Headlines

ਭੂਚਾਲ ਕਾਰਨ ਪਾਕਿਸਤਾਨ ਤੇ ਅਫ਼ਗਾਨਿਸਤਾਨ ’ਚ 12 ਮੌਤਾਂ

ਇਸਲਾਮਾਬਾਦ, 22 ਮਾਰਚ

ਪਾਕਿਸਤਾਨ ਅਤੇ ਅਫ਼ਗਾਨਿਸਤਾਨ ’ਚ ਮੰਗਲਵਾਰ ਰਾਤ ਆਏ ਭੂਚਾਲ ਦੇ ਝਟਕਿਆਂ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂਕੁਸ਼ ਖ਼ਿੱਤਾ ਸੀ ਅਤੇ ਉਥੇ ਤਿੰਨ ਜਦਕਿ ਪਾਕਿਸਤਾਨ ’ਚ 9 ਵਿਅਕਤੀ ਮਾਰੇ ਗੲੇ ਹਨ। ਭੂਚਾਲ ਦੇ ਝਟਕੇ ਉੱਤਰੀ ਭਾਰਤ ’ਚ ਵੀ ਮਹਿਸੂਸ ਕੀਤੇ ਗੲੇ ਸਨ। ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ, ਰਾਵਲਪਿੰਡੀ, ਕੋਇਟਾ, ਪਿਸ਼ਾਵਰ, ਕੋਹਾਟ, ਗੁੱਜਰਾਂਵਾਲਾ, ਗੁਜਰਾਤ, ਸਿਆਲਕੋਟ, ਕੋਟ ਮੋਮਿਨ, ਚਕਵਾਲ ਅਤੇ ਗਿਲਗਿਟ-ਬਾਲਟਿਸਤਾਨ ਇਲਾਕਿਆਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਪਿਸ਼ਾਵਰ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਟਵੀਟ ’ਚ ਦੱਸਿਆ ਕਿ ਖ਼ੈਬਰ ਪਖਤੂਨਖਵਾ ਪ੍ਰਾਂਤ ’ਚ ਦੋ ਮਹਿਲਾਵਾਂ ਅਤੇ ਦੋ ਬੱਚਿਆਂ ਸਣੇ 9 ਵਿਅਕਤੀ ਮਾਰੇ ਗਏ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੂੰ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਅਫ਼ਗਾਨਿਸਤਾਨ ਦੇ ਜਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਭੂਚਾਲ ’ਚ ਤਿੰਨ ਵਿਅਕਤੀ ਮਾਰੇ ਗਏ ਅਤੇ 44 ਹੋਰ ਜ਼ਖ਼ਮੀ ਹੋਏ ਹਨ।