Headlines

ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਸ਼ੇਰੇ ਪੰਜਾਬ ਦੇ ਖਾਲਸਾ ਰਾਜ ਦਾ ਵਿਸਥਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਹੀ ਦੇਣ ਸੀ- ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ:- 26 ਫਰਵਰੀ – ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖਾਲਸਾ ਰਾਜ ਨਾ ਅਖਵਾਉਂਦਾ ਜੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦਾ ਉਸ ਨੂੰ ਪੂਰਨ ਸਹਿਯੋਗ ਤੇ ਅਗਵਾਈ ਨਾ ਮਿਲਦੀ। ਖਾਲਸਾ ਰਾਜ ਦਾ ਵਿਸਥਾਰ ਤੇ ਸਥਾਪਨਾ ਅਕਾਲੀ ਬਾਬਾ ਫੂਲਾ ਸਿੰਘ ਦੀ ਦੇਣ ਹੈ। ਇਸ ਪੱਖ ਨੂੰ ਇਤਿਹਾਸ ਵਿੱਚ ਪੂਰਨ ਤੌਰ ਤੇ ਸਹੀ ਨਜ਼ਰੀਏ ਤੋਂ ਪੇਸ਼ ਕਰਨ ਦੀ ਸਖ਼ਤ ਲੋੜ ਹੈ ਤਾਂ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਸੇਧ ਲੈ ਸਕਣ। ਅਕਾਲੀ ਜੀ ਸਿੱਖ ਸਿਧਾਂਤ ਮਰਯਾਦਾ ਨੂੰ ਪ੍ਰਣਾਈ ਹੋਈ ਸ਼ਖਸ਼ੀਅਤ ਸਨ। ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਲ ਕੇ ਉਨ੍ਹਾਂ ਦੀ ਸ਼ਤਾਬਦੀ ਮਨਾਉਣ ਦਾ ਉਪਰਾਲਾ ਪ੍ਰਸੰਸਾ ਜਨਕ ਹੈ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਮਾਗਮਾਂ ਰਾਹੀਂ ਅਕਾਲੀ ਜੀ ਦੇੇ ਸਿੱਖੀ-ਸਿਧਾਂਤ ਅਤੇ ਜੀਵਨ ਸਬੰਧੀ ਪ੍ਰਚਾਰ ਦੀ ਜੰਗੀ ਪੱਧਰ ਤੇ ਜਿੰਮੇਵਾਰੀ ਨਿਭਾ ਰਹੇ ਹਨ। ਜੋ ਧਾਰਮਿਕ ਤੇ ਇਤਿਹਾਸਕ ਤੇ ਚੰਗਾ ਕਾਰਜ ਹੈ। ਉਨ੍ਹਾਂ ਕਿਹਾ ਕਿ ਚਾਰੇ ਪਾਸਿਆਂ ਤੋਂ ਅੱਜ ਮਾਰੂ ਹਮਲੇ ਹੋ ਰਹੇ ਹਨ। ਸਮੁੱਚੇ ਸਿੱਖ ਜਗਤ ਨੂੰ ਪੰਥ ਚਨੌਤੀਆਂ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਚੱਲਣ ਦੀ ਸਖ਼ਤ ਲੋੜ ਹੈ।

ਇਸ ਸਮੇਂ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਨਿਹੰਗ ਸਿੰਘ ਖਾਲਸਾ ਪੰਥ ਦੇ ਰੂਪ ਵਿੱਚ ਅਗਵਾਈ ਨਾ ਕਰਦਾ ਤਾਂ ਸਿੱਖ ਇਤਿਹਾਸ ਦਾ ਮੁਹਾਦਰਾਂ ਕੁੱਝ ਹੋਰ ਹੀ ਹੁੰਦਾ। ਸਤਾਰਵੀਂ, ਅਠਾਰਵੀਂ ਸਦੀ ਵਿੱਚ ਸਿੱਖਾਂ ਨਾਲ ਜਾਂ ਸਿੱਖਾਂ ਵੱਲੋਂ ਵਾਪਰੀਆਂ ਘਟਨਾਵਾਂ ਨਾ ਹੁੰਦੀਆਂ ਤਾਂ ਭਾਰਤੀ ਇਤਿਹਾਸ ਦੀ ਪਹਿਚਾਣ ਕਰਨੀ ਔਖੀ ਹੋ ਜਾਣੀ ਸੀ। ਉਨ੍ਹਾਂ ਸਿੱਖ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਸਾਰੂ ਤੇ ਸਿੱਕੇ ਬੰਦ ਸਿੱਖ ਇਤਿਹਾਸ ਪੇਸ਼ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਜੀ ਦੀਆਂ ਮਹਾਨ ਕੁਰਬਾਨੀਆਂ ਪਿੱਛੋਂ ਖਾਲਸਾ ਪੰਥ ਨੇ ਜਰਵਾਣਿਆਂ ਦੇ ਅਤਿਆਚਾਰ ਨੂੰ ਠੱਲ ਪਾਉਣ ਤੇ ਉਨ੍ਹਾਂ ਨੂੰ ਸੋਧਣ ਲਈ ਅਣਗਿਣਤ ਸ਼ਹੀਦੀਆਂ ਦਿੱਤੀਆਂ। ਉਨ੍ਹਾਂ ਸ਼ਹੀਦਾਂ ਵੱਲੋਂ ਡੋਲੇ ਖੂਨ ਦੀਆਂ ਨੀਂਹਾ ਤੇ ਹੀ ਅੱਜ ਸਿੱਖ ਸੰਸਥਾਵਾਂ ਖੜ੍ਹੀਆਂ ਹਨ। ਮਿਸਲ ਸ਼ਹੀਦਾਂ ਤਰਨਾਦਲ ਹਰੀਆਂ ਵੇਲਾਂ ਦੇ ਮੁਖੀ ਨਿਹੰਗ ਸਿੰਘ ਬਾਬਾ ਨਿਹਾਲ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਮਨਾਈ ਜਾਣੀ ਇਤਿਹਾਸ ਵਿੱਚ ਇੱਕ ਨਵੀਂ ਪੈੜ ਹੈ। ਮੈਂ ਬਾਬਾ ਬਲਬੀਰ ਸਿੰਘ ਨੂੰ ਇਸ ਕਾਰਜ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ। ਇਸ ਮੌਕੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਸਬੰਧੀ 11, 12, 13 ਅਤੇ 14 ਮਾਰਚ ਨੂੰ ਹੋਣ ਵਾਲੇ ਸਮਾਗਮਾਂ ਦਾ ਪੋਸਟਰ ਵਿਸ਼ੇਸ਼ ਤੌਰ ਪੁਰ ਰਲੀਜ ਕੀਤਾ ਗਿਆ।

ਇਸ ਸਮੇਂ ਦਮਦਮੀ ਟਕਸਾਲ ਭਿੰਡਰਾਂ ਵੱਲੋਂ ਗਿਆਨੀ ਹਰਦੀਪ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ. ਅਮਰਜੀਤ ਸਿੰਘ ਚਾਵਲਾ ਨੇ ਵੀ ਸੰਬੋਧਨ ਕੀਤਾ। ਗਿਆਨੀ ਭਗਵਾਨ ਸਿੰਘ ਜੌਹਲ ਨੇ ਸਟੇਜ਼ ਦੀ ਸੇਵਾ ਬਾਖੁੱਬੀ ਨਿਭਾਈ। ਇਸ ਮੌਕੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵੱਖ ਵੱਖ ਸੰਪਰਦਾਵਾਂ ਸਭਾ-ਸੁਸਾਇਟੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੁੱਜੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ਪੁਰ ਸਨਮਾਨਿਤ ਕੀਤਾ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਵੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ, ਬਾਬਾ ਜੱਸਾ ਸਿੰਘ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਬਲਦੇਵ ਸਿੰਘ ਤਰਨਾਦਲ ਵੱਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਹਰਦੇਵ ਸਿੰਘ, ਬਾਬਾ ਦਿਲਬਾਗ ਸਿੰਘ ਲੋਹ ਲੰਗਰ ਵਾਲੇ, ਬਾਬਾ ਤੀਰਥ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬੀਬੀ ਪਰਮਜੀਤ ਕੌਰ ਪਿੰਕੀ ਸ੍ਰੀ ਅੰਮ੍ਰਿਤਸਰ, ਬੀਬੀ ਪ੍ਰੀਤਮਜੋਤ ਕੌਰ, ਬਾਬਾ ਅਨਹੱਦਰਾਜ ਸਿੰਘ ਲੁਧਿਆਣਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਦੇਵ ਸਿੰਘ ਗੁ. ਸ਼ਹੀਦੀ ਬਾਗ, ਸਕੱਤਰ ਬੁੱਢਾ ਦਲ ਸ. ਦਿਲਜੀਤ ਸਿੰਘ ਬੇਦੀ, ਬਾਬਾ ਜਸਵਿੰਦਰ ਸਿੰਘ ਜੱਸੀ ਯੂ.ਐਸ.ਏ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸੁੱਚਾ ਸਿੰਘ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਅਰਜਨ ਸਿੰਘ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬੂਟਾ ਸਿੰਘ ਲੰਬ ਵਾਲੀ, ਸ. ਇੰਦਰਪਾਲ ਸਿੰਘ ਫੌਜੀ ਸ੍ਰੀ ਹਜ਼ੂਰ ਸਾਹਿਬ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।