Headlines

ਇਟਲੀ ਦੇ ਕਲਾਬਰੀਆ ਚ’ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹਾਦਸਾ ਗ੍ਰਸਤ-59 ਲਾਸ਼ਾਂ ਮਿਲੀਆਂ

ਤੁਰਕੀ ਤੋ 180 ਮੁਸਾਫਿਰਾਂ ਨਾਲ ਰਵਾਨਾ ਹੋਈ ਸੀ ਕਿਸ਼ਤੀ-
ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਦੇ ਕਲਾਬਰੀਆ ਤੋਂ ਮੱੰਦ ਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਟਲੀ ਦੇ ਤੱਟ ਤੇ ਇੱਕ ਹੋਰ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਰੀਆ ਦੇ ਦੱਖਣੀ ਤੱਟ ‘ਤੇ ਇੱਕ ਕਿਸ਼ਤੀ ਨਾਲ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਵਿੱਚ 180 ਤੋਂ ਵੱਧ ਪਰਵਾਸੀ ਸਫ਼ਰ ਕਰ ਰਹੇ ਸਨ ਤੇ ਪਾਣੀ ਦੇ ਤੇਜ ਵਹਾਅ ਦੇ ਕਾਰਨ ਇਹ ਹਾਦਸਾ ਵਾਪਰਿਆ । ਖਬਰ ਲਿਖੇ ਜਾਣ ਤੱਕ ਇਸ ਹਾਦਸੇ ਵਿੱਚ ਹੁਣ ਤੱਕ 59 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਬੱਚੇ ਵੀ ਸ਼ਾਮਲ ਹਨ ਜਦੋਂ ਕਿ ਕਈ ਹੋਰਨਾਂ ਲੋਕਾਂ ਦੇ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 80 ਦੇ ਕਰੀਬ ਲੋਕਾਂ ਨੂੰ ਰਾਹਤ ਕਰਮਚਾਰੀਆਂ ਵੱਲੋਂ ਬਚਾਇਆਂ ਜਾ ਚੁੱਕਾ ਹੈ। ਜਿਨ੍ਹਾਂ ਵਿੱਚੋਂ 21 ਨੂੰ ਹਸਪਤਾਲ ਭੇਜਿਆ ਗਿਆ। ਇਹ ਕਿਸ਼ਤੀ ਕਈ ਦਿਨ ਪਹਿਲਾਂ ਅਫਗਾਨਿਸਤਾਨ, ਈਰਾਨ ਅਤੇ ਕਈ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਲੈ ਕੇ ਤੁਰਕੀ ਤੋਂ ਰਵਾਨਾ ਹੋਈ ਸੀ ਅਤੇ ਤੂਫਾਨੀ ਮੌਸਮ ਵਿੱਚ ਹਾਦਸਾਗ੍ਰਸਤ ਹੋ ਗਈ ਸੀ। ਜਿਸ ਤੋਂ ਬਾਅਦ ਤੱਟ ਰੱਖਿਅਕ, ਸਰਹੱਦੀ ਪੁਲਸ ਅਤੇ ਫਾਇਰਫਾਈਟਰ ਕਿਸ਼ਤੀ ਬਚਾਅ ਦੇ ਯਤਨਾਂ ਵਿਚ ਸ਼ਾਮਲ ਹੋਏ।ਇਸ ਘਟਨਾ ਦੇ ਉਪੱਰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜ਼ੀਆ ਮੇਲੋਨੀ ਅਤੇ ਰਾਸ਼ਟਰਪਤੀ ਸਿਰਜਿਓ ਮਤਿਰੇਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।