Headlines

ਕੈਲਗਰੀ ਵਿੱਚ ‘ਦਿੱਲੀ ਰੋਡ ਤੇ ਇੱਕ ਹਾਦਸਾ’ ਦਾ ਸਫਲ ਪ੍ਰਦਸ਼ਨ

ਕੈਲਗਰੀ ( ਹਰਚਰਨ ਸਿੰਘ ਪਰਿਹਾਰ)- ਉਘੀ ਥੀਏਟਰ ਕਲਾਕਾਰ ਤੇ ਪੰਜਾਬੀ ਫਿਲਮ ਐਕਟਰ ਅਨੀਤਾ ਸਬਦੀਸ਼ ਵਲੋਂ ਪਾਲੀ ਭੁਪਿੰਦਰ ਸਿੰਘ ਦੇ ਲ਼ਿਖੇ ਨਾਟਕ ‘ਦਿੱਲੀ ਰੋਡ ਤੇ ਇੱਕ ਹਾਦਸਾ’ ਨਾਟਕ ਦਾ ਸਫਲ ਪ੍ਰਦਰਸ਼ਨ ਕੀਤਾ।ਸੈਂਟਰਲ ਲਾਇਬ੍ਰੇਰੀ ਕੈਲਗਰੀ ਡਾਊਨਟਾਊਨ ਦੇ ਦਰਸ਼ਕਾਂ ਨਾਲ਼ ਖਚਾ-ਖਚ ਭਰੇ ਥੀਏਟਰ ਵਿੱਚ ਦਰਸ਼ਕਾਂ ਨੇ ਸਾਹ ਰੋਕ ਇੱਕ ਘੰਟਾ ਅਨੀਤਾ ਦੀ ਕਮਾਲ ਦੀ ਕਲਾਕਾਰੀ ਦਾ ਅਨੰਦ ਮਾਣਿਆ। ਇਹ ਇੱਕ ਸੋਲੋ ਨਾਟਕ ਸੀ, ਜਿਸ ਵਿੱਚ ਅਨੀਤਾ ਨੇ ਵੱਖ-ਵੱਖ ਔਰਤਾਂ ਦੇ ਕਿਰਦਾਰ ਨਿਭਾਏ ਅਤੇ ਸਮਾਜ ਵਿੱਚ ਔਰਤਾਂ ਦੇ ਹਾਲਾਤਾਂ ਦੀ ਵੇਦਨਾ ਨੂੰ ਪ੍ਰਗਟ ਕੀਤਾ ਗਿਆ।ਬੇਸ਼ਕ ਨਾਟਕ ਦਾ ਵਿਸ਼ਾ ਕਾਫੀ ਗੰਭੀਰ ਸੀ, ਪਰ ਦਰਸ਼ਕਾਂ ਨੇ ਸਾਰਾ ਨਾਟਕ ਬੜੀ ਨੀਝ ਨਾਲ਼ ਦੇਖਿਆ।

‘ਪ੍ਰੌਗਰੈਸਿਵ ਕਲਚਰਲ਼ ਐਸੋਸੀਏਸ਼ਨ ਕੈਲਗਰੀ’ ਅਤੇ ‘ਸਿੱਖ ਵਿਰਸਾ ਇੰਟਰਨੈਸ਼ਨਲ’ ਵਲੋਂ ਇਹ ਸਮਾਗਮ 8 ਮਾਰਚ ਦੇ ‘ਕੌਮਾਂਤਰੀ ਨਾਰੀ ਦਿਵਸ’ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ 23 ਮਾਰਚ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਕੀਤਾ ਗਿਆ ਸੀ।ਇਸ ਮੌਕੇ ਤੇ ਕੈਮਲੂਪਸ ਤੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ ਲੇਖਕ, ਨਾਟਕ ਨਿਰਦੇਸ਼ਕ ਤੇ ਆਲੋਚਕ ਡਾ. ਸੁਰਿੰਦਰ ਧੰਜਲ ਨੇ ‘ਕੌਮਾਂਤਰੀ ਨਾਰੀ ਦਿਵਸ ਦੀ ਸਭਿਆਚਾਰਕ ਮਹੱਤਤਾ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਪੇਸ਼ ਕੀਤਾ। ਉਨ੍ਹਾਂ ਆਪਣੇ ਲੈਕਚਰ ਵਿੱਚ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਨਾਰੀ ਵਿਰੋਧੀ ਸਭਿਆਚਾਰ ਦੇ ਬਦਲ ਵਜੋਂ ਆਪਣੀਆਂ ਪੰਜਾਬੀ ਬੋਲੀਆਂ ਨੂੰ ਬੰਦ ਕਰਕੇ ਨਵੀਂਆਂ ਬੋਲੀਆਂ ਪ੍ਰਚਲਤ ਕਰਨੀਆਂ ਚਾਹੀਦੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪੰਜਾਬੀ ਬੋਲੀ, ‘ਨੀ ਮੈਂ ਸੱਸ ਕੁੱਟਣੀ, ਕੁੱਟਣੀ ਸਦੂਕਾਂ ਓਹਲੇ’ ਦੀ ਥਾਂ ਇਹ ਬੋਲੀ ਪ੍ਰਚਰਲਤ ਕਰਨੀ ਚਾਹੀਦੀ ਹੈ, ‘ਨੀ ਮੈਂ ਸੱਸ ਰੱਖਣੀ, ਰੱਖਣੀ ਮਾਂ ਬਣਾ ਕੇ’। ਵਿਅੰਗਮਾਈ ਲਹਿਜੇ ਵਿੱਚ ਗੱਲ ਨੂੰ ਅੱਗੇ ਤੋਰਦਿਆਂ, ਧੰਜਲ ਸਾਹਿਬ ਕਹਿੰਦੇ ਹਨ ਕਿ ਜੇ ਸੱਸ ਖਰਾਬੀ ਕਰਦੀ ਹੋਵੇ ਤਾਂ ਸਦੂਕਾਂ ਓਹਲੇ ਕਿਉਂ, ਸ਼ਰੇਆਮ ਸਭ ਦੇ ਸਾਹਮਣੇ ਕੁੱਟਣੀ ਚਾਹੀਦੀ ਹੈ? ਇਸ ਮੌਕੇ ਡਾ. ਧੰਜਲ ਦੀ ਕਿਤਾਬ ‘ਦੀਵੇ ਜਗਦੇ ਰਹਿਣ’ ਨੂੰ ਡਾ. ਧੰਜਲ, ਮਾਸਟਰ ਭਜਨ ਸਿੰਘ, ਪ੍ਰੋ ਗੋਪਾਲ ਜੱਸਲ, ਸੁਖਵੀਰ ਗਰੇਵਾਲ਼, ਗੁਰਦੀਪ ਕੌਰ ਪਰਹਾਰ, ਕੁਸੁਮ ਸ਼ਰਮਾ, ਰਿਸ਼ੀ ਨਾਗਰ, ਮਿਿਸਜ਼ ਮਾਨ ਵਲੋਂ ਰਿਲੀਜ਼ ਕੀਤਾ ਗਿਆ। ਡਾ. ਧੰਜਲ ਨੂੰ ਸਮਾਗਮ ਦੀਆਂ ਅਯੋਜਿਤ ਸੰਸਥਾਵਾਂ ਵਲੋਂ ਕਿਤਾਬਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਕੈਲਗਰੀ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੇ ਖੇਡਾਂ ਨਾਲ਼ ਜੋੜਨ ਲਈ ਪਿਛਲੇ ਕਈ ਸਾਲਾਂ ਤੋਂ ਸੁਖਵੀਰ ਗਰੇਵਾਲ਼ ਦੀ ਅਗਵਾਈ ਵਿੱਚ ਚੱਲ ਰਹੇ ‘ਯੰਗਸਤਾਨ ਕੈਲਗਰੀ’ ਦੇ ਬੱਚਿਆਂ ਸਲੋਨੀ ਗੌਤਮ, ਕੀਰਤ ਕੌਰ ਧਾਰਨੀ ਅਤੇ ਪ੍ਰਭਰੂਪ ਸਿੰਘ ਮਾਂਗਟ ਵਲੋਂ ਨਾਰੀ ਦਿਵਸ ਨੂੰ ਸਮਰਪਿਤ ਗੀਤ ਤੇ ਕਵਿਤਾਵਾਂ ਪੜ੍ਹੀਆਂ। ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਮੁੱਖ ਕਲਾਕਾਰ ਕਮਲਪ੍ਰੀਤ ਪੰਧੇਰ ਨੇ ਸਟੇਜ ਸਕੱਤਰ ਦੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਅਤੇ ਨਾਰੀ ਦਿਵਸ ਸਬੰਧੀ ਬੋਲਦੇ ਹੋਏ ਕਿਹਾ ਸਾਨੂੰ ਔਰਤਾਂ ਦੇ ਹੱਕਾਂ ਬਾਰੇ ਵੱਡੇ-ਵੱਡੇ ਲੈਕਚਰ ਦੀ ਥਾਂ ਘਰਾਂ ਵਿੱਚ ਆਪਣੀਆਂ ਮਾਵਾਂ, ਭੈਣਾਂ, ਧੀਆਂ, ਪਤਨੀਆਂ ਨੂੰ ਆਦਰ ਸਤਿਕਾਰ ਦੇਣ ਦੇ ਨਾਲ਼-ਨਾਲ਼ ਘਰੇਲੂ ਕੰਮਾਂ ਵਿੱਚ ਉਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਗਾਇਕ ਹਰਜੀਤ ਗਿੱਲ ਵਲੋਂ ਡਾ. ਸੁਰਿੰਦਰ ਧੰਜਲ ਦਾ ਗੀਤ ‘ਜੇ ਤੇਰਾ ਦਿਲ ਪੱਥਰ ਦਾ ਹੈ, ਅੱਖ ਦਾ ਭਰਨਾ ਡੁੱਲਣਾ ਕੀ’ ਸੁਰੀਲੀ ਆਵਾਜ ਵਿੱਚ ਪੇਸ਼ ਕੀਤਾ।

ਮਾਸਟਰ ਭਜਨ ਸਿੰਘ ਨੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਭਾਰੀ ਹੁੰਗਾਰਾ ਦੇਣ ਦੇ ਨਾਲ਼-ਨਾਲ਼ ਮੀਡੀਆ ਅਦਾਰਿਆਂ ਦਾ ਧੰਨਵਾਦ ਕੀਤਾ। ਜੋ ਹਰੇਕ ਪ੍ਰੋਗਰਾਮ ਨੂੰ ਕਵਰ ਕਰਨ ਲਈ ਪੂਰਨ ਸਹਿਯੋਗ ਦਿੰਦੇ ਹਨ।ਅਨੀਤਾ ਸਬਦੀਸ਼ ਦਾ ਡਾ. ਧੰਜਲ, ਹਰਚਰਨ ਸਿੰਘ ਪਰਹਾਰ ਅਤੇ ਮਾਸਟਰ ਭਜਨ ਸਿੰਘ ਵਲੋਂ ਕਿਤਾਬਾਂ ਦਾ ਸੈਟ ਭੇਟ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਪ੍ਰਬੰਧਕਾਂ ਦੀ ਅਪੀਲ ਤੇ ਦਰਸ਼ਕਾਂ ਨੇ ਅਨੀਤਾ ਸਬਦੀਸ਼ ਦੀ ਦਿਲ ਖੋਲ ਕੇ ਆਰਥਿਕ ਮੱਦਦ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਵਲੰਟੀਅਰਜ਼ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ।