Headlines

ਭਾਜਪਾ ਨੂੰ ਟੱਕਰ ਦੇਣ ਲਈ ਇਕਜੁੱਟ ਹੋਣ ਵਿਰੋਧੀ ਧਿਰਾਂ: ਮਹਿਬੂਬਾ

ਸ੍ਰੀਨਗਰ-

ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਤਕੜੀ ਟੱਕਰ ਦੇਣ ਲਈ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਅਜਿਹੇ ਗੱਠਜੋੜ ਦੇ ਹੋਂਦ ਵਿੱਚ ਆਉਣ ਸਬੰਧੀ ਸ਼ੰਕਾ ਵੀ ਜ਼ਾਹਿਰ ਕੀਤਾ ਹੈ।

ਇੱਕ ਇੰਟਰਵਿਊ ਦੌਰਾਨ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਕੇਂਦਰ ਵਿੱਚ ਰੱਖ ਕੇ ਮਹਾਗੱਠਜੋੜ ਬਣਾਉਣ ਦੀ ਜ਼ਰੂਰਤ ਹੈ। ਹਾਲਾਂਕਿ ਭਾਜਪਾ ਨੇ ਵਿਰੋਧੀ ਖ਼ੇਮੇ ਨੂੰ ਵੰਡਿਆ ਹੋਇਆ ਹੈ ਤਾਂ ਕਿ ਉਹ ਇਕੱਠੇ ਨਾ ਹੋ ਸਕਣ। ਉਨ੍ਹਾਂ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਦੀ ਚੁੱਪੀ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ, ‘‘ਜਦੋਂ ਤੱਕ ਵਿਰੋਧੀ ਧਿਰਾਂ ਇਕੱਠੀਆਂ ਨਹੀਂ ਹੁੰਦੀਆਂ, ਮੈਨੂੰ ਨਹੀਂ ਲਗਦਾ ਕਿ ਭਾਜਪਾ ਨੂੰ ਟੱਕਰ ਦੇਣ ਵਾਲੀ ਕੋਈ ਮਜ਼ਬੂਤ ਵਿਰੋਧੀ ਧਿਰ ਹੈ।’’ ਉਨ੍ਹਾਂ ਕਿਹਾ, ‘‘ਕੀ ਉਹ ਇਕੱਠੇ ਹੋਣ ਦੀ ਸਥਿਤੀ ਵਿੱਚ ਹਨ, ਜਦੋਂ ਈਡੀ, ਐੱਨਆਈਏ ਅਤੇ ਹੋਰ ਏਜੰਸੀਆਂ ਨੇ ਉਨ੍ਹਾਂ ਦੀ ਸੰਘੀ ਨੱਪੀ ਹੋਵੇ। ਅਖਿਲੇਸ਼ ਯਾਦਵ ਤੇ ਮਾਇਆਵਤੀ ਨੂੰ ਹੀ ਲੈ ਲਓ। ਉਹ ਕੁੱਝ ਨਹੀਂ ਬੋਲ ਰਹੇ। ਉਨ੍ਹਾਂ ਚੁੱਪ ਕਿਉਂ ਧਾਰੀ ਹੋਈ ਹੈ?’’ਮਹਿਬੂਬਾ ਨੇ ਕਿਹਾ, ‘‘ਗੱਲ ਸਿਰਫ਼ ਏਨੀ ਹੈ ਕਿ ਉਹ ਇਸ ਦੇਸ਼ ’ਤੇ ਮਾਫ਼ੀਆ ਵਾਂਗ ਰਾਜ ਕਰ ਰਹੇ ਹਨ। ਜੇਕਰ ਤੁਸੀਂ ਆਪਣੇ ਢੰਗ ਨਾਲ ਕੁੱਝ ਨਹੀਂ ਕਰ ਸਕਦੇ ਤਾਂ ਸਾਰੇ ਟੇਢੇ ਤਰੀਕੇ ਵਰਤੋ।’