Headlines

ਜਤਿੰਦਰ ਸਿੰਘ ਹੈਪੀ ਗਿੱਲ ਵਲੋਂ ਚੋਣ ਖਿਲਾਫ ਅਦਾਲਤ ਵਿਚ ਜਾਣ ਦਾ ਐਲਾਨ

ਕਮੇਟੀ ਚੋ ਕੱਢੇ ਗਏ ਮੈਂਬਰਾਂ ਉਪਰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦਾ ਦੋਸ਼-

ਐਬਟਸਫੋਰਡ ( ਦੇ ਪ੍ਰ ਬਿ) – ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਵਿਚ ਬੇਨਿਯਮੀਆਂ ਤੇ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਹੋਣ ਦੇ ਦੋਸ਼ ਲਗਾਉਂਦਿਆਂ ਚੋਣ ਹਾਰਨ ਵਾਲੇ ਜਤਿੰਦਰ ਸਿੰਘ ਹੈਪੀ ਗਿੱਲ ਨੇ ਇਸ ਚੋਣ ਖਿਲਾਫ ਅਦਾਲਤ ਵਿਚ ਜਾਣ ਦਾ ਐਲਾਨ ਕੀਤਾ ਹੈ। ਉਹਨਾਂ ਇਥੇ ਇਕ ਬਿਆਨ ਵਿਚ ਕਿਹਾ ਹੈ ਕਿ ਉਹਨਾਂ ਨੇ ਅਦਾਲਤ ਦੇ ਹੁਕਮਾਂ ਤਹਿਤ ਕਰਵਾਈ ਗਈ ਚੋਣ ਵਿਚ ਹਰ ਤਰਾਂ ਦਾ ਸਹਿਯੋਗ ਦਿੱਤਾ ਪਰ ਉਹਨਾਂ ਦੀ ਵਿਰੋਧੀ ਸਲੇਟ ਨੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਅਦਾਲਤ ਨੇ ਕਮੇਟੀ ਚੋ ਕੱਢੇ ਗਏ 23 ਮੈਂਬਰਾਂ ਉਪਰ ਚੋਣ ਪ੍ਰਕਿਰਿਆ ਵਿਚ ਹਿੱਸਾ ਨਾ ਲੈਣ ਦੀ ਰੋਕ ਲਗਾਈ ਸੀ ਪਰ ਸਬੂਤ ਸਾਹਮਣੇ ਹਨ ਕਿ ਇਹ ਚੋਣ ਇਹਨਾਂ ਕੱਢੇ ਗਏ ਮੈਂਬਰਾਂ ਵਲੋ ਹੀ ਲੜੀ ਗਈ। ਉਹਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਉਹਨਾਂ ਨੇ ਮੌਜੂਦਾ ਪ੍ਰਧਾਨ ਹੋਣ ਦੇ ਨਾਤੇ ਚੋਣ ਦੇ ਸਾਰੇ ਪ੍ਰਬੰਧ ਕਰਵਾਏ ਪਰ ਉਸਨੂੰ ਵੋਟਾਂ ਸ਼ੁਰੂ ਹੋਣ ਤੋ ਪਹਿਲਾਂ ਵੋਟਾਂ ਵਾਲੀ ਥਾਂ ਤੋ ਬਾਹਰ ਜਾਣ ਲਈ ਕਹਿ ਦਿੱਤਾ ਗਿਆ। ਉਹਨਾਂ ਨੇ ਚੋਣ ਕਮੇਟੀ ਦਾ ਹੁਕਮ ਮੰਨਿਆ ਪਰ ਵਿਰੋਧੀ ਧਿਰ ਦੇ ਆਗੂ ਤੇ ਵਰਕਰ ਆਪ ਵੋਟਾਂ ਪੁਆਉਂਦੇ ਰਹੇ। ਉਹਨਾਂ ਦੋਸ਼ ਲਗਾਇਆ ਕਿ ਉਸਦੇ ਆਪਣੇ ਪੁੱਤਰ ਅਤੇ ਕਈ ਹੋਰ ਸਮਰਥਕਾਂ ਨੂੰ ਵੋਟਾਂ ਪਾਉਣ ਤੋ ਰੋਕਿਆ ਗਿਆ।

ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਦਾਲਤ ਨੇ ਉਹਨਾਂ ਨੂੰ ਇਸ ਚੋਣ ਖਿਲਾਫ ਕੋਈ ਵੀ ਇਤਰਾਜ ਪ੍ਰਗਟ ਕਰਨ ਦਾ ਪਹਿਲਾਂ ਹੀ 30 ਦਿਨ ਦਾ ਸਮਾਂ ਦਿੱਤਾ ਸੀ। ਇਸ ਲਈ ਹੁਣ ਉਹ ਆਪਣੇ ਇਤਰਾਜਾਂ ਸਮੇਤ ਅਦਾਲਤ ਵਿਚ ਜਾਣਗੇ। ਉਹਨਾਂ ਕਿਹਾ ਕਿ ਇਸ ਉਪਰੰਤ ਅਦਾਲਤ ਜੋ ਫੈਸਲਾ ਸੁਣਾਏਗੀ ਉਹਨਾਂ ਨੂੰ ਮਨਜੂਰ ਹੋਵੇਗਾ।

ਜ਼ਿਕਰਯੋਗ ਹੈ ਕਿ ਅਦਾਲਤ ਵਲੋਂ ਨਿਯੁਕਤ ਕੀਤੇ ਗਏ ਵਕੀਲ ਰੌਨ ਲੈਫਵਰ ਦੀ ਨਿਗਰਾਨੀ ਹੇਠ ਬੀਤੇ ਦਿਨ ਗੁਰਦੁਆਰਾ ਕਮੇਟੀ ਦੀ ਚੋਣ ਕਰਵਾਈ ਗਈ, ਜਿਸ ਵਿਚ ਮਨਿੰਦਰ ਸਿੰਘ ਗਿੱਲ ਦੀ ਸਲੇਟ ਨੂੰ 2500 ਤੋ ਉਪਰ ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਹੈ।