Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਵਿੱਚ ਮਨਿੰਦਰ ਸਿੰਘ ਗਿੱਲ ਦੀ  ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

ਮਨਿੰਦਰ ਸਿੰਘ ਗਿੱਲ ਦੀ ਸਲੇਟ ਨੂੰ 2548 ਵੋਟਾਂ ਤੇ ਜਤਿੰਦਰ ਗਿੱਲ ਦੀ ਸਲੇਟ ਨੂੰ 842 ਵੋਟ ਮਿਲੇ-

ਐਬਟਸਫੋਰਡ ( ਡਾ ਗੁਰਵਿੰਦਰ ਸਿੰਘ)-ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ ਵਿਚ ਸ ਮਨਿੰਦਰ ਸਿੰਘ ਗਿੱਲ ਦੀ ਸਰਬ-ਸਾਂਝੀ ਸਲੇਟ ਨੇ ਮੌਜੂਦਾ ਪ੍ਰਧਾਨ ਸ ਜਤਿੰਦਰ ਸਿੰਘ ਹੈਪੀ ਗਿੱਲ ਦੀ ਸਲੇਟ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਬੀਤੀ ਦੇਰ ਰਾਤ ਆਏ ਚੋਣ ਨਤੀਜਿਆਂ ਮੁਤਾਬਿਕ ਕੁਲ ਪੋਲ  3420 ਵੋਟਾਂ ਚੋ ਮਨਿੰਦਰ ਸਿੰਘ ਗਿੱਲ ਦੀ ਸਲੇਟ ਨੂੰ 2548 ਵੋਟਾਂ ਪਈਆਂ , ਜਦਕਿ ਜਤਿੰਦਰ ਸਿੰਘ ਹੈਪੀ ਗਿੱਲ ਦੀ ਸਲੇਟ ਨੂੰ ਕੇਵਲ 842 ਵੋਟਾਂ ਮਿਲੀਆਂ। ਤਕਰੀਬਨ 46 ਵੋਟਾਂ ਰੱਦ ਹੋਈਆਂ।

ਅਦਾਲਤ ਦੀ ਨਿਗਰਾਨੀ ਹੇਠ ਕਰਵਾਈ ਗਈ ਇਸ ਚੋਣ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪੋਲਿੰਗ ਬੂਥ ਦੇ ਅੰਦਰ ਮੀਡੀਆ ਕਵਰੇਜ ਦੀ ਮਨਾਹੀ ਕੀਤੀ ਗਈ ਸੀ। ਕੁਲ 8 ਹਜ਼ਾਰ ਦੇ ਕਰੀਬ ਵੋਟਾਂ ਚੋ ਦੁਪਹਿਰ ਤੱਕ 2100 ਦੇ ਕਰੀਬ ਵੋਟਾਂ ਪੋਲ ਹੋ ਚੁੱਕੀਆਂ ਸਨ। ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਪਾਰਰਿੰਗ ਲੌਟ ਵਿਚ ਦੋਵਾਂ ਸਲੇਟਾਂ ਵਲੋਂ ਆਪਣੇ ਬੂਥ ਟੈਂਟ ਲਗਾਏ ਗਏ ਸਨ ਜਿਥੇ ਵੋਟਰਾਂ ਤੇ ਸਮਰਥਕਾਂ ਲਈ ਲੱਡੂ, ਜਲੇਬੀਆਂ ਤੇ ਚਾਹ ਪਕੌੜਿਆਂ ਦਾ ਖੁੱਲਾ ਪ੍ਰਬੰਧ ਸੀ। ਇਸ ਦੌਰਾਨ ਮਨਿੰਦਰ ਸਿੰਘ ਗਿੱਲ ਵਾਲੇ ਕੈਂਪ ਵਿਚ ਸਮਰਥਕਾਂ ਦੀ ਭਰਵੀਂ ਹਾਜ਼ਰੀ ਵੇਖਣ ਨੂੰ ਮਿਲੀ।

ਅੱਜ ਦੀ ਚੋਣ ਜਿੱਤਣ ਵਾਲੇ ਪ੍ਰਧਾਨ ਭਾਈ ਮਨਿੰਦਰ ਸਿੰਘ ਗਿੱਲ ਦੇ ਨਾਲ ਉੱਪ-ਪ੍ਰਧਾਨ ਗੁਰਤੇਜ ਸਿੰਘ ਗਿੱਲ, ਸਕੱਤਰ ਰਜਿੰਦਰ ਸਿੰਘ ਗਰੇਵਾਲ, ਰਿਕਾਰਡਿੰਗ ਸਕੱਤਰ ਸੋਹਣ ਸਿੰਘ ਪੰਧੇਰ ਅਤੇ ਹਰਿੰਦਰਪਾਲ ਸਿੰਘ ਤੂਰ, ਖਜ਼ਾਨਚੀ ਅਮਰ ਸਿੰਘ ਧਾਲੀਵਾਲ, ਸਹਾਇਕ ਸਕੱਤਰ ਬਲਿਹਾਰ ਸਿੰਘ ਤੱਖਰ, ਡਾਇਰੈਕਟਰ ਜਸਵਿੰਦਰ ਕੌਰ ਗਰੇਵਾਲ, ਹਰਦੀਪ ਸਿੰਘ ਹੈਰੀ, ਹਰਮਨ ਸਿੰਘ ਪੱਡਾ, ਰਜਿੰਦਰ ਕੌਰ ਕੌਰ ਗਿੱਲ ਅਤੇ ਹਰਦੀਪ ਸਿੰਘ ਪਰਮਾਰ ਚੁਣੇ ਗਏ ਹਨ।

ਇਸ ਮੌਕੇ ਸ ਮਨਿੰਦਰ ਸਿੰਘ ਗਿੱਲ ਤੇ ਉਹਨਾਂ ਨਾਲ ਚੁਣੇ ਗਏ ਅਹੁਦੇਦਾਰਾਂ ਨੇ ਚੋਣ ਨਤੀਜਿਆਂ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਈਮਾਨਦਾਰੀ ਨਾਲ ਸੇਵਾ ਅਤੇ ਸੁਧਾਰ ਪ੍ਰਬੰਧਾਂ ਵੱਲ ਧਿਆਨ ਦੇਣਗੇ। ਉਨ੍ਹਾਂ ਇਹ ਪ੍ਰਣ ਕੀਤਾ ਹੈ ਕਿ ਇਹ ਵਰ੍ਹਾ ਸ਼ਹੀਦ ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦਾ 100ਵਾਂ ਸ਼ਹੀਦੀ ਵਰ੍ਹਾ ਹੈ, ਜਿਨ੍ਹਾਂ ਦੀ ਜ਼ਮੀਨ ‘ਤੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਬਣਿਆ ਹੈ ਅਤੇ ਇਸ ਸ਼ਹੀਦੀ ਸਤਾਬਦੀ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ, ਸਮੂਹ ਸੇਵਾਦਾਰ ਅਤੇ ਸਿੱਖ ਸੰਗਤਾਂ ਕੌਮਾਂਤਰੀ ਪੱਧਰ ‘ਤੇ ਮਨਾਉਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਮੁੱਖ ਉਦੇਸ਼ ਸਿੱਖੀ ਦਾ ਪ੍ਰਚਾਰ ਕਰਨਾ, ਨੌਜਵਾਨਾਂ ਨੂੰ ਸਿੱਖੀ ਦੇ ਸਿਧਾਂਤ ਨਾਲ ਜੋੜਨਾ, ਵਿਰਸੇ ਦੀ ਸੰਭਾਲ ਕਰਨਾ, ਪੰਜਾਬੀ ਬੋਲੀ ਅਤੇ ਗੁਰਮੁਖੀ ਦਾ ਪ੍ਰਸਾਰ ਕਰਨਾ ਹੋਵੇਗਾ।
ਉੱਤਰੀ ਅਮਰੀਕਾ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਹੈਰੀਟੇਜ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਭ ਤੋਂ ਛੋਟੀ ਉਮਰ ਦੇ ਚੁਣੇ ਜਾਣ ਵਾਲੇ ਮੁੱਖ ਸੇਵਾਦਾਰ ਨੌਜਵਾਨ ਭਾਈ ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਚੋਣ ਮਗਰੋਂ ਕੈਨੇਡਾ ਦੇ ਇਤਿਹਾਸ ਵਿੱਚ ਵਿਰਾਸਤੀ ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪ੍ਰਚਾਰ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ ਤੇ ਸਿੱਖੀ ਪ੍ਰਚਾਰ ਦੀ ਲਹਿਰ ਦੇ ਰੂਪ ਵਿੱਚ ਵੱਡੇ ਪੱਧਰ ‘ਤੇ ਫੈਲਾਇਆ ਜਾਏਗਾ।

ਇਥੇ ਜ਼ਿਕਰਯੋਗ ਹੈ ਕਿ ਖ਼ਾਲਸਾ ਦੀਵਾਨ ਐਬਸਫੋਰਡ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਦੀ ਸਥਾਪਨਾ 113 ਵਰ੍ਹੇ ਪਹਿਲਾਂ ਹੋਈ ਸੀ, ਜਿਸ ਨੂੰ ਕੈਨੇਡਾ  ਸਰਕਾਰ ਵੱਲੋਂ ‘ ਹੈਰੀਟੇਜ ਅਸਥਾਨ’ ਦਾ ਦਰਜਾ ਦਿੱਤਾ ਗਿਆ ਹੈ।