Headlines

ਪਿਕਸ ਦਾ ਸਮਾਜਿਕ ਖੇਤਰ ਵਿਚ ਯੋਗਦਾਨ ਨਿਵੇਕਲਾ- ਪਦਮਸ੍ਰੀ ਪ੍ਰਗਟ ਸਿੰਘ

ਸਾਬਕਾ ਮੰਤਰੀ ਪੰਜਾਬ ਤੇ ਵਿਧਾਇਕ ਪ੍ਰਗਟ ਸਿੰਘ ਦਾ ਸਰੀ ਸਥਿਤ ਪਿਕਸ ਵਿਖੇ ਪੁੱਜਣ ਤੇ ਭਰਵਾਂ ਸਵਾਗਤ-

ਸਰੀ ( ਦੇ ਪ੍ਰ ਬਿ)- ਅੱਜ ਸਾਬਕਾ ਮੰਤਰੀ ਪੰਜਾਬ ਤੇ ਜਲੰਧਰ ਕੈਂਟ ਤੋ ਵਿਧਾਇਕ, ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਨੇ ਇਮੀਗ੍ਰਾਂਟਸ, ਨੌਜਵਾਨਾਂ ਤੇ ਬਜੁਰਗਾਂ ਦੀ ਭਲਾਈ ਲਈ ਕੰਮ ਕਰਦੀ ਕੈਨੇਡਾ ਦੀ ਮੋਹਰੀ ਸੰਸਥਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ ਸੁਸਾਇਟੀ ( ਪਿਕਸ) ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਪਿਕਸ ਦੇ ਸੀਈਓ ਸ ਸਤਿਬੀਰ ਸਿੰਘ ਚੀਮਾ, ਸੁਸਾਇਟੀ ਦੇ ਚੇਅਰਮੈਨ ਸ ਤਰਲੋਚਨ ਸਿੰਘ ਸੰਧੂ ਤੇ ਬੋਰਡ ਮੈਂਬਰ ਡਾ ਟੀਨਾ ਪੁਰੇਵਾਲ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ ਸਤਿਬੀਰ ਸਿੰਘ ਚੀਮਾ ਨੇ ਪਿਕਸ ਵਲੋਂ ਕੀਤੇ ਜਾ ਰਹੇ ਕਾਰਜਾਂ, ਪ੍ਰੋਗਰਾਮਾਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਮਿਊਨਿਟੀ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਪਿਕਸ ਵਲੋ ਉਸਾਰੇ ਜਾ ਰਹੇ ਗੁਰੂ ਨਾਨਕ ਵਿਲੇਜ ਲਈ ਭਾਈਚਾਰੇ ਦੇ ਲੋਕਾਂ ਵਲੋਂ ਦਿਲ ਖੋਹਲ ਕੇ ਦਾਨ ਦਿੱਤਾ ਗਿਆ ਹੈ। ਕਮਿਊਨਿਟੀ ਤੇ ਸਰਕਾਰ ਦੇ ਸਹਿਯੋਗ ਨਾਲ ਬਜੁਰਗਾਂ ਦੀ ਸਾਂਭ ਸੰਭਾਲ ਲਈ ਇਸ ਵੱਡੇ ਪ੍ਰਾਜੈਕਟ ਦਾ ਜਲਦ ਹੀ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਪਿਕਸ ਦੇ ਤਜੁਰਬੇਕਾਰ ਸਟਾਫ ਦੁਆਰਾ ਨਵੇਂ ਇਮੀਗ੍ਰਾਂਟਸ ਦੀ ਸਹਾਇਤਾ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਤੋਂ ਇਲਾਵਾ ਰੋਜ਼ਗਾਰ ਦੀ ਭਾਲ ਵਿਚ ਸਹਾਇਤਾ ਅਤੇ ਉਹਨਾਂ ਨੂੰ ਟਰੇਡ ਵਿਚ ਮੁਹਾਰਤ ਵਾਸਤੇ ਸਿਖਲਾਈ ਦਿੱਤੇ ਜਾਣ ਅਤੇ ਸਰਕਾਰ ਵਲੋਂ ਮਾਈਕ ਸਹਾਇਤਾ ਦਿੱਤੇ ਜਾਣ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਹੋਰ ਦੱਸਿਆ ਕਿ ਪਿਕਸ ਦੁਆਰਾ ਪ੍ਰੋਫੈਸ਼ਨਲ ਲੋਕਾਂ ਜਿਵੇਂ ਡਾਕਟਰ ਅਤੇ ਨਰਸਾਂ ਦੇ ਕਰੀ਼ਡੈਂਸ਼ੀਅਲ ਦੀ ਮਾਨਤਾ ਦਿਵਾਉਣ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ। ਪਿਕਸ ਦੀ ਮੀਡੀਆ ਅਫਸਰ ਗਗਨਦੀਪ ਬੱਲ ਨੇ  ਸ ਪ੍ਰਗਟ ਸਿੰਘ ਦਾ ਪਿਕਸ ਵਿਚ ਕਾਰਜਸ਼ੀਲ ਵੱਖ ਵੱਖ ਵਿਭਾਗਾਂ ਦਾ ਟੂਰ ਕਰਵਾਇਆ ਗਿਆ ਤੇ ਸਟਾਫ ਨਾਲ ਜਾਣ ਪਹਿਚਾਣ ਕਰਵਾਈ।  ਇਸ ਉਪਰੰਤ ਬਜੁਰਗਾਂ ਦੀ ਸਾਂਭ ਸੰਭਾਲ ਲਈ ਚਲਾਏ ਜਾ ਰਹੇ ਸੈਂਟਰ ਦਾ ਦੌਰਾ ਕੀਤਾ ਗਿਆ ਜਿਥੇ ਡਾਇਰੈਕਟਰ ਇੰਦਰਜੀਤ ਸਿੰਘ ਹੁੰਦਲ ਨੇ ਉਹਨਾਂ ਦਾ ਸਵਾਗਤ ਕੀਤਾ। ਸ ਪ੍ਰਗਟ ਸਿੰਘ ਨੇ ਪਿਕਸ ਵਲੋਂ ਕੀਤੇ ਜਾ ਰਹੇ ਕਾਰਜਾਂ ਤੋ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਈਚਾਰੇ ਦੀ ਅਗਵਾਈ ਤੇ ਸ਼ਮੂਲੀਅਤ ਵਾਲੀ ਇਕ ਸੁਸਾਇਟੀ ਵਲੋਂ ਅਜਿਹੇ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹ ਦੁਨੀਆ ਦੇ ਬਹੁਤ ਮੁਲਕਾਂ ਵਿਚ ਘੁੰਮੇ ਹਨ ਪਰ ਸਮਾਜਿਕ ਖੇਤਰ ਵਿਚ ਪਿਕਸ ਦਾ ਯੋਗਦਾਨ ਨਿਵੇਕਲਾ ਹੈ। ਉਹਨਾਂ ਪਿਕਸ ਦੇ ਸਫਲ ਕਾਰਜਾਂ ਤੇ ਸਮਾਜ ਪ੍ਰਤੀ ਯੋਗਦਾਨ ਲਈ ਪਿਕਸ ਦੇ ਪ੍ਰਬੰਧਕਾਂ ਤੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ।