Headlines

ਹਿੰਡਨਬਰਗ ਨੇ ਗੌਤਮ ਅਡਾਨੀ ਦੀ 60 ਪ੍ਰਤੀਸ਼ਤ ਸੰਪਤੀ ਖ਼ਤਮ ਕੀਤੀ

ਮੁੰਬਈ, 22 ਮਾਰਚ

ਅਮਰੀਕਾ ਦੀ ਹਿੰਡਨਬਰਗ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਬੇਸ਼ੁਮਾਰ ਸੰਪਤੀ ਨੂੰ ਗੰਭੀਰ ਝਟਕਾ ਲੱਗਾ ਹੈ। ਹਰ ਹਫ਼ਤੇ ਅਡਾਨੀ ਗਰੁੱਪ ਨੂੰ 3000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਕੁੱਲ ਸੰਪਤੀ ਵਿਚ 60 ਪ੍ਰਤੀਸ਼ਤ ਦਾ ਕੱਟ ਲੱਗ ਚੁੱਕਾ ਹੈ। ਅਡਾਨੀ ਦੀ ਜਗ੍ਹਾ ਮੁਕੇਸ਼ ਅੰਬਾਨੀ ਹੁਣ ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਹਨ। ਜ਼ਿਕਰਯੋਗ ਹੈ ਕਿ ਰਿਪੋਰਟ ਵਿਚ ਅਡਾਨੀ ਗਰੁੱਪ ’ਤੇ ਕਾਰਪੋਰੇਟ ਤੇ ਸਟਾਕ ਧੋਖਾਧੜੀ ਦੇ ਦੋਸ਼ ਲੱਗੇ ਹਨ। ‘ਐਮ3ਐਮ ਹੂਰਨ ਗਲੋਬਲ ਰਿਚ ਲਿਸਟ’ ਮੁਤਾਬਕ ਮਾਰਚ ਦੇ ਅੱਧ ਤੱਕ ਅਡਾਨੀ ਦੀ ਕੁੱਲ ਸੰਪਤੀ 53 ਅਰਬ ਡਾਲਰ ਹੈ। ਹਾਲਾਂਕਿ ਅੰਬਾਨੀ ਨੂੰ ਵੀ ਨੁਕਸਾਨ ਸਹਿਣਾ ਪਿਆ ਹੈ ਪਰ ਉਨ੍ਹਾਂ ਦੀ ਕੁੱਲ ਸੰਪਤੀ 82 ਅਰਬ ਡਾਲਰ ਹੈ। ਪਿਛਲੇ ਦਸ ਸਾਲਾਂ ਵਿਚ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਨੇ ਹੈਰਾਨੀਜਨਕ ਢੰਗ ਨਾਲ ਤਰੱਕੀ ਕੀਤੀ ਹੈ। ਹਾਲਾਂਕਿ ਅਰਬਪਤੀਆਂ ਦੀ ਆਲਮੀ ਦਰਜਾਬੰਦੀ ਵਿਚ ਦੋਵੇਂ ਸੰਪਤੀ ਘਟਣ ਕਾਰਨ ਹੇਠਾਂ ਖਿਸਕੇ ਹਨ। ਅਡਾਨੀ ਸਿਖ਼ਰ ਤੋਂ 11 ਸਥਾਨ ਹੇਠਾਂ ਖ਼ਿਸਕ ਕੇ 23ਵੇਂ ਨੰਬਰ ਉਤੇ ਹਨ। ਜਦਕਿ ਅੰਬਾਨੀ ਹੁਣ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ਪਿਛਲੇ ਦਸ ਸਾਲਾਂ ਵਿਚ ਅਡਾਨੀ ਦੀ ਸੰਪਤੀ 1225 ਪ੍ਰਤੀਸ਼ਤ ਤੇ ਅੰਬਾਨੀ ਦੀ 356 ਪ੍ਰਤੀਸ਼ਤ ਵਧੀ ਹੈ। ਅਮਰੀਕਾ ਅਧਾਰਿਤ ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਵਿਚ ਲੱਗੇ ਵੱਡੇ ਪੱਧਰ ਦੇ ਅਕਾਊਂਟਿੰਗ ਧੋਖਾਧੜੀ ਤੇ ਸਟਾਕ ਹੇਰ-ਫੇਰ ਦੇ ਦੋਸ਼ਾਂ ਨੂੰ ਗਰੁੱਪ ਨੇ ਨਕਾਰਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ 187 ਅਰਬਪਤੀ (ਡਾਲਰਾਂ ਦੇ ਪੱਖ ਤੋਂ) ਕਾਰੋਬਾਰੀ ਹਨ। ਭਾਰਤ ਦੇ ਸਭ ਤੋਂ ਵੱਧ 66 ਅਰਬਪਤੀ ਮੁੰਬਈ ਵਿਚ ਰਹਿੰਦੇ ਹਨ। ਆਲਮੀ ਪੱਖ ਤੋਂ ਦੇਖਿਆ ਜਾਵੇ ਤਾਂ ਦੁਨੀਆ ਭਰ ਵਿਚ 217 ਭਾਰਤੀ ਮੂਲ ਦੇ ਅਰਬਪਤੀ ਕਾਰੋਬਾਰੀ ਹਨ। ਦੁਨੀਆ ਭਰ ਦੇ ਕੁੱਲ ਅਰਬਪਤੀਆਂ ਕੋਲ ਜਿੰਨੀ ਸੰਪਤੀ ਹੈ, ਉਸ ਦਾ ਪੰਜ ਪ੍ਰਤੀਸ਼ਤ ਭਾਰਤ ਵਿਚ ਹੈ। ਦੱਸਣਯੋਗ ਹੈ ਕਿ ਸਿਹਤ ਖੇਤਰ ਵਿਚ ਸੀਰਮ ਇੰਸਟੀਚਿਊਟ ਦੇ ਸਾਇਰਸ ਪੂਨਾਵਾਲਾ ਮੋਹਰੀ ਹਨ। ਸਿੱਖਿਆ ਖੇਤਰ ਵਿਚ ਬਾਇਜੂ ਰਵੀਂਦਰਨ ਦਾ ਨਾਂ ਆਉਂਦਾ ਹੈ। ਭਾਰਤ ਵਿਚ ਦਸ ਔਰਤਾਂ ਵੀ ਅਰਬਪਤੀ ਕਾਰੋਬਾਰੀ ਹਨ। ਰਾਧਾ ਵੇਂਬੂ ਖ਼ੁਦ ਬਣੀ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਮਹਿਲਾ ਅਰਬਪਤੀ ਹੈ। ਸਾਫਟਵੇਅਰ ਤੇ ਸਰਵਿਸਿਜ਼ ਸੈਕਟਰ ਦੀ ਇਸ ਹਸਤੀ ਕੋਲ ਚਾਰ ਅਰਬ ਡਾਲਰ ਦੀ ਸੰਪਤੀ ਹੈ।