ ਲੋਕ ਭਾਵਨਾਵਾਂ ਨੂੰ ਉਤੇਜਿਤ ਕੀਤਾ, ਭਾਵਨਾਵਾਂ ਨਾਲ ਖੇਡੇ ਤੇ ਆਪਣੇ ਰਾਜ ਤੇ ਸੁਖ ਸਾਧਨਾਂ ਦੀਆਂ ਉਮਰਾਂ ਲੰਬੀਆਂ ਕੀਤੀਆਂ। ਬੇਈਮਾਨ ਸਿਆਸਤਦਾਨਾਂ ਦੀ ਨਵੀਂ ਨਸਲ ਵੀ ਸ਼ਾਇਦ ਉਸੇ ਸ਼ਰਮਨਾਕ ਇਤਿਹਾਸ ਨੂੰ ਦੁਹਰਾਉਣ ਦੀ ਰਾਹ ਤੇ ਹੈ। ਪਰ ਇਹ ਯਾਦ ਰੱਖਣ ਦੀ ਵੀ ਲੋੜ ਹੈ ਕਿ  ਧਰਮ ਨੂੰ  ਰੋਜ਼ੀ-ਰੋਟੀ  ਤੋਂ ਅੱਗੇ ਆਪਣੀ ਨਿੱਜੀ ਸਲਤਨਤ ਬਣਾਉਣ ਵਾਲੇ ਆਗੂ ਵੀ ਪੰਜਾਬ ਦੇ ਕਦੇ ਹਿੱਤੂ ਨਹੀ ਹੋ ਸਕਦੇ….