Headlines

ਬਾਲ ਲੇਖਕ ਹਰਦੇਵ ਚੌਹਾਨ , ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਤੇ ਪਰਮਜੀਤ ਸਿੰਘ ਸੰਸੋਆ ਪਾਠਕਾਂ ਦੇ ਰੂਬਰੂ

ਟੋਰਾਂਟੋ-ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵੱਲੋਂ ਡਾ ਸਰਬਜੀਤ ਕੌਰ ਸੋਹਲ  ਦੀ ਅਗਵਾਈ ‘ਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ  ਅਤੇ ਸਰਬ ਸਾਂਝਾ ਕਵੀ ਦਰਬਾਰ ਦੇ ਸਹਿਯੋਗ ਦੇ ਨਾਲ  ਰਾਮਗੜ੍ਹੀਆ ਸਿੱਖ ਫਾਉਂਡੇਸ਼ਨ  ਓਨਟਾਰੀਓ ਵਿਖੇ  ਆਪੋ ਆਪਣੇ ਖੇਤਰ ਦੇ ਤਿੰਨ ਉੱਘੇ ਸਾਹਿਤਕਾਰ ਸਾਹਿਬਾਨ  ਦਾ ਰੁ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਰੁ-ਬ-ਰੂ  ਸਮਾਗਮ ਦੀ  ਪ੍ਰਧਾਨਗੀ  ਤਾਹਿਰਾ ਸਰਾਂ , ਹਰਦੇਵ ਚੋਹਾਨ, ਪਰਮਜੀਤ ਸਿੰਘ ਸੰਸੋਆ ਅਤੇ ਸ: ਦਲਜੀਤ ਸਿੰਘ ਗੈਦੂ ਨੇ ਕੀਤੀ  । ਤਿੰਨਾ ਲੇਖਕਾਂ ਵਲੋਂ ਆਪਣੇ ਜੀਵਨ  ਤੇ ਬਹੁਤ ਤਫਸੀਲ ਪੂਰਵਕ ਚਾਨਣਾ ਪਾਇਆ ਗਿਆ  , ਉਹਨਾਂ ਨੇ ਸ਼ਰੋਤਿਆਂ ਨਾਲ ਆਪਣੀਆਂ ਲਿਖਤਾਂ  ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਪਰਮਜੀਤ ਸਿੰਘ ਸੰਸੋਆ ਨੇ ਆਪਣੀਆਂ ਲਿਖਤਾਂ ਅਤੇ ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਨਾਂ ਨੇ ਚੰਗਾ ਸਾਹਿਤ ਪੜਨ, ਸੁਣਨ ਅਤੇ ਲਿਖਣ ਦੀ ਗੱਲ ਤੇ ਜੋਰ ਦਿੱਤਾ ਜਿਸ ਨਾਲ ਸਮਾਜ ਦਾ ਬੋਧਿਕ ਪੱਧਰ ਹੋਰ ਉੱਚਾ ਹੋ ਸਕੇ।
ਹਰਦੇਵ ਚੋਹਾਨ ਹੁਰਾਂ ਨੇ ਆਪਣੇ ਸੰਬੋਧਨ ਦੌਰਾਨ ਬੜੇ ਹੀ ਰੋਚਕ ਢੰਗ ਨਾਲ ਵਿਸਤਾਰ ਨਾਲ ਆਪਣੀਆਂ ਉਪਲਬਧੀਆਂ ਅਤੇ ਰਚਨਾ ਸੰਸਾਰ ਦੀ ਸਰੋਤਿਆਂ ਨਾਲ ਸਾਂਝ ਪਾਈ। ਪ੍ਰੋ ਜਗੀਰ ਕਾਹਲੋਂ ਅਤੇ ਸ਼ਾਇਰ ਮਲਵਿੰਦਰ ਨੇ ਹਰਦੇਵ ਚੌਹਾਨ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ ਨਾਲ ਉਸਦੀ ਸਿਰਜਣਾ ਬਾਰੇ ਵੀ ਗੱਲ ਕੀਤੀ।ਪਾਕਿਸਤਾਨ ਤੋਂ ਬੇਹਤਰੀਨ ਪੰਜਾਬੀ ਸ਼ਾਇਰਾ ਤਾਹਿਰਾ ਸਰਾ ਬਾਰੇ ਪਿਆਰਾ ਸਿੰਘ ਕੁੱਦੋਵਾਲ ਨੇ ਵਿਸਤ੍ਰਤ ਪਰਚਾ ਪੜ੍ਹਿਆ। ਤਾਹਿਰਾ ਨੇ ਆਪਣੇ ਦਿਲਕਸ਼ ਅੰਦਾਜ ਨਾਲ ਸ਼ਾਇਰੀ ਸੁਣਾ ਕੇ ਸਰੋਤਿਆਂ ਨੂੰ ਕੀਲ ਦਿੱਤਾ।ਹਾਜਰ  ਸਰੋਤਿਆਂ ਨੇ ਉਹਨਾ ਦੀ ਲਿਖਣ ਪ੍ਰਕਿਰਿਆਂ ਅਤੇ ਜੀਵਨ ਸ਼ੈਲੀ ਸੰਬੰਧੀ ਸਵਾਲ ਜਵਾਬ ਕੀਤੇ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਦੁਸ਼ਾਲੇ , ਪ੍ਰਸ਼ੰਸਾ ਪੱਤਰ ਤੇ ਫ਼ੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ । ਸੈਸ਼ਨ ਦੇ ਦੂਜੇ ਭਾਗ ਵਿਚ ਹਰਦਿਆਲ ਸਿੰਘ ਝੀਤਾ ਦੇ ਸੁਚੱਜੇ ਮੰਚ ਸੰਚਾਲਨ ਹੇਠ ਹਾਜਰ ਕਵੀਆਂ ਵਿਚੋਂ ਗੁਰਦੇਵ ਚੋਹਾਨ, ਸ਼ਾਇਰ ਮਲਵਿੰਦਰ,ਹਰਦਿਆਲ ਝੀਤਾ, ਡਾ ਜਸਪਾਲ ਸਿੰਘ ਦੇਸੂਵੀ , ਗਿਆਨ ਸਿੰਘ ਦਰਦੀ , ਨੀਟਾ ਬਲਵਿੰਦਰ , ਸੁਖਿੰਦਰ , ਮਹਿੰਦਰ ਪ੍ਰਤਾਪ , ਸੁਖਵਿੰਦਰ , ਰਿੰਟੂ ਭਾਟੀਆ , ਮਕਸੂਦ ਚੌਧਰੀ , ਗੁਰਦੇਵ ਸਿੰਘ ਰੱਖੜਾ , ਕੁਲਦੀਪ ਦੀਪ, ਸੁਰਜੀਤ ਟੋਰਾਂਟੋ,ਪਿਆਰਾ ਸਿੰਘ ਕੁੱਦੋਵਾਲ ਆਦਿ ਨੇ ਆਪਣੀਆਂ ਕਵਿਤਾਵਾਂ ਪੜੀਆਂ ਤੇ ਕੁਝ ਨੇ ਆਪਣੇ ਵਿਚਾਰ ਸਾਂਝੇ ਕੀਤੇ । ਪ੍ਰੋਗਰਾਮ ਨੂੰ ਹੋਸਟ  ਕਰਦਿਆਂ ਸਰਦਾਰ ਪਿਆਰਾ ਸਿੰਘ ਕੁਦੋਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ।ਅੰਤਰਾਸ਼ਟਰੀ ਸਾਹਿਤਕ ਸਾਂਝਾ ਦੇ ਫਾਊਂਡਰ ਰਮਿੰਦਰ ਰੰਮੀ ਵਾਲੀਆ ਜੀ ਨੇ ਸਮਾਗਮ ਦੇ ਮਨੋਰਥ ਬਾਰੇ ਗੱਲ ਕਰਦਿਆਂ ਸਭ ਨੂੰ ਜੀ ਆਇਆ ਕਿਹਾ। ਕਾਬਿਲੇ ਗੌਰ ਹੈ ਕਿ ਰਮਿੰਦਰ ਰੰਮੀ ਜੀ ਵੱਲੋ ਦੋ ਸਾਲ ਤੋਂ ਆਨਲਾਈਨ ਕਵੀ ਦਰਬਾਰ ਕਰਵਾਏ ਜਾਂਦੇ ਹਨ ਜਿਸ ਨਾਲ ਨਵੀਆਂ ਪੁੰਗਰਦੀਆਂ ਕਲਮਾਂ ਨੂੰ ਵੀ ਬਹੁਤ ਉਤਸ਼ਾਹ ਮਿਲਦਾ ਹੈ। ਅਤੇ ਉਨਾਂ ਦੀ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ। ਇਕ ਸਾਲ ਤੋਂ ਸਿਰਜਨਾ ਦੇ ਆਰ ਪਾਰ ਵਿੱਚ ਪ੍ਰੋ ਕੁਲਜੀਤ ਕੌਰ ਜੀ ਐਚ ਐਮ ਵੀ ਕਾਲਜ ਜਲੰਧਰ ਰੂਬਰੂ ਪ੍ਰੋਗਰਾਮ ਕਰ ਰਹੇ ਹਨ । ਇਕ ਈ ਮੈਗਜ਼ੀਨ ਵੀ ਸ਼ੁਰੂ ਕੀਤੀ ਹੋਈ ਹੈ । ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਕਰਾਏ ਜਾਂਦੇ ਅੰਤਰਰਾਸ਼ਟਰੀ ਆਨ ਲਾਈਨ ਪ੍ਰੋਗਰਾਮਾਂ ਦੇ ਬਾਰੇ ਵਿੱਚ ਸ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਡੀਟੇਲ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ , ਜੋ ਕਿ ਇਸ ਸੰਸਥਾ ਦੇ ਚੀਫ਼ ਐਡਵਾਈਜ਼ਰ ਵੀ ਹਨ ।ਸੁਰਜੀਤ ਕੌਰ ਜੀ ਦੀ ਕਿਤਾਬ ਲਵੇਂਡਰ ਨੂੰ ਰੀਲੀਜ਼ ਕੀਤਾ ਗਿਆ ਤੇ ਸ ਜਗੀਰ ਸਿੰਘ ਕਾਹਲੋਂ ਨੇ ਲਵੇਂਡਰ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਹਰਦਮ ਮਾਨ ਜੀ ਦੀ ਕਿਤਾਬ ਸ਼ੀਸ਼ੇ ਦੇ ਅੱਖਰ ਨੂੰ ਵੀ ਰੀਲੀਜ਼ ਕੀਤਾ ਗਿਆ । ਹਰਦੀਪ ਕੌਰ , ਇਕਬਾਲ ਮਾਹਲ ਤੇ ਰਵਿੰਦਰ ਸਿੰਘ ਕੰਗ ਪ੍ਰਧਾਨ ਓ ਐਫ ਸੀ ਜੀ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਆਪਣੇ ਵਿਚਾਰ ਸਾਂਝੇ ਕੀਤੇ । ਅੰਤ ਵਿੱਚ ਰਮਿੰਦਰ ਵਾਲੀਆ ਜੀ ਨੇ ਆਪਣੀ ਪੁਸਤਕ “ਕਿਸ ਨੂੰ ਆਖਾ” ਸੁਰਜੀਤ ਕੌਰ ਜੀ ਤੇ ਸ ਪਿਆਰਾ ਸਿੰਘ ਕੁੱਦੋਵਾਲ ਜੀ , ਤਾਹਿਰਾ ਸਰਾਂ ਜੀ ਨੂੰ , ਸ ਹਰਦਿਆਲ ਸਿੰਘ ਝੀਤਾ ਜੀ , ਹਰਦੇਵ ਚੌਹਾਨ ਜੀ ਅਤੇ ਜਗੀਰ ਸਿੰਘ ਕਾਹਲੋਂ ਜੀ ਨੂੰ ਭੇਂਟ ਕੀਤੀ ਅਤੇ ਸਾਰੇ ਹਾਜ਼ਰੀਨ ਮਹਿਮਾਨਾ ਦਾ ਸਮਾਗਮ ਵਿਚ ਪਹੁੰਚ ਕੇ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ।