Headlines

‘ਦਿੱਲੀ ਰੋਡ ਤੇ ਇੱਕ ਹਾਦਸਾ’ ਸੋਲੋ ਨਾਟਕ ਦਾ ਕੈਲਗਰੀ ਵਿੱਚ ਮੰਚਨ 12 ਮਾਰਚ ਨੂੰ

ਕੈਲਗਰੀ ( ਹਰਚਰਨ ਸਿੰਘ ਪਰਿਹਾਰ)-ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਅੱਜ ਕੋਸੋ ਹਾਲ ਦੇ ਦਰਸ਼ਕਾਂ ਨਾਲ਼ ਭਰੇ ਹੋਏ ਹਾਲ ਅੰਦਰ ਹੋਈ ਮੀਟਿੰਗ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਇਨਕਲਾਬੀ ਜਥੇਬੰਦੀ ‘ਪੰਜਾਬ ਸਟੂਡੈਂਟਸ ਯੂਨੀਅਨ’ ਦੇ ਇਤਿਹਾਸ ਤੇ ਪ੍ਰੋ: ਅਜਾਇਬ ਸਿੰਘ ਟਿਵਾਣਾ ਦੀ ਵੱਡ ਅਕਾਰੀ ਪੁਸਤਕ ‘ਪੰਜਾਬ ਸਟੂਡੈਂਟਸ ਯੂਨੀਅਨ (ਇਤਿਹਾਸ ਦੀਆਂ ਝਲਕਾਂ)’ ਮਾਸਟਰ ਭਜਨ ਸਿੰਘ, ਹਰਚਰਨ ਸਿੰਘ ਪ੍ਰਹਾਰ, ਦਰਸ਼ਨ ਔਜਲਾ, ਕੁਲਦੀਪ ਸਿੰਘ, ਸੁੱਖਦੇਵ ਸਿੰਘ, ਪ੍ਰੋ ਗੋਪਾਲ ਜੱਸਲ, ਕਮਲਪ੍ਰੀਤ ਪੰਧੇਰ, ਮਿਸਿਜ ਮਾਨ, ਕੁਸੁਮ ਸ਼ਰਮਾ ਵਲੋਂ ਰਿਲੀਜ਼ ਕੀਤੀ ਗਈ। ਸੁਖਦੇਵ ਸਿੰਘ ਨੇ ਕਿਤਾਬ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਮਾਸਟਰ ਜੀ ਨੂੰ ਅਪੀਲ ਕੀਤੀ ਕਿ ਇਸ ਕਿਤਾਬ ਦੀਆਂ ਕਾਪੀਆਂ ਪਾਠਕਾਂ ਲਈ ਆਪਣੇ ਅਗਲੇ ਪੁਸਤਕ ਮੇਲੇ ਵਿੱਚ ਜਰੂਰ ਮੰਗਵਾਉਣ।ਇਸ ਮੌਕੇ ਤੇ ਮਾਸਟਰ ਭਜਨ ਸਿੰਘ ਨੇ ਪੀ ਐਸ ਯੂ ਦੇ ਪ੍ਰਮੁੱਖ ਲੀਡਰ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਜੀਵਨ ਤੇ ਚਾਨਣਾ ਪਾਇਆ ਕਿ ਕਿਵੇਂ ਉਸਨੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਲੋਕ ਸੰਘਰਸ਼ ਦੇ ਰਾਹ ਤੋਰਿਆ, ਪਰ ਰਾਜਸੀ ਲੋਕਾਂ ਨੇ ਉਸਦੀ ਚੜ੍ਹਤ ਤੋਂ ਘਬਰਾ ਕੇ ਉਸਦਾ ਕਤਲ ਕਰਵਾ ਦਿੱਤਾ ਸੀ।ਮਾਸਟਰ ਭਜਨ ਸਿੰਘ ਨੇ ਅੱਗੇ ਬੋਲਦੇ ਹੋਏ, ਜਿੱਥੇ ‘ਇੰਟਰਨੈਸ਼ਨਲ ਵਿਮੈਨ ਡੇ’ ਬਾਰੇ ਜਾਣਕਾਰੀ ਸਾਂਝੀ ਕੀਤੀ, ਉਥੇ 23 ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ।
ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਮੁੱਖ ਸੰਚਾਲਕ ਕਮਲਪ੍ਰੀਤ ਪੰਧੇਰ ਨੇ ਸਕੂਲਾਂ ਵਿੱਚ ਬੱਚਿਆਂ ਨਾਲ਼ ਹੋ ਰਹੀ ਬੁਲੀਇੰਗ (ਦੁਰ-ਵਿਵਹਾਰ) ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਕੂਲੀ ਬੱਚਿਆਂ ਕੋਲ਼ ਰੋਜ਼ਾਨਾ ਕੁਝ ਮਿੰਟ ਬੈਠ ਕੇ ਜਾਣੋ ਕਿ ਉਨ੍ਹਾਂ ਨਾਲ਼ ਸਕੂਲਾਂ ਵਿੱਚ ਕਿਤੇ ਦੁਰ-ਵਿਵਹਾਰ ਤੇ ਨਹੀਂ ਹੋ ਰਿਹਾ।ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪ੍ਰਹਾਰ ਵਲੋਂ ਜਾਣਕਾਰੀ ਦਿੱਤੀ ਗਈ ਕਿ ਐਤਵਾਰ 12 ਮਾਰਚ ਨੂੰ ਉਘੀ ਥੀਏਟਰ ਕਲਾਕਾਰ ਅਤੇ ਪੰਜਾਬੀ ਫਿਲਮ ਅਭਿਨੇਤਰੀ ਅਨੀਤਾ ਸਬਦੀਸ਼ ਦਾ ਸੋਲੋ ਨਾਟਕ ‘ਦਿੱਲੀ ਰੋਡ ਤੇ ਇਕ ਹਾਦਸਾ’ ਕੈਲਗਰੀ ਡਾਊਨਟਾਊਨ ਸੈਂਟਰਲ ਲਾਇਬ੍ਰੇਰੀ ਦੇ ਥੀਏਟਰ ਵਿੱਚ 2 ਵਜੇ ਖੇਡਿਆ ਜਾਵੇਗਾ, ਥੀਏਟਰ ਦੇ ਡੋਰ 1:30 ਵਜੇ ਖੁੱਲਣਗੇ।ਇਹ ਥੀਏਟਰ ਕੈਲਗਰੀ ਸਿਟੀ ਹਾਲ ਦੇ ਬਿਲਕੁਲ ਪਿਛਲੇ ਪਾਸੇ ਹੈ।ਨਾਟਕ ਦੀ ਟਿਕਟ 10 ਡਾਲਰ ਹੋਵੇਗੀ ਅਤੇ ਮਾਸਟਰ ਭਜਨ ਸਿੰਘ ਜਾਂ ਹਰਚਰਨ ਸਿੰਘ ਪ੍ਰਹਾਰ ਤੋਂ ਟਿਕਟਾਂ ਲਈਆਂ ਜਾ ਸਕਦੀਆਂ ਹਨ।ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਾਟਕ ਸਮਾਗਮ ‘ਇੰਟਰਨੈਸ਼ਨਲ ਵਿਮੈਨ ਡੇ’ ਨੂੰ ਸਮਰਪਿਤ ਹੋਵੇਗਾ ਅਤੇ ਡਾ. ਸੁਰਿੰਦਰ ਧੰਜਲ, ਕੈਮਲੂਪਸ (ਬੀ. ਸੀ.) ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।ਉਹ ਇਸ ਮੌਕੇ ਤੇ ‘ਕੌਮਾਂਤਰੀ ਨਾਰੀ ਦਿਵਸ ਦੀ ਸੱਭਿਆਚਾਰਕ ਮਹੱਤਤਾ’ ਵਿਸ਼ੇ ਤੇ ਲੈਕਚਰ ਕਰਨਗੇ।
ਇਸ ਮੌਕੇ ਤੇ ਸੁਖਵੀਰ ਗਰੇਵਾਲ ਵਲੋਂ ਬੱਚਿਆਂ ਨੂੰ ਪੰਜਾਬੀ ਤੇ ਖੇਡਾਂ ਨਾਲ਼ ਜੋੜਨ ਲਈ ਚਲਾਏ ਜਾ ਰਹੇ ‘ਯੰਗਸਤਾਨ ਕੈਲਗਰੀ’ ਦੇ ਬੱਚਿਆਂ ਵਲੋਂ ਵੱਖ-ਵੱਖ ਵਿਸ਼ਿਆਂ ਤੇ ਕਵਿਤਾਵਾਂ ਪੜ੍ਹੀਆਂ ਗਈਆਂ।ਮੀਟਿੰਗ ਦੌਰਾਨ ਸੁਖਵੀਰ ਗਰੇਵਾਲ, ਦਰਸ਼ਨ ਔਜਲਾ, ਰਾਜਵੰਤ ਕੌਰ ਮਾਨ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।ਅੰਤਰ ਰਾਸ਼ਟਰੀ ਵਿਮੈਨ ਡੇ ਬਾਰੇ ਬੋਲਦਿਆਂ ਰਾਜਵੰਤ ਕੌਰ ਮਾਨ ਨੇ ਇਤਿਹਾਸਕ ਪ੍ਰਸੰਗ ਵਿੱਚ ਔਰਤਾਂ ਦੇ ਰੋਲ, ਉਨ੍ਹਾਂ ਨਾਲ ਹੋਏ ਧੱਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।ਮਾਸਟਰ ਭਜਨ ਸਿੰਘ ਨੇ ਸਟੇਜ ਸਕੱਤਰ ਦੀਆਂ ਸੇਵਾਵਾਂ ਨਿਭਾਉਂਦਿਆਂ ਜਾਣਕਾਰੀ ਦਿੱਤੀ ਕਿ 12 ਮਾਰਚ ਦੇ ਨਾਟਕ ਸਮਾਗਮ ਦੌਰਨ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ’ ਵਲੋਂ ਨਵੀਂਆਂ ਤੇ ਪੁਰਾਣੀਆਂ ਪੁਸਤਕਾਂ ਦੇ ਮੇਲਾ ਵੀ ਲਗਾਇਆ ਜਾਵੇਗਾ, ਜਿੱਥੋਂ ਪਾਠਕ ਆਪਣੀ ਮਨਪਸੰਦ ਦੀਆਂ ਕਿਤਾਬਾਂ ਖਰੀਦ ਸਕਣਗੇ।