Headlines

ਫਰੀਦਕੋਟ ਅਦਾਲਤ ਵਿੱਚ ਅੱਜ ਪੇਸ਼ ਹੋਣਗੇ ਬਾਦਲ

ਫ਼ਰੀਦਕੋਟ, 22 ਮਾਰਚ

ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਇੱਥੇ ਅਦਾਲਤ ਵਿੱਚ ਪੇਸ਼ ਹੋਣਗੇ। ਉਨ੍ਹਾਂ ਖ਼ਿਲਾਫ਼ ਕੋਟਕਪੂਰਾ ਗੋਲੀ ਕਾਂਡ ਦੀ ਕਥਿਤ ਸਾਜ਼ਿਸ਼ ਰਚਣ ਦਾ ਦੋਸ਼ ਹੈ।

ਜਾਂਚ ਟੀਮ ਨੇ 24 ਫਰਵਰੀ ਨੂੰ ਅਦਾਲਤ ਵਿੱਚ ਬਾਦਲਾਂ ਸਣੇ 6 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ। ਅਦਾਲਤ ਨੇ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀਰਵਾਰ 23 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਸਨ। ਜਾਂਚ ਟੀਮ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਦਾਲਤ ਦੇ ਸੰਮਨ ਪ੍ਰਾਪਤ ਕਰ ਲਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ਕੇਸਾਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਗਾਊਂ ਜ਼ਮਾਨਤ ਵੀ ਮਿਲ ਚੁੱਕੀ ਹੈ। ਇਸੇ ਦੌਰਾਨ ਇਹ ਵੀ ਜਾਣਕਾਰੀ ਹੈ ਕਿ ਬਾਦਲਾਂ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਅਕਾਲੀ ਦਲ ਦੇ ਸਮਰਥਕਾਂ ਦਾ ਵੱਡਾ ਇਕੱਠ ਹੋ ਸਕਦਾ ਹੈ। ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਬਾਦਲਾਂ ਦੀ ਪੇਸ਼ੀ ਮੌਕੇ 15 ਤੋਂ 20 ਹਜ਼ਾਰ ਪਾਰਟੀ ਵਰਕਰ ਇਕੱਠੇ ਹੋ ਸਕਦੇ ਹਨ। ਜਦੋਂ ਕਿ ਪੁਲੀਸ ਪ੍ਰਸ਼ਾਸਨ ਅਨੁਸਾਰ ਅਕਾਲੀ ਦਲ ਦੇ 2 ਹਜ਼ਾਰ ਤੋਂ 2500 ਵਰਕਰ ਅਦਾਲਤ ਦੇ ਬਾਹਰ ਇਕੱਠੇ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਅਕਾਲੀ ਆਗੂ ਤੇ ਵਰਕਰ ਨੂੰ ਅਦਾਲਤਾਂ ਵਿੱਚ ਪੁੱਜਣ ਲਈ ਵੱਟਸਐਪ ’ਤੇ ਸੁਨੇਹੇ ਭੇਜੇ ਗਏ ਹਨ ਅਤੇ ਸੰਭਾਵੀ ਇਕੱਠ ਨੂੰ ਦੇਖਦਿਆਂ ਕੁਝ ਅਕਾਲੀ ਆਗੂਆਂ ਨੇ ਅੱਜ ਅਦਾਲਤਾਂ ਦੇ ਬਾਹਰਵਾਰ ਇਕੱਠੇ ਹੋਣ ਵਾਲੀ ਥਾਂ ਦਾ ਮੁਆਇਨਾ ਵੀ ਕੀਤਾ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਅਦਾਲਤ ਦੇ ਬਾਹਰ ਵੱਡਾ ਇਕੱਠ ਕਰੇਗਾ। ਉਧਰ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਨੇ ਕਿਸੇ ਨੂੰ ਵੀ ਫਰੀਦਕੋਟ ਅਦਾਲਤ ਵਿੱਚ ਪਹੁੰਚਣ ਲਈ ਨਹੀਂ ਕਿਹਾ ਅਤੇ ਹੋ ਸਕਦਾ ਹੈ ਕਿ ਲੋਕ ਆਪਮੁਹਾਰੇ ਇਕੱਤਰ ਹੋ ਜਾਣ। ਇਸੇ ਤਰ੍ਹਾਂ ਬਹਿਬਲ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਕੁਝ ਆਗੂਆਂ ਅਤੇ ਸਿੱਖ ਸੰਗਤਾਂ ਦੇ ਵੀ ਅਦਾਲਤ ਵਿੱਚ ਪੁੱਜਣ ਦੀ ਸੰਭਾਵਨਾ ਹੈ। ਦੋਵੇਂ ਧਿਰਾਂ ਦੇ ਅਦਾਲਤ ਵਿੱਚ ਪੁੱਜਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਚੌਕਸ ਹੋ ਗਈ ਹੈ ਅਤੇ ਪੁਲੀਸ ਮੁਖੀ ਹਰਜੀਤ ਸਿੰਘ ਨੇ ਅੱਜ ਖੁਦ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ।