Headlines

ਸੰਪਾਦਕੀ- ਕੈਨੇਡੀਅਨ ਸਿਆਸਤ ਵਿਚ ਚੀਨੀ ਦਖਲਅੰਦਾਜੀ ਦੀ ਜਾਂਚ ਦੇ ਆਦੇਸ਼…

ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਖੁਦ ਵੀ ਸਵਾਲਾਂ ਦੇ ਘੇਰੇ ਵਿਚ-

-ਸੁਖਵਿੰਦਰ ਸਿੰਘ ਚੋਹਲਾ–

ਕੈਨੇਡੀਅਨ ਸਿਆਸਤ ਅਤੇ ਪਿਛਲੀਆਂ ਦੋ ਫੈਡਰਲ ਚੋਣਾਂ ਵਿਚ ਚੀਨੀ ਦਖਲ ਅੰਦਾਜੀ ਦੇ ਰੌਲੇ ਰੱਪੇ ਨੂੰ ਲੈਕੇ ਪ੍ਰਧਾਨ ਮੰਤਰੀ ਨੇ  ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਟਰੂਡੋ ਨੇ ਬਾਕਾਇਦਾ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਸੰਸਦ ਮੈਂਬਰਾਂ ਦੀ ਕੌਮੀ ਸੁਰੱਖਿਆ ਬਾਰੇ ਇੰਟੈਲੀਜੈਂਸ ਕਮੇਟੀ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿਚ ਚੀਨ ਦੀ ਦਖਲਅੰਦਾਜ਼ੀ ਦਾ ਅਧਿਐਨ ਕਰੇਗੀ ਅਤੇ ਇਹ ਕਮੇਟੀ ਰਿਪੋਰਟ ਸਿੱਧੀ ਉਨ੍ਹਾਂ ਦੇ ਦਫ਼ਤਰ ਨੂੰ ਸੌਂਪੇਗੀ| ਇਸੇ ਦੌਰਾਨ ਉਹਨਾਂ ਨੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੂੰ ਇਸ ਸਮੁੱਚੀ ਜਾਂਚ ਦਾ ਨਿਗਰਾਨ ਵੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਵਲੋਂ ਇਸ ਮਾਮਲੇ ਦੀ ਸੰਸਦੀ ਕਮੇਟੀ ਦੁਆਰਾ ਜਾਂਚ ਕਰਵਾਏ ਜਾਣ ਨੂੰ ਭਾਵੇਂ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਨੇ ਗੋਂਗਲੂਆਂ ਤੋ ਮਿੱਟੀ ਝਾੜਨਾ ਕਿਹਾ ਹੈ ਪਰ ਪ੍ਰਧਾਨ ਮੰਤਰੀ ਵਲੋਂ ਜਾਂਚ ਕਰਵਾਉਣ ਦੇ ਐਲਾਨ ਤੋ ਇਹ ਤਾਂ ਸਪੱਸ਼ਟ ਹੈ ਕਿ ਉਹਨਾਂ ਨੇ ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜੀ ਦੇ ਦੋਸ਼ਾਂ ਨੂੰ ਸਵੀਕਾਰ ਲਿਆ ਹੈ। ਇਸਤੋ ਪਹਿਲਾਂ ਉਹ ਇਸ ਮਾਮਲੇ ਨੂੰ ਅਣਸੁਣਿਆ ਕਰਦੇ ਆਏ ਹਨ। ਉਹਨਾਂ ਨੇ ਇਸ ਮਾਮਲੇ ਨੂੰ ਨਸਲਵਾਦ ਨਾਲ ਵੀ ਜੋੜਕੇ ਵੇਖੇ ਜਾਣ ਕਾਰਣ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਸੀ। ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕੈਨੇਡੀਅਨ ਸੁਰੱਖਿਆ ਤੇ ਖੁਫੀਆਂ ਏਜੰਸੀ ( ਸੀਸਸ) ਅਕਸਰ ਸਰਕਾਰ ਨੂੰ ਚੀਨੀ ਦਖਲ ਤੋ ਚੌਕਸ ਕਰਦੀ  ਰਹੀ ਹੈ। ਸੂਤਰਾਂ ਮੁਤਾਬਿਕ ਖੁਫੀਆ ਏਜੰਸੀ ਨੇ ਓਨਟਾਰੀਓ ਵਿਚ ਇਕ ਚੀਨੀ ਮੂਲ ਦੇ ਆਗੂ ਨੂੰ ਲਿਬਰਲ ਉਮੀਦਵਾਰ ਬਣਾਏ ਜਾਣ ਦੇ ਵਿਰੁੱਧ ਵੀ ਲਿਬਰਲ ਪਾਰਟੀ ਨੂੰ ਚੌਕਸ ਕੀਤਾ ਸੀ।ਪਰ ਇਸਦੇ ਜਵਾਬ ਵਿਚ ਪ੍ਰਧਾਨ ਮੰਤਰੀ ਟਰੂਡੋ ਦਾ ਜਵਾਬ ਸੀ ਕਿ ਕਿਸੇ ਖੁਫੀਆ ਏਜੰਸੀ ਨੂੰ ਕੋਈ ਹੱਕ ਨਹੀ ਕਿ ਉਹ ਕਿਸੇ ਸਿਆਸੀ ਪਾਰਟੀ ਨੂੰ ਅਜਿਹੀ ਨਸੀਹਤ ਕਰੇ। ਓਨਟਾਰੀਓ ਵਿਚ ਲਿਬਰਲ ਐਮ ਪੀ ਹੈਨ ਡੌਂਗ ਦੀ ਚੀਨੀ ਕਮਿਊਨਿਸਟ ਪਾਰਟੀ ਦੁਆਰਾ ਸਿੱਧੀ ਮਦਦ ਕੀਤੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ।

ਪਰ ਹੁਣ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਉਪਰੰਤ ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡੀਅਨ ਚੋਣਾਂ ਵਿੱਚ ਚੀਨ ਦੁਆਰਾ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਉਹਨਾਂ ਇਸ ਸਬੰਧੀ ਜਾਂਚ ਦਾ ਐਲਾਨ ਕਰਦਿਆਂ ਇਹ ਵੀ ਕਿਹਾ ਹੈ ਕਿ ਭਾਵੇਂਕਿ ਇਹ ਖੁਫੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਚੀਨ ਤੋਂ ਇਲਾਵਾ ਈਰਾਨ ਅਤੇ ਰੂਸ ਵਰਗੇ ਮੁਲਕ ਕੈਨੇਡੀਅਨ ਸਿਆਸਤ ਅਤੇ ਹੋਰ ਸੰਸਥਾਵਾਂ ਵਿਚ ਦਖਲ ਅੰਦਾਜੀ ਕਰਦਿਆਂ ਨੀਤੀਗਤ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਕੋਸ਼ਿਸ਼ ਕਰਦੇ ਆ ਰਹੇ ਹਨ ਪਰ ਇਹ ਮੰਨਣਾ ਮੁਸ਼ਕਲ ਹੈ ਕਿ ਉਹਨਾਂ ਦੇ ਇਸ ਦਖਲ ਨਾਲ ਕਦੇ ਚੋਣ ਨਤੀਜੇ ਪ੍ਰਭਾਵਿਤ ਹੋਏ ਹਨ। ਉਹਨਾਂ ਦਾ ਸਪੱਸ਼ਟ ਕਹਿਣਾ ਹੈ ਕਿ ਸਾਰੇ ਸਿਆਸੀ ਆਗੂ ਇਸ ਗੱਲ ਨਾਲ ਇਕਮੱਤ ਹਨ ਕਿ 2019 ਅਤੇ 2021 ਵਿੱਚ ਚੋਣ ਨਤੀਜੇ ਵਿਦੇਸ਼ੀ ਦਖਲਅੰਦਾਜ਼ੀ ਕਾਰਣ ਪ੍ਰਭਾਵਿਤ ਨਹੀਂ ਹੋਏ। ਪਰ ਕੋਈ ਵੀ ਇਸ ਗੱਲੋ ਇਨਕਾਰ ਨਹੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਮਾਮਲਾ, ਗੰਭੀਰ ਤੇ  ਪਰੇਸ਼ਾਨ ਕਰਨ ਵਾਲਾ ਹੈ।

ਉਧਰ ਕੰਸਰਵੇਟਿਵ ਪਾਰਟੀ ਆਗੂ ਇਹ ਸਪੱਸ਼ਟ ਦੋਸ਼ ਲਗਾ ਚੁੱਕੇ ਹਨ ਕਿ ਪਿਛਲੀਆਂ 2021 ਦੀਆਂ ਚੋਣਾਂ ਦੌਰਾਨ ਚੀਨੀ ਦਖਲ ਅੰਦਾਜੀ ਕਾਰਣ ਉਹਨਾਂ ਦੀ ਪਾਰਟੀ ਨੂੰ ਘੱਟੋ ਘੱਟ 9 ਸੀਟਾਂ ਉਪਰ ਨੁਕਸਾਨ ਝੱਲਣਾ ਪਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਕੰਸਰਵੇਟਿਵ ਦੇ ਮੁਕਾਬਲੇ ਲਿਬਰਲ ਪਾਰਟੀ ਨੂੰ ਚੀਨੀ ਹਿੱਤਾਂ ਲਈ ਬੇਹਤਰ ਸਮਝਦੀ ਹੈ। ਸ਼ਾਇਦ ਇਸੇ ਲਈ ਉਹਨਾਂ ਨੇ ਕੈਨੇਡਾ ਵਿਚ ਚੀਨੀ ਮੂਲ ਦੇ ਧਨਾਢ ਵਿਅਕਤੀਆਂ ਨੂੰ ਲਿਬਰਲ ਪਾਰਟੀ ਦੀ ਮਦਦ ਕਰਨ ਦੀ ਹਦਾਇਤ ਕੀਤੀ ਸੀ। ਇਹ ਵੀ ਕਿ ਚੀਨ ਸਰਕਾਰ ਦੇ ਇਸ਼ਾਰੇ ਉਪਰ ਹੀ ਜਸਟਿਨ ਟਰੂਡੋ ਦੀ ਪਾਰਟੀ ਆਗੂ ਦੀ ਚੋਣ ਸਮੇਂ  ਉਹਨਾਂ ਲਈ ਕਥਿਤ ਇਕ ਮਿਲੀਅਨ ਡਾਲਰ ਦੀ ਡੋਨੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਇਸੇ ਦੇ ਚਲਦਿਆਂ ਹੀ ਸੀਨੀਅਰ ਟਰੂਡੋ ਦੇ ਨਾਮ ਉਪਰ ਟਰੂਡੋ ਫਾਉਂਡੇਸ਼ਨ ਨੂੰ 2 ਲੱਖ ਡਾਲਰ ਦੀ ਡੋਨੇਸ਼ਨ ਦਿੱਤੀ ਗਈ। ਬਾਦ ਵਿਚ ਟਰੂਡੋ ਫਾਉਂਡੇਸ਼ਨ ਦੇ ਮੈਨੇਜਰ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ਉਹਨਾਂ ਦੀ ਫਾਉਂਡੇਸ਼ਨ ਨੇ 2 ਲੱਖ ਡਾਲਰ ਦੀ ਇਹ ਡੋਨੇਸ਼ਨ ਵਾਪਿਸ ਕਰ ਦਿੱਤੀ ਸੀ ਕਿਉਂਕਿ ਕੈਨੇਡੀਅਨ ਕਨੂੰਨ ਮੁਤਾਬਿਕ ਵਿਦੇਸ਼ੀ ਸਪਾਂਸਰ ਤੋਂ ਕੋਈ ਵੀ ਡੋਨੇਸ਼ਨ ਸਵੀਕਾਰ ਨਹੀ ਕੀਤੀ ਜਾ ਸਕਦੀ।

ਜਿਕਰਯੋਗ ਹੈ ਕਿ ਪ੍ਰਸਿਧ ਕੌਮੀ ਅਖਬਾਰ ਗਲੋਬ ਐਂਡ ਮੇਲ ਵਲੋਂ  ਛਾਪੀ ਗਈ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਚੀਨ ਨੇ 2021 ਦੀਆਂ ਚੋਣਾਂ ਵਿੱਚ ਟਰੂਡੋ ਦੀ ਅਗਵਾਈ ਵਾਲੇ ਲਿਬਰਲ ਉਮੀਦਵਾਰਾਂ  ਨੂੰ ਦੁਬਾਰਾ ਚੁਣੇ ਜਾਣ  ਅਤੇ ਚੀਨ ਲਈ ਗੈਰ-ਦੋਸਤਾਨਾ ਸਮਝੇ ਜਾਂਦੇ ਕੰਸਰਵੇਟਿਵ ਉਮੀਦਵਾਰਾਂ ਨੂੰ ਹਰਾਉਣ ਦੀ ਮੁਹਿੰਮ ਚਲਾਈ ਸੀ । ਇਸ ਰਿਪੋਰਟ ਉਪਰੰਤ ਵਿਰੋਧੀ ਪਾਰਟੀਆਂ ਨੇ ਇਸਦੀ ਜਨਤਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ।

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਸਾਲ ਨਵੰਬਰ ਮਹੀਨੇ  ਵਿੱਚ ਇੰਡੋਨੇਸ਼ੀਆ ਵਿੱਚ ਜੀ 20  ਦੀ ਮੀਟਿੰਗ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੈਨੇਡੀਅਨ ਸਿਆਸਤ ਵਿਚ ਕਥਿਤ ਚੀਨੀ ਦਖਲਅੰਦਾਜੀ ਉਪਰ ਚਿੰਤਾ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੌਰਾਨ ਚੀਨੀ ਰਾਸ਼ਟਰਪਤੀ ਨੇ ਉਹਨਾਂ ਨੂੰ ਬੁਰੀ ਤਰਾਂ ਅਣਗੌਲਿਆ ਕਰਨ ਦਾ ਯਤਨ ਕੀਤਾ ਸੀ।

ਕੈਨੇਡੀਅਨ ਸਿਆਸਤ ਵਿੱਚ ਚੀਨੀ ਦਖਲ ਦੀਆਂ ਖਬਰਾਂ ਅਤੇ ਹੁਣ ਪ੍ਰਧਾਨ ਮੰਤਰੀ ਟਰੂਡੋ ਵਲੋਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇਣ ਨਾਲ ਦੋਵਾਂ ਮੁਲਕਾਂ ਵਿਚਾਲੇ ਤਣਾਅਪੂਰਨ ਕੂਟਨੀਤਕ ਸਬੰਧਾਂ ਦੀ ਇੱਕ ਹੋਰ ਪਰਤ ਜੁੜ ਗਈ ਹੈ।

ਜਿਕਰਯੋਗ ਹੈ ਕਿ 2018 ਦੇ ਅਖੀਰ ਵਿੱਚ ਦੋਵਾਂ ਮੁਲਕਾਂ ਦੇ ਸਬੰਧ ਉਸ ਸਮੇਂ ਤਣਾਅਪੂਰਣ ਬਣ ਗਏ ਸਨ ਜਦੋਂ ਅਮਰੀਕਾ ਦੇ ਕਹਿਣ ਤੇ  ਕੈਨੇਡੀਅਨ ਪੁਲਿਸ ਨੇ ਵਾਵੇ ਦੀ ਮੁੱਖ ਵਿੱਤੀ ਅਧਿਕਾਰੀ ਅਤੇ ਕੰਪਨੀ ਦੇ ਮਾਲਕ ਦੀ ਧੀ ਮੇਂਗ ਵੈਂਜੋ ਨੂੰ ਵੈਨਕੂਵਰ ਏਅਰਪੋਰਟ ਤੋ ਹਿਰਾਸਤ ਵਿੱਚ ਲੈ ਲਿਆ ਸੀ। ਇਸਦੇ ਬਦਲੇ ਵਜੋਂ ਚੀਨ ਨੇ ਜਾਸੂਸੀ ਦੇ ਦੋਸ਼ਾਂ ਵਿੱਚ ਦੋ ਕੈਨੇਡੀਅਨ ਡਿਪਲੋਮੈਂਟਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਬਾਦ ਵਿਚ 2021 ਵਿਚ ਇਕ ਗੁਪਤ ਸਮਝੌਤਾ ਹੋਣ ਉਪਰੰਤ ਕੈਨੇਡਾ ਨੇ ਬਿਨਾਂ ਸ਼ਰਤ ਵੈਨਜੋ ਨੂੰ ਰਿਹਾਅ ਕਰ ਦਿੱਤਾ ਤੇ ਚੀਨ ਨੇ ਵੀ ਦੋਵੇਂ ਡਿਪਲੋਮੈਟ ਰਾਤੋ ਰਾਤ ਕੈਨੇਡਾ ਲਈ ਤੋਰ ਦਿੱਤੇ ਸਨ।

ਬਿਨਾਂ ਸ਼ੱਕ ਕੈਨੇਡੀਅਨ ਸਿਆਸਤ ਵਿਚ ਚੀਨੀ ਦਖਲਅੰਦਾਜੀ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਪਰ ਵਿਰੋਧੀ ਪਾਰਟੀਆਂ ਲਈ ਇਹ ਮੁੱਦਾ ਟਰੂਡੋ ਤੇ ਉਹਨਾਂ ਦੀ ਪਾਰਟੀ ਨੂੰ ਘੇਰਨ ਲਈ ਠੋਸ ਸਬੂਤਾਂ ਸਮੇਤ ਪੇਸ਼ ਪੇਸ਼ ਰਹਿ ਸਕਦਾ ਹੈ। ਚੋਣਾਂ ਵਿਚ ਚੀਨੀ ਦਖਲ ਕਾਰਣ ਕੰਸਰਵੇਟਿਵ ਪਾਰਟੀ ਨੂੰ ਪੁੱਜੇ ਨੁਕਸਾਨ ਦੇ ਨਾਲ ਲਿਬਰਲ ਪਾਰਟੀ ਅਤੇ ਟਰੂਡੋ ਫਾਊਂਡੇਸ਼ਨ ਲਈ ਚੀਨੀ ਡੋਨੇਸ਼ਨ ਤੇ ਫਿਰ ਇਹ ਡੋਨੇਸ਼ਨ ਵਾਪਿਸ ਕੀਤੇ ਜਾਣ ਦੇ ਸਵਾਲ ਅਜਿਹੇ ਹਨ, ਜਿਹਨਾਂ ਤੋ ਪਿੱਛਾ ਛੁਡਾਉਣਾ ਆਸਾਨ ਨਹੀਂ ਹੋਵੇਗਾ। ਵਿਰੋਧੀ ਪਾਰਟੀਆਂ ਵਲੋਂ ਇਸ ਜਾਂਚ ਨੂੰ ਸੰਸਦੀ ਘੇਰੇ ਤੋ ਵਧਾਕੇ ਜਨਤਕ ਜਾਂਚ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਵੀ ਜੋਰ ਫੜ ਸਕਦੀ ਹੈ।