Headlines

ਭਗਵੰਤ ਮਾਨ ਦੀ ਸਰਕਾਰ ਨੇ 9 ਮਹੀਨੇ ਵਿਚ 900 ਕਰੋੜ ਕੇਵਲ ਪ੍ਰਚਾਰ ਤੇ ਖਰਚੇ- ਪ੍ਰਗਟ ਸਿੰਘ

ਸੂਬੇ ਵਿਚ ਅਮਨ-ਕਨੂੰਨ ਦੀ ਹਾਲਤ ਤਰਸਯੋਗ-

ਐਬਟਸਫੋਰਡ ( ਦੇ ਪ੍ਰ ਬਿ)- ਪੰਜਾਬ ਵਿਚ ਲੋਕਾਂ ਨੂੰ ਸਬਜ਼ ਬਾਗ ਵਿਖਾਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਿਆਂ ਦੀ ਪੂਰਤੀ ਲਈ ਅਸਮਾਨ ਨੂੰ ਟਾਕੀਆਂ ਲਗਾਉਣ ਦੇ ਯਤਨ ਕਰ ਰਹੀ ਹੈ। ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਸਰਕਾਰ ਨੇ ਜਿਸਨੇ ਆਪਣੀ ਸੱਤਾ ਦੇ ਪਹਿਲੇ 9 ਮਹੀਨਿਆਂ ਵਿਚ ਹੀ 900 ਕਰੋੜ ਰੁਪਏ ਪਾਰਟੀ ਪ੍ਰਚਾਰ ਉਪਰ ਖਰਚ ਦਿੱਤੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ  ਸਾਬਕਾ ਹਾਕੀ ਉਲੰਪੀਅਨ, ਸਾਬਕਾ ਮੰਤਰੀ ਤੇ ਜਲੰਧਰ ਕੈਂਟ ਤੋ ਵਿਧਾਇਕ ਸ ਪ੍ਰਗਟ ਸਿੰਘ ਨੇ ਇਥੇ ਦੇਸ ਪ੍ਰਦੇਸ ਟਾਈਮਜ਼ ਨਾਲ ਇਕ ਮਿਲਣੀ ਦੌਰਾਨ ਪੰਜਾਬ  ਦੀ ਭਗਵੰਤ ਮਾਨ ਸਰਕਾਰ ਦੀ ਕਾਰਗੁਜਾਰੀ ਉਪਰ ਟਿਪਣੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਹ ਸੱਚਾਈ ਹੈ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਤੋਂ ਬਦਜ਼ਨ ਹੁੰਦਿਆਂ ਆਮ ਆਦਮੀ ਪਾਰਟੀ ਨੂੰ ਭਾਰੀ ਫਤਵਾ ਦੇਕੇ ਸੱਤਾ ਵਿਚ ਲਿਆਂਦਾ  ਪਰ ਹੁਣ ਇਸ ਪਾਰਟੀ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੇ ਵੀ ਲੋਕਾਂ ਨੂੰ ਇਸਦੀ ਅਸਲੀਅਤ ਦੇ ਦਰਸ਼ਨ ਕਰਵਾ ਦਿੱਤੇ ਹਨ। ਉਹਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਰਵਾਇਤੀ ਸਿਆਸਤ ਨੂੰ ਭੰਡਣ ਤੇ ਵੱਡੇ ਵੱਡੇ ਵਾਅਦਿਆਂ ਉਪਰ ਟਿਪਣੀ ਕਰਦਿਆਂ ਕਿਹਾ ਕਿ ਅਜੋਕੀ ਸਿਆਸਤ ਵਿਚ ਉਸੇ ਆਗੂ ਨੂੰ ਕਾਮਯਾਬ ਸਮਝਿਆ ਜਾਣ ਲੱਗਾ ਹੈ ਕਿ ਜੋ ਵੱਡੀਆਂ ਵੱਡੀਆਂ ਗੱਪਾਂ ਦੇ ਸਹਾਰੇ ਲੋਕਾਂ ਨੂੰ ਭਰਮਾਉਣ ਵਿਚ ਸਫਲ ਰਹਿੰਦਾ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਕ ਅਜਿਹਾ ਆਗੂ ਦੱਸਿਆ ਜੋ ਆਪਣੀ ਕਲਾਕਾਰੀ ਦੇ ਆਸਰੇ ਲੋਕਾਂ ਨੂੰ ਭਰਮਾਉਣ ਵਿਚ ਸਫਲ ਰਿਹਾ ਹੈ ਪਰ ਉਹਨਾਂ ਨਾਲ ਹੀ ਕਿਹਾ ਕਿ ਝੂਠ ਦੀ ਦੁਕਾਨਦਾਰੀ ਜ਼ਿਆਦਾ ਸਮਾਂ ਨਹੀ ਚੱਲਦੀ। ਲੋਕ ਤੁਹਾਥੋ ਬੇਹਤਰ ਪ੍ਰਸ਼ਾਸਨ ਦੀ ਉਮੀਦ ਕਰਦੇ ਹਨ। ਜਦੋ ਕੋਈ ਆਗੂ ਜਾਂ ਸਰਕਾਰ ਲੋਕਾਂ ਦੀ ਉਮੀਦ ਉਪਰ ਖਰਾ ਨਹੀ ਉਤਰਦੀ ਤਾਂ ਲੋਕਾਂ ਵਿਚ ਨਿਰਾਸ਼ਾ ਦਾ ਉਪਜਣਾ ਸੁਭਾਵਿਕ ਹੈ। ਉਹਨਾਂ ਯਾਦ ਕਰਾਇਆ ਕਿ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਦੇਣ ਦੀ ਬਿਜਾਏ ਵਿਰੋਧੀਆਂ ਖਿਲਾਫ ਵਿਜੀਲੈਂਸ ਜਾਂ ਹੋਰ ਸਰਕਾਰੀ ਏਜੰਸੀਆਂ ਦਾ ਸ਼ਿਕੰਜਾ ਕੱਸਣ ਦੀ ਕਵਾਇਦ ਵੀ ਜਿਆਦਾ ਸਮਾਂ ਨਹੀ ਚੱਲਦੀ। ਭ੍ਰਿਸ਼ਟ ਆਗੂਆਂ ਖਿਲਾਫ ਕਾਰਵਾਈ ਕਰਨੀ ਵੀ ਜ਼ਰੂਰੀ ਹੈ ਪਰ ਸਰਕਾਰੀ ਏਜੰਸੀਆਂ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤਣਾ ਵੀ ਕਦਾਚਿਤ ਵਾਜਿਬ ਨਹੀ।

ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾਅਵੇ ਜੋ ਮਰਜੀ ਕਰੇ ਪਰ ਸੱਚਾਈ ਇਹ ਹੈ ਕਿ ਸੂਬੇ ਵਿਚ ਅਮਨ ਕਨੂੰਨ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਰਕਾਰ ਤੇ ਪ੍ਰਸ਼ਾਸਨ ਵਿਚਾਲੇ ਤਾਲਮੇਲ ਦੀ ਘਾਟ ਕਾਰਣ ਅਰਾਜਕਤਾ ਵਾਲੀ ਸਥਿਤੀ ਬਣੀ ਹੋਈ ਹੈ। ਗੁੰਡਾ ਅਨਸਰ ਬੇਖੌਫ ਕਾਰਵਾਈਆਂ ਕਰ ਰਹੇ ਹਨ। ਅਮਨ ਕਨੂੰਨ ਦੀ ਚਿੰਤਾਜਨਕ ਹਾਲਤ ਤੋ ਇਲਾਵਾ ਸਰਕਾਰ ਵਲੋਂ ਰਾਜ ਵਿਚ ਹਜ਼ਾਰਾਂ ਕਰੋੜ ਦੇ ਨਿਵੇਸ਼ ਦੇ ਦਾਅਵਿਆਂ ਨੂੰ ਵੀ ਗੱਲਾਂ ਦਾ ਕੜਾਹ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਚੋਣਾਂ ਤੋ ਪਹਿਲਾਂ ਇਹ ਦਾਅਵੇ ਕਰਦੇ ਨਹੀ ਸੀ ਥੱਕਦੀ ਕਿ ਉਹ ਚੋਰ ਮੋਰੀਆਂ ਬੰਦ ਕਰਕੇ ਸਰਕਾਰੀ ਖਜ਼ਾਨੇ ਭਰ ਦੇਵੇਗੀ ਪਰ ਅਸਲੀਅਤ ਇਹ ਹੈ ਕਿ ਹੁਣ ਤੱਕ ਆਪ ਸਰਕਾਰ 40 ਹਜ਼ਾਰ ਕਰੋੜ ਦਾ ਕਰਜਾ ਲੈ ਚੁੱਕੀ ਹੈ। ਉਹਨਾਂ ਅਗਲੇ ਦਿਨਾਂ ਵਿਚ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦੀ ਵੀ ਚੇਤਾਵਨੀ ਦਿੱਤੀ।

ਉਹਨਾਂ ਹੋਰ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਪੰਜਾਬ ਵਿਚ ਮਜ਼ਬੂਤ ਪਕੜ ਰੱਖਣ ਤੇ ਦਿੱਲੀ ਦੀਆਂ ਨੀਤੀਆਂ ਨੂੰ ਹੁਬਹੂ ਲਾਗੂ ਕਰਨ ਦੀ ਜ਼ਿਦ ਕਾਰਣ ਵੀ ਪੰਜਾਬ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ। ਉਹਨਾਂ ਇਸਦੀ ਮਿਸਾਲ ਵਜੋ ਦੱਸਿਆ ਕਿ ਕਿਵੇ ਆਮ ਆਦਮੀ ਮੁਹੱਲਾ ਕਲੀਨਿਕ ਦੇ ਨਾਮ ਹੇਠ ਪਹਿਲਾਂ ਸਥਾਪਿਤ ਸਿਹਤ ਕੇਂਦਰਾਂ ਉਪਰ ਹੀ ਮੁਹੱਲਾ ਕਲੀਨਿਕਾਂ ਦੇ ਫੱਟੇ ਲਗਾਏ ਜਾ ਰਹੇ ਹਨ। ਮੁਹੱਲਾ ਕਲੀਨਿਕਾਂ ਦੇ 10 ਕਰੋੜ ਦੇ ਪ੍ਰਜੈਕਟ ਉਪਰ 30 ਕਰੋੜ ਰੁਪਏ ਪ੍ਰਚਾਰ ਲਈ ਖਰਚੇ ਗਏ। ਜਦੋਂ ਹੈਲਥ ਸੈਕਟਰੀ ਵਲੋਂ ਪ੍ਰਚਾਰ ਉਪਰ ਕਰੋੜਾਂ ਰੁਪਏ ਜ਼ਾਇਆ ਨਾ ਕਰਨ ਦੀ ਸਲਾਹ ਦਿੱਤੀ ਗਈ ਤਾਂ ਉਸ ਉਚ ਅਧਿਕਾਰੀ ਦੀ ਰਾਤੋ ਰਾਤ ਬਦਲੀ ਕਰ ਦਿੱਤੀ ਗਈ। ਉਸਦੀ ਜਾਂਚ ਖੋਹਲਣ ਦਾ ਵੀ ਡਰਾਵਾ ਦਿੱਤਾ ਗਿਆ।

ਸਾਬਕਾ ਮੰਤਰੀ ਤੇ ਵਿਧਾਇਕ ਪ੍ਰਗਟ ਸਿੰਘ ਨੇ ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਬਿਨਾਂ ਸ਼ੱਕ ਇਸ ਯਾਤਰਾ ਨੇ ਰਾਹੁਲ ਗਾਂਧੀ ਨੂੰ ਦੇਸ਼ ਲਈ ਚਿੰਤਤ ਤੇ  ਇਕ ਸੰਜੀਦਾ ਆਗੂ ਵਜੋਂ  ਉਭਾਰਿਆ ਹੈ। ਕਾਂਗਰਸ ਹਾਈਕਮਾਨ ਵਲੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਮੂਲੀਅਤ ਅਤੇ ਫਿਰ ਕਾਂਗਰਸ ਕਾਰਜਕਾਰਣੀ ਵਿਚ ਮੈਂਬਰ ਲਏ ਜਾਣ ਦੀਆਂ ਖਬਰਾਂ ਬਾਰੇ ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਗਲਤੀਆਂ ਕਰਦੀਆਂ ਹਨ ਪਰ ਜਿਥੋ ਤੱਕ ਉਹਨਾਂ ਦਾ ਸਵਾਲ ਹੈ ਉਹ ਪਾਰਟੀ ਦੇ ਕਿਸੇ ਵੀ ਗਲਤ ਫੈਸਲੇ ਖਿਲਾਫ ਆਪਣਾ ਵਿਰੋਧ ਜਿਤਾਉਣ ਤੋ ਪਿੱਛੇ ਨਹੀ ਹਟੇ।

ਕੈਪਸ਼ਨ- ਸਾਬਕਾ ਮੰਤਰੀ ਤੇ ਜਲੰਧਰ ਕੈਂਟ ਤੋ ਵਿਧਾਇਕ ਸ ਪ੍ਰਗਟ ਸਿੰਘ ਦੀ ਐਬਟਸਫੋਰਡ ਫੇਰੀ ਦੌਰਾਨ ਉਹਨਾਂ ਨਾਲ ਸ ਜਗਜੀਤ ਸਿੰਘ ਜੱਗੀ ਤੂਰ, ਲਾਲੀ ਸੰਧੂ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ।