Headlines

ਤਰਨਤਾਰਨ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ ਸੰਨੀ ਉਬਰਾਏ ਲੈਬਾਰਟਰੀਆਂ 

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,4 ਮਾਰਚ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਸੇਵਾ ਕਾਰਜਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੀ ਹੈ।ਸਿੱਖਿਆ,ਸਿਹਤ,ਆਰਥਿਕ ਤੌਰ ‘ਤੇ ਕਮਜੋਰ ਲੋਕਾਂ ਦੀ ਸਹਾਇਤਾ ਦੇ ਨਾਲ ਹਰ ਉਸ ਖੇਤਰ ਵਿੱਚ ਜਿੱਥੇ ਕੋਈ ਇਮਦਾਦ ਦੀ ਜ਼ਰੂਰਤ ਮਹਿਸੂਸ ਕਰਦਾ ਹੈ,ਟਰੱਸਟ ਓਥੇ ਖੜੀ ਨਜ਼ਰ ਆਉਂਦੀ ਹੈ।ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਸਿਹਤ ਸਹੂਲਤਾਂ ਨੂੰ ਲੈ ਕੇ ਕਾਫੀ ਪੱਛੜਿਆ ਹੋਇਆ ਹੈ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਡਾ.ਐਸ.ਪੀ ਸਿੰਘ ਉਬਰਾਏ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਜ਼ਿਲ੍ਹੇ ਅੰਦਰ ਸੰਨੀ ਓਬਰਾਏ ਲੈਬਾਰਟਰੀ ਨਾਮ ਹੇਠ 4 ਮੈਡੀਕਲ ਲੈਬਾਰਟਰੀਆਂ ਖੋਲੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਜਿੱਥੇ ਸਿਹਤ ਸਹੂਲਤਾਂ ਨਾਮਾਤਰ ਹਨ,ਓਥੇ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਆਮ ਇਨਸਾਨ ਆਪਣੇ ਟੈਸਟ ਕਰਵਾਉਣ ਤੋਂ ਅਸਮਰਥ ਹੈ।ਟੈਸਟ ਨਾ ਹੋਣ ਕਾਰਨ ਆਮ ਲੋਕ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਉਨ੍ਹਾਂ ਦੱਸਿਆ ਕਿ ਡਾਕਟਰ ਐਸ ਕੇ ਓਬਰਾਏ ਵੱਲੋਂ ਤਰਨਤਾਰਨ ਜ਼ਿਲ੍ਹੇ ਨੂੰ ਪਹਿਲ ਦੇ ਆਧਾਰ ‘ਤੇ 4 ਸੰਨੀ ਓਬਰਾਏ ਲੈਬਾਰਟਰੀ ਐਂਡ ਡਾਇਗਨੋਸਟਿਕ ਸੈਂਟਰ ਦਿੱਤੇ ਗਏ ਹਨ ਤਾਂ ਜੋ ਆਮ ਲੋਕ ਸਮਾਂ ਰਹਿੰਦਿਆਂ ਆਪਣੇ ਟੈਸਟ ਕਰਵਾ ਕੇ ਇਲਾਜ ਕਰਵਾ ਸਕੇ।ਇਸ ਵਕਤ ਟਰੱਸਟ ਵੱਲੋਂ ਤਰਨਤਾਰਨ ਸ਼ਹਿਰ,ਪੱਟੀ ਸ਼ਹਿਰ,ਸ੍ਰੀ ਗੋਇੰਦਵਾਲ ਸਾਹਿਬ ਅਤੇ ਭਿੱਖੀਵਿੰਡ ਵਿਖੇ ਲੈਬ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ।ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਲਾਹਾ ਲੈ ਰਹੇ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਟੈਸਟਾਂ ਦੇ ਰੇਟ ਨਾਮਾਤਰ ਹੋਣ ਕਾਰਨ ਆਮ ਲੋਕ ਵੱਡੀ ਗਿਣਤੀ ਵਿੱਚ ਡਾਕਟਰ ਓਬਰਾਏ ਵੱਲੋਂ ਦਿੱਤੇ ਇਸ ਤੋਹਫ਼ੇ ਦਾ ਫ਼ਾਇਦਾ ਲੈ ਰਹੇ ਹਨ।ਕਈ ਟੈਸਟਾਂ ਦੇ ਰੇਟ ਤਾਂ ਸਰਕਾਰੀ ਹਸਪਤਾਲ ਵਿੱਚ ਕੀਤੇ ਜਾ ਰਹੇ ਰੇਟਾਂ ਤੋ ਵੀ ਘੱਟ ਹਨ।ਉਦਹਾਰਨ ਵੱਜੋਂ ਸਰਕਾਰੀ ਹਸਪਤਾਲ ਵਿੱਚ ਜਿੱਥੇ ਈਸੀਜੀ 60 ਰੁਪਏ ਵਿੱਚ ਕੀਤੀ ਜਾਂਦੀ ਹੈ,ਓਥੇਂਂ ਸੰਨੀ ਲੈਬ ਵਿੱਚ ਈਸੀਜੀ ਮਾਤਰ 20 ਰੁਪਏ ਵਿੱਚ ਕੀਤੀ ਜਾ ਰਹੀ ਹੈ।ਥਾਇਰਾਇਡ 100 ਰੁਪਏ ਅਤੇ ਤਿੰਨ ਮਹੀਨੇ ਦੀ ਸ਼ੂਗਰ ਦਾ ਟੈਸਟ ਮਾਤਰ 130 ਰੁਪਏ ਵਿੱਚ ਕੀਤਾ ਜਾਂਦਾ ਹੈ।ਹੋਲ ਬਾਡੀ ਦੇ ਨਾਮ ਦੇ ਪੈਕੇਜ ਤਹਿਤ 380 ਰੁਪਏ ਵਿੱਚ ਸਰੀਰ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ।ਇਸੇ ਤਰ੍ਹਾਂ ਸਾਰੇ ਟੈਸਟ ਹੀ ਬਜ਼ਾਰ ਦੇ ਮੁਕਾਬਲੇ ਬਹੁਤ ਸਸਤੇ ਹਨ।ਉਨ੍ਹਾਂ ਕਿਹਾ ਕਿ ਬਜ਼ਾਰ ਨੇ ਮਨਾਂ ਵਿੱਚ ਇਹ ਸੰਸ਼ਾ ਭਰਿਆ ਹੋਇਆ ਹੈ ਕਿ ਜੇ ਸਸਤੇ ਰੇਟਾਂ ਤੇ ਟੈਸਟ ਕੀਤੇ ਜਾ ਰਹੇ ਹਨ ਉਹ ਸਹੀ ਨਹੀਂ ਹੋਣਗੇ ਪਰ ਜੇ ਸੰਨੀ ਲੈਬ ਦੀ ਗੱਲ ਕਰੀਏ ਤਾਂ ਇਹ ਗੱਲ ਬਿਲਕੁਲ ਗ਼ਲਤ ਸਿੱਧ ਹੁੰਦੀ ਹੈ।ਟਰੱਸਟ ਵੱਲੋਂ ਉੱਚ ਤਕਨੀਕ ਦੀਆਂ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਜਰੁਬੇਕਾਰ ਲੈਬ ਟੈਕਨੀਸ਼ੀਅਨ ਨਾਲ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਟੈਸਟਾਂ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਕੁਆਲਟੀ ਨਾਲ ਕਿਤੇ ਵੀ ਇੱਕ ਪੈਸੇ ਦਾ ਵੀ ਸਮਝੌਤਾ ਨਹੀਂ ਕੀਤਾ ਜਾਂਦਾ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪ ਵੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਹੋਰਾਂ ਨੂੰ ਵੀ ਇਸ ਸੇਵਾ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸੇਵਾ ਦਾ ਲਾਹਾ ਲੈਣ।
ਫੋਟੋ ਕੈਪਸਨ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ ਸਿੰਘ ਉਬਰਾਏ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ।(ਫੋਟੋ: ਨਈਅਰ ਪੱਤਰਕਾਰ,ਚੋਹਲਾ ਸਾਹਿਬ)