Headlines

ਸੰਪਾਦਕੀ- ਨਿਹੰਗ ਬਾਣੇ ਵਾਲੇ ਕੈਨੇਡੀਅਨ ਸਿੱਖ ਦੀ ਦੁਖਦਾਈ ਹੱਤਿਆ

ਸਿੱਖੀ ਵਿਚ ਆਏ ਨਿਘਾਰ ਦੀ ਨਿਸ਼ਾਨਦੇਹੀ….

-ਸੁਖਵਿੰਦਰ ਸਿੰਘ ਚੋਹਲਾ—————

ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਪਰ ਹੋਲੇ ਮੁਹੱਲੇ ਦੇ ਮੌਕੇ ਨਿਹੰਗ ਬਾਣੇ ਵਿਚ ਸਜੇ ਇਕ ਸਿੱਖ ਨੌਜਵਾਨ ਦੇ ਕਤਲ ਦੀ ਘਟਨਾ ਬਹੁਤ ਹੀ ਹਿਰਦੇਵੇਧਕ ਤੇ ਦਿਲ ਨੂੰ ਕੰਬਾਅ ਦੇਣ ਵਾਲੀ ਹੈ। ਲਗਪਗ 24 ਸਾਲ ਦਾ ਇਹ ਨੌਜਵਾਨ ਜਿਸਦੀ ਪਛਾਣ ਪਰਦੀਪ ਸਿੰਘ ਵਾਸੀ ਪਿੰਡ ਗਾਜੀਕੋਟ ਜਿਲਾ ਗੁਰਦਾਸਪੁਰ ਵਜੋ ਹੋਈ ਹੈ, ਕੈਨੇਡਾ ਦਾ ਪੀ ਆਰ ਸੀ ਤੇ ਉਹ ਕੁਝ ਸਮਾਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਮਿਲਣ ਪੰਜਾਬ ਆਇਆ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ ਉਹ ਆਪਣੇ ਇਕ ਦੋਸਤ ਨਾਲ ਹੋਲੇ ਮੁਹੱਲੇ ਦੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਮੇਲੇ ਨੂੰ ਗਿਆ ਸੀ। ਇਸ ਦੌਰਾਨ ਉਸਨੇ ਪਵਿੱਤਰ ਤਿਊਹਾਰ ਨੂੰ ਮੇਲੇ ਵਾਂਗ ਮਨਾ ਰਹੇ ਕੁਝ ਮਨਚਲੇ ਨੌਜਵਾਨਾਂ ਨਾਲ ਉਹਨਾਂ ਵਲੋਂ ਆਪਣੀ ਜੀਪ ਵਿਚ ਲਗਾਏ ਉਚੀ ਆਵਾਜ ਵਿਚ ਵਜਾਏ ਜਾ ਰਹੇ ਗੀਤਾਂ ਨੂੰ ਲੈਕੇ ਬਹਿਸ ਹੋ ਗਈ। ਉਸਨੇ ਉਹਨਾਂ ਨੌਜਵਾਨਾਂ ਨੂੰ ਗੁਰੂ ਅਸਥਾਨ ਦੀ ਧਾਰਮਿਕ ਪਵਿੱਤਰਤਾ ਤੇ ਸਤਿਕਾਰ ਦੀ ਯਾਦ ਦਿਵਾਉਂਦਿਆਂ ਉਹਨਾਂ ਨੂੰ ਅਜਿਹੇ ਗੀਤ ਸੰਗੀਤ ਤੇ ਨਾਚ ਗਾਣੇ ਤੋ ਵਰਜਣ ਦਾ ਯਤਨ ਕੀਤਾ ਪਰ ਗੱਲ ਸਮਝਣ ਸਮਝਾਉਣ ਦੋ ਬਾਹਰੀ ਹੁੰਦਿਆਂ ਹਿੰਸਕ ਲੜਾਈ ਝਗੜੇ ਵਿਚ ਬਦਲ ਗਈ। ਚਸ਼ਮਦੀਦ ਗਵਾਹਾਂ ਤੇ ਪ੍ਰਾਪਤ ਵੀਡੀਓ ਮੁਤਾਬਿਕ ਨਿਹੰਗ ਸਿੰਘ ਨੇ ਨੌਜਵਾਨਾਂ ਨੂੰ ਆਪਣੀ ਤਲਵਾਰ ਨਾਲ ਡਰਾਉਣ ਦਾ ਯਤਨ ਕੀਤਾ ਪਰ ਅੱਗੋ ਨੌਜਵਾਨਾਂ ਦੀ ਗਿਣਤੀ ਜਿਆਦਾ ਹੋਣ ਕਾਰਣ ਮਾਮਲਾ ਵਿਗੜ ਗਿਆ। ਇਕ ਵੀਡੀਓ ਕਲਿਪ ਵਿਚ ਨਿਹੰਗ ਸਿੰਘ ਦੀ ਬੁਰੀ ਤਰਾਂ ਮਾਰਕੁਟਾਈ ਕਰਦਿਆਂ ਤੇ ਫਿਰ ਉਸਦਾ ਬੇਹੋਸ਼ ਹੋ ਕੇ ਡਿੱਗਣ ਦਾ ਦ੍ਰਿਸ਼ ਬਹੁਤ ਹੀ ਦਿਲ ਕੰਬਾਊ ਹੈ। ਇਸ ਘਟਨਾ ਦਾ ਦੁਖਦਾਈ ਤੇ ਅਫਸੋਸਨਾਨ ਪਹਿਲੂ ਇਹ ਵੀ ਰਿਹਾ ਕਿ ਆਸ ਪਾਸ ਖੜੇ ਲੋਕ ਕੇਵਲ ਤਮਾਸ਼ਾ ਦੇਖਦੇ ਰਹੇ, ਵੀਡੀਓਗ੍ਰਾਫੀ ਕਰਦੇ ਰਹੇ ਪਰ ਕਿਸੇ ਨੇ ਇਹਨਾਂ ਨੂੰ ਛੁਡਾਉਣ ਜਾਂ ਬਚਾਉਣ ਦਾ ਯਤਨ ਨਹੀ ਕੀਤਾ। ਮੌਕੇ ਤੇ ਮੌਜੂਦ ਕੋਈ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਵੀ ਦਿਖਾਈ ਨਹੀ ਦਿੱਤਾ।

ਮਾਪਿਆ ਦੇ ਇਕਲੌਤੇ ਪੁੱਤਰ ਪਰਦੀਪ ਸਿੰਘ ਦਾ ਇਸ ਤਰਾਂ ਇਕ ਮਹਾਨ ਧਾਰਮਿਕ ਸਥਾਨ ਉਪਰ ਗੁੰਡਾ ਅਨਸਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਣਾ ਤੇ ਜਾਨੋ ਹੱਥ ਧੋ ਬੈਠਣਾ ਜਿਥੇ ਅਤੀ ਪੀੜਾਦਾਇਕ ਹੈ ਉਥੇ ਸਾਡੇ ਧਾਰਮਿਕ ਸਥਾਨਾਂ ਤੇ ਧਾਰਮਿਕ ਜੋੜ ਮੇਲਿਆਂ ਤੇ ਤਿਊਹਾਰਾਂ ਪ੍ਰਤੀ ਲੋਕਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਪੇਤਲੇ ਨਜ਼ਰੀਏ ਪ੍ਰਤੀ ਵੀ ਵੱਡੇ ਸਵਾਲ ਪੈਦਾ ਕਰਦਾ ਹੈ । ਸਵਾਲ ਇਹ ਵੀ ਜੇ ਸਾਡੀ ਨੌਜਵਾਨ ਪੀੜੀ ਆਪਣੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਤੇ ਉਹਨਾਂ ਦੀ ਇਤਿਹਾਸਕ ਮਹੱਤਤਾ ਤੋ ਅਣਜਾਣ ਹੈ ਤਾਂ ਦੂਸਰੇ ਪਾਸੇ ਸਵਾਲ ਉਸ ਧਾਰਮਿਕ ਕੱਟੜਤਾ ਉਪਰ ਹੈ ਜੋ ਉਹਨਾਂ ਨੂੰ ਪਿਆਰ ਨਾਲ ਪ੍ਰੇਰਨ ਦੀ ਬਿਜਾਏ ਜਬਰੀ ਆਪਣਾ ਕਨੂੰਨ ਕਾਇਦਾ ਸਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਨਿਹੰਗ ਸਿੰਘ ਨੌਜਵਾਨ ਦੀ ਨਿਰਮਮ ਹੱਤਿਆ ਦਾ ਦੁਖ ਮਨਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਗੁੰਡਾ ਅਨਸਰਾਂ ਨੇ ਆਪਣੇ ਲੱਚਰ ਸੌਕ ਦੀ ਪੂਰਤੀ ਵਿਚ ਅੜਿਕਾ ਡਾਹੁਣ ਨੂੰ ਬਰਦਾਸ਼ਤ ਨਾ ਕਰਦਿਆਂ ਉਸਨੂੰ ਜਾਨੋ ਮਾਰ ਮੁਕਾਇਆ। ਇਹ ਸਚਮੁੱਚ ਦੁਖਦਾਈ ਹੈ ਪਰ ਇਸ ਘਟਨਾ ਦਾ ਸਾਹਮਣੇ ਆਇਆ ਦੂਸਰਾ ਪਹਿਲੂ ਇਹ ਵੀ ਹੈ ਕਿ ਨਿਹੰਗ ਸਿੰਘ ਦੀ ਤਲਵਾਰ ਦੇ ਵਾਰ ਨਾਲ ਆਪਣੇ ਦੋਵੇਂ ਗੁੱਟ ਲੁਹਾ ਬੈਠਾ ਇਕ ਨੌਜਵਾਨ ਪੀਜੀਆਈ ਵਿਚ ਬਹੁਤ ਹੀ ਤਰਸਯੋਗ ਹਾਲਤ ਵਿਚ ਪਿਆ ਹੈ। ਜਾਹਰ ਹੈ ਕਿ ਦੋਵਾਂ ਧਿਰਾਂ ਵਿਚਾਲੇ ਬਹਿਸ ਮੁਬਾਸੇ ਉਪਰੰਤ ਤਲਵਾਰਾਂ ਚੱਲਣ ਤੇ ਫਿਰ ਇਕ ਦੂਸਰੇ ਨੂੰ ਮਾਰ ਮਕਾਉਣ ਤੱਕ ਗੱਲ ਪੁੱਜ ਗਈ। ਇਸ ਘਟਨਾ ਦਾ ਹਿੰਸਕ ਰੂਪ ਵਟਾ ਲੈਣ ਦੇ ਮੂਲ ਵਿਚ ਸ਼ਾਇਦ ਪੰਜਾਬੀ ਸੁਭਾਅ ਕਾਫੀ ਹੱਦ ਤੱਕ ਜਿੰਮੇਵਾਰ ਰਿਹਾ ਹੋਵੇਗਾ। ਪੰਜਾਬੀਆਂ ਨੂੰ ਕੋਈ ਗੱਲ ਪਿਆਰ ਨਾਲ ਤਾਂ ਸਮਝਾਈ ਜਾ ਸਕਦੀ ਹੈ, ਗੁੱਸੇ ਜਾਂ ਰੋਹਬ ਨਾਲ ਨਹੀ। ਇਸ ਦਰਦਨਾਕ ਘਟਨਾ ਦਾ ਇਕ ਹੋਰ ਪਹਿਲੂ ਬੇਚੈਨ ਕਰਨ ਵਾਲਾ ਹੈ ਕਿ ਖਾਲਸੇ ਦੀ ਜਨਮ ਭੂਮੀ ਤੇ ਨਿਹੰਗ ਸਿੰਘ ਦੇ ਬਾਣੇ ਵਿਚ ਵਿਚਰ ਰਹੇ ਇਕ ਨੌਜਵਾਨ ਦਾ ਭੀੜ ਦੇ ਸਾਹਮਣੇ ਮਾਰਕੁਟਾਈ ਕਰਦਿਆਂ ਕਤਲ ਕਰ ਦਿੱਤਾ ਗਿਆ। ਖਾਲਸੇ ਦੀ ਉਹ ਧਰਤੀ ਜਿਥੇ ਨਿਹੰਗ ਸਿੰਘਾਂ ਨੂੰ ਗੁਰੂ ਦੀਆਂ ਲਾਡਲੀਆਂ ਫੋਜਾਂ ਕਹਿਕੇ ਸਤਿਕਾਰਿਆ ਜਾਂਦਾ ਹੈ। ਪਰ ਉਸੇ ਧਰਤੀ ਉਪਰ ਸੈਂਕੜੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਿਹੰਗ ਬਾਣੇ ਵਾਲੇ ਨੌਜਵਾਨ ਨੂੰ ਅਪਮਾਨਿਤ ਕੀਤੇ ਜਾਣਾ ਤੇ ਫਿਰ ਮੌਤ ਦੇ ਘਾਟ ਉਤਾਰ ਦੇਣਾ ਸਿੱਖੀ ਵਿਚ ਆਏ ਨਿਘਾਰ ਦੀ ਵੀ ਨਿਸ਼ਾਨਦੇਹੀ ਕਰਦਾ ਹੈ। ਕੈਨੇਡਾ ਵਰਗੇ ਵਿਕਸਿਤ ਮੁਲਕ ਵਿਚ ਰਹਿਣ ਵਾਲਾ ਇਕ ਨੌਜਵਾਨ ਪੰਜਾਬ ਪਰਤਦਿਆਂ ਉਸ ਨਿਹੰਗ ਸਿੰਘ ਬਾਣੇ ਨੂੰ ਪਹਿਨਕੇ ਤਾਂ ਮਾਣ ਮਹਿਸੂਸ ਕਰਦਾ ਹੈ ਪਰ ਉਸਦੇ ਇਸ ਮਾਣ ਦਾ ਜਨਾਜਾ ਉਸ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਕਿਵੇਂ ਨਿਕਲਿਆ, ਇਹ ਪੰਥਕ ਕਹਾਉਣ ਵਾਲੇ ਲੋਕਾਂ ਤੇ ਦਾਅਵੇਦਾਰਾਂ ਨੂੰ ਹਲੂਣਨ ਵਾਲਾ ਤੇ ਸ਼ਰਮਨਾਕ ਵੀ ਹੈ।