Headlines

ਸਾਡੇ ਵਲੋਂ ਕਰਵਾਏ ਕਾਰਜਾਂ ਨੂੰ ਵੇਖਦਿਆਂ ਹੀ ਸੰਗਤ ਕਰੇਗੀ ਫੈਸਲਾ-ਜਤਿੰਦਰ ਸਿੰਘ ਗਿੱਲ

ਗੁਰੂ ਘਰ ਦੀ ਇਮਾਰਤ ਉਪਰ ਨਵੇਂ ਗੁੰਬਦ ਸਥਾਪਿਤ-ਵਿਰੋਧੀ ਧਿਰ ਦੇ ਝੂਠੇ ਪ੍ਰਚਾਰ ਦਾ ਖੰਡਨ-

ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿਚ ਪ੍ਰਧਾਨਗੀ ਲਈ ਮੁੜ ਦਾਅਵੇਦਾਰ ਸ ਜਤਿੰਦਰ ਸਿੰਘ ਹੈਪੀ ਗਿੱਲ ਤੇ ਉਹਨਾਂ ਦੀ ਸਲੇਟ ਵਲੋ ਆਰੰਭੀ ਚੋਣ ਮੁਹਿੰਮ ਦੌਰਾਨ ਸੰਗਤਾਂ ਵਲੋ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕਰਦਿਆਂ ਵਿਰੋਧੀ ਧਿਰ ਵਲੋਂ ਕੀਤੇ ਜਾ ਰਹੇ ਝੂਠ ਪ੍ਰਚਾਰ ਦੀ ਨਿੰਦਾ ਕੀਤੀ ਹੈ। ਇਥੇ ਜਾਰੀ ਇਕ ਬਿਆਨ ਵਿਚ ਉਹਨਾਂ ਕਿਹਾ ਕਿ ਹੁਣ ਤੱਕ ਜੋ ਵੀ ਗੁਰੂ ਘਰ ਦੇ ਕਾਰਜ ਮੁਕੰਮਲ ਕਰਵਾਏ ਗਏ ਹਨ , ਉਹ ਸੰਗਤਾਂ ਦੇ ਸਾਹਮਣੇ ਹਨ। ਬੀਤੇ ਦਿਨ ਉਹਨਾਂ ਦੀ ਅਗਵਾਈ ਹੇਠ ਗੁਰੂ ਘਰ ਦੀ ਇਮਾਰਤ ਉਪਰ ਇੰਡੀਆ ਤੋ ਮੰਗਵਾਏ ਗਏ ਖੂਬਸੂਰਤ ਗੁੰਬਦ ਸਥਾਪਿਤ ਕਰਨ ਦੀ  ਸੇਵਾ ਆਰੰਭੀ ਗਈ ਹੈ। ਇਹਨਾਂ ਸੁੰਦਰ ਗੁੰਬਦਾਂ ਦੀ ਸਥਾਪਨਾ ਨਾਲ ਗੁਰੂ ਘਰ ਦੀ  ਖਾਲਸਾਈ ਸ਼ਾਨ ਨਾਲ  ਸੰਗਤਾਂ ਵਲੋ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਹਨਾਂ ਹੋਰ ਕਿਹਾ ਕਿ  ਰਸੋਈ ਘਰ ਵਿਚ ਰੋਟੀਆਂ ਪਕਾਉਣ ਵਾਲੀ ਮਸ਼ੀਨ ਲਗਾਉਣ, ਬਰਤਨ ਸਾਫ ਕਰਨ ਵਾਲੀ ਮਸ਼ੀਨ ਲਗਵਾਉਣ ਤੇ ਗੁਰੂ ਘਰ ਦੀ ਸੁੰਦਰਤਾ ਵਧਾਉਣ ਲਈ ਹੋਰ ਕਈ ਕਾਰਜ ਆਰੰਭ ਕੀਤੇ ਜਾ ਰਹੇ ਹਨ।

ਉਹਨਾਂ ਨਵੀ ਕਮੇਟੀ ਚੁਣੇ ਜਾਣ ਦੀ ਸੂਰਤ ਵਿਚ ਗੁਰਦੁਆਰਾ ਸਾਹਿਬ ਵਿਚ ਗਰੰਥੀ ਸਿੰਘਾਂ ਲਈ ਰਿਹਾਇਸ਼, ਬਜੁਰਗਾਂ ਲਈ ਸੀਨੀਅਰ ਸੈਂਟਰ ਬਣਾਉਣ , ਕਿਚਨ ਦੀ ਰੈਨੋਵੇਸਨ, ਬੱਚਿਆਂ ਲਈ ਪੰਜਾਬੀ ਭਾਸ਼ਾ, ਗੁਰਬਾਣੀ ਤੇ ਕੀਰਤਨ ਦੀਆਂ ਫਰੀ ਕਲਾਸਾਂ ਸ਼ੁਰੂ ਕਰਨ, ਗੁਰੂ ਸਾਹਿਬ ਦੀ ਸਵਾਰੀ ਲਿਜਾਣ ਲਈ ਨਵੀਂ ਗੱਡੀ ਖਰੀਦਣ ਤੇ ਗੁਰਦੁਆਰਾ ਸਾਹਿਬ ਦੀ ਲੈਂਡ ਸਕੇਪਿੰਗ ਕਰਵਾਉਣ ਦੇ ਵਾਅਦੇ ਕੀਤੇ ਹਨ।

ਉਹਨਾਂ ਚੋਣ ਮੁਹਿੰਮ ਦੌਰਾਨ ਵਿਰੋਧੀ ਸਲੇਟ ਵਲੋਂ ਗੁਰੂ ਘਰ ਤੋ ਉਹਨਾਂ ਦੀ ਅਗਵਾਈ ਵਾਲੀ ਕਮੇਟੀ ਦੁਆਰਾ ਕਰਜਾ ਉਤਾਰੇ ਜਾਣ ਨੂੰ ਗੁੰਮਰਾਹਕੁੰਨ ਪ੍ਰਚਾਰ ਕਹੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਉਹਨਾਂ ਪਾਸ ਇਸਦੇ ਸਾਰੇ ਵੇਰਵੇ ਮੌਜੂਦ ਹਨ ਜੋ ਸੰਗਤਾਂ ਕਿਸੇ ਵੇਲੇ ਵੀ ਗੁਰੂ ਘਰ ਆਕੇ ਚੈਕ ਕਰ ਸਕਦੀਆਂ ਹਨ। ਉਹਨਾਂ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਸਮੇਂ ਦੌਰਾਨ ਸੰਗਤ ਤੋ ਡੋਨੇਸ਼ਨ ਦੇ ਰੂਪ ਵਿਚ ਲੱਖਾਂ ਡਾਲਰ ਇਕੱਠੇ ਕੀਤੇ ਜਿਹਨਾਂ ਦਾ ਵੇਰਵਾ ਮੌਜੂਦ ਹੈ। ਗੁਰੂ ਘਰ ਦੇ ਕੰਮਾਂ ਲਈ ਕਿਸੇ ਕੰਪਨੀ ਜਾਂ ਟਰੇਡਮੈਨ ਨੂੰ ਕੰਟਰੈਕਟ ਨਹੀ ਦਿੱਤਾ ਗਿਆ ਬਲਕਿ ਵਲੰਟੀਅਰ ਜੋ ਕਿ ਖੁਦ ਟਰੇਡਮੈਨ ਹਨ ਨੇ , ਸੇਵਾ ਵਜੋ ਸਾਰੇ ਕੰਮ ਨੇਪਰੇ ਚਾੜੇ ਹਨ। ਜਿਸ ਕਾਰਣ ਗੁਰੂ ਘਰ ਦੇ ਹਜ਼ਾਰਾਂ ਡਾਲਰ ਬਚਾਏ ਗਏ ਹਨ। ਇਹੀ ਕਾਰਣ ਹੈ ਕਿ ਮੌਜੂਦਾ ਕਮੇਟੀ 12 ਲੱਖ ਡਾਲਰ ਦਾ ਕਰਜਾ ਉਤਾਰਨ ਅਤੇ 1 ਲੱਖ 30 ਹਜ਼ਾਰ ਡਾਲਰ ਬੈਂਕ ਬੈਲੈਂਸ ਬਣਾਉਣ ਵਿਚ ਸਫਲ ਰਹੀ ਹੈ।

ਉਹਨਾਂ ਕਮੇਟੀ ਦੀ ਕਨੂੰਨੀ ਲੜਾਈ ਉਪਰ ਲੱਖਾਂ ਡਾਲਰ ਖਰਚੇ ਜਾਣ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਤਾਂ ਹੁਣ ਵਾਲੀ ਚੋਣ ਉਪਰ ਵੀ ਹੋਣ ਵਾਲਾ ਖਰਚਾ ਬਚਾਉਣ ਲਈ ਸਹਿਮਤੀ ਨਾਲ ਨਵੀ ਚੋਣ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਵਿਰੋਧੀ ਧਿਰ ਨੇ ਆਪਣੀ ਜਿਦ ਪੁਗਾਉਣ ਲਈ ਉਹਨਾਂ ਦੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਹਨਾਂ ਹੋਰ ਕਿਹਾ ਕਿ ਹੁਣ ਵਿਰੋਧੀ ਧਿਰ ਵਲੋ ਜਬਰੀ ਥੋਪੀ ਗਈ ਇਲੈਕਸ਼ਨ ਵਿਚ ਠੀਕ-ਗਲਤ ਦਾ ਫੈਸਲਾ ਸੰਗਤ ਹੀ ਕਰੇਗੀ ਜਿਸ ਲਈ ਉਹਨਾਂ ਨੂੰ ਗੁਰੂ ਮਹਾਰਾਜ ਉਪਰ ਪੂਰਨ ਭਰੋਸਾ ਹੈ।

ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਨਾਲ ਜਤਿੰਦਰ ਸਿੰਘ ਗਿੱਲ ਵਿਚਾਰ ਵਟਾਂਦਰਾ ਕਰਦੇ ਹੋਏ।