Headlines

ਡਾ: ਜਸਵਿੰਦਰ ਸਿੰਘ ਢਿੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਰਾਸ਼ਟਰੀ ਸਲਾਹਕਾਰ ਨਿਯੁਕਤ

ਅੰਮ੍ਰਿਤਸਰ – ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੇ ਇਕ ਅਹਿਮ ਨਿਯੁਕਤੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਈਸ ਚਾਂਸਲਰ ਡਾ: ਜਸਵਿੰਦਰ ਸਿੰਘ ਢਿੱਲੋਂ ਨੂੰ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਮੁੱਦਿਆਂ ‘ਤੇ ਕਮਿਸ਼ਨ ਨੂੰ ਸਲਾਹ ਦੇਣ ਲਈ ਰਾਸ਼ਟਰੀ ਪੱਧਰ ‘ਤੇ ਸਲਾਹਕਾਰ ਨਾਮਜ਼ਦ ਕੀਤਾ ਹੈ। ਸਰਕਾਰ ਦੇ ਅੰਡਰ ਸੈਕਟਰੀ ਸ਼ਰੀਕ ਸਾਈਦ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਹੈ। ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉੱਘੇ ਵਿੱਦਿਆ ਸ਼ਾਸਤਰੀ ਡਾ: ਜਸਵਿੰਦਰ ਸਿੰਘ ਢਿੱਲੋਂ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵਾਈਸ ਚਾਂਸਲਰ ਰਹੇ ਹਨ। ਉਹ ਵਰਡ ਕੈਂਸਰ ਸੁਸਾਇਟੀ ਯੂ.ਕੇ ਦੇ ਮੁੱਖ ਸਲਾਹਕਾਰ ਵਜੋਂ ਆਪਣੀ ਸੁਹਿਰਦ ਸ਼ਖ਼ਸੀਅਤ, ਬੇਮਿਸਾਲ ਪ੍ਰਬੰਧਕੀ ਹੁਨਰ ਅਤੇ ਦੂਰਅੰਦੇਸ਼ੀ ਵਿਚਾਰਾਂ ਨਾਲ ਇੱਕ ਮਹੱਤਵਪੂਰਨ ਭੂਮਿਕਾ ਤੋਂ ਇਲਾਵਾ ਇਸ ਵਕਤ ਭਾਜਪਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ (ਪ੍ਰਵਾਸ ਯੋਜਨਾ) ਦੇ ਇੰਚਾਰਜ, ਪੰਜਾਬ ਭਾਜਪਾ ਦੇ ਕੋਰ ਕਮੇਟੀ ਦੇ ਮੈਂਬਰ, ਮੈਂਬਰ ਅਨੁਸ਼ਾਸਨ ਕਮੇਟੀ, ਭਾਜਪਾ ਬੁੱਧੀਜੀਵੀ ਸੈੱਲ ਦੇ ਸਹਿ-ਕੋਆਰਡੀਨੇਟਰ ਅਤੇ ਮੋਦੀ -20 ਸਕੀਮ ਦੇ ਇੰਚਾਰਜ ਵਜੋਂ ਵੀ ਸੇਵਾ ਨਿਭਾ ਰਹੇ ਹਨ। ਉਹ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਫਾਊਂਡਰ ਮੈਂਬਰ ਅਤੇ ਜਨਰਲ ਸਕੱਤਰ ਵੀ ਹਨ। ਬੀ. ਐੱਡ, ਐਮ. ਏ. ਅਤੇ ਐੱਮ.ਫਿਲ ਆਦਿ ਵਿੱਚ ਪਹਿਲਾ ਸਥਾਨ ਲੈ ਕੇ ਚਾਰ ਵਾਰ ਸੋਨ ਤਗਮੇ ਜਿੱਤਣ ਦਾ ਸ਼ਾਨਦਾਰ ਅਕਾਦਮਿਕ ਰਿਕਾਰਡ ਬਣਾਉਣ ਵਾਲੇ ਡਾ: ਢਿੱਲੋਂ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਅਧਿਆਪਕ ਸਿੱਖਿਆ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ’ਚ ਮੋਹਰੀ ਰਹੇ ਹਨ। ਡਾ. ਢਿੱਲੋਂ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ, ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਦੇ ਪ੍ਰਿੰਸੀਪਲ, ਅਕਾਦਮਿਕ ਸਟਾਫ਼ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ, ਫੈਕਲਟੀ ਆਫ਼ ਐਜੂਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਤੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਆਨਰੇਰੀ ਸਕੱਤਰ ਐਜੂਕੇਸ਼ਨ ਦੇ ਤੌਰ ‘ਤੇ ਵੱਕਾਰੀ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਭਾਰਤੀ ਕਲਾ ਅਤੇ ਸਭਿਆਚਾਰ ਦੀ ਸੰਭਾਲ ਅਤੇ ਤਰੱਕੀ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਉੱਤਰੀ ਜ਼ੋਨ ਕਲਚਰ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ‘ਤੇ ਛੇ ਅੰਤਰਰਾਸ਼ਟਰੀ ਲੋਕ ਸਭਾਵਾਂ ਅਤੇ ਕਈ ਤਿਉਹਾਰਾਂ ਦਾ ਆਯੋਜਨ ਕੀਤਾ ਹੈ। ਰਾਸ਼ਟਰੀ ਸਲਾਹਕਾਰ ਵਜੋਂ ਨਿਯੁਕਤੀ ’ਤੇ ਡਾ: ਢਿੱਲੋਂ ਨੇ ਸ: ਇਕਬਾਲ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ ਅਤੇ ਕਿਹਾ  ਕਿ ਉਹ ਭਾਰਤ ਦੀਆਂ ਘਟ ਗਿਣਤੀ ਭਾਈਚਾਰਿਆਂ ਦੀਆਂ ਸਮੱਸਿਆਵਾਂ ਅਤੇ ਵਿਸ਼ੇਸ਼ ਕਰਕੇ ਵਿੱਦਿਅਕ ਮਾਮਲਿਆਂ ਨੂੰ ਸਰਕਾਰ ਤਕ ਪਹੁੰਚਾਉਣ ਤੋਂ ਇਲਾਵਾ ਮੁਕਾਬਲੇ ਦੇ ਇਮਤਿਹਾਨਾਂ ਵਿਚ ਘਟ ਗਿਣਤੀਆਂ ਦੇ ਘੱਟ ਰਹੀ ਭੂਮਿਕਾ ਨੂੰ ਸੁਧਾਰਨ ਲਈ ਕੰਮ ਕਰਨਗੇ।