Headlines

ਬੋਰਿਸ ਜੌਹਨਸਨ ਨੇ ‘ਪਾਰਟੀਗੇਟ’ ਕਾਂਡ ਲਈ ਮੁੜ ਮੁਆਫ਼ੀ ਮੰਗੀ

ਲੰਡਨ-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇੱਕ ਵਾਰ ਫਿਰ ਪਾਰਟੀਗੇਟ ਮਾਮਲੇ ’ਚ ਮੁਆਫ਼ੀ ਮੰਗੀ ਹੈ। ਜੌਹਨਸਨ ਨੇ ਇਸ ਵਾਰ ਮੁਆਫ਼ੀ ਡਾਊਨਿੰਗ ਸਟ੍ਰੀਟ ’ਚ ਕੋਵਿਡ ਲੌਕਡਾਊਨ ਨਿਯਮ ਤੋੜਨ ਦੇ ਮਾਮਲੇ ’ਚ ਆਪਣੀ ਪਾਰਟੀ ਵੱਲੋਂ ਬਰਤਾਨਵੀ ਸੰਸਦ ਨੂੰ ਅਣਜਾਣਪੁਣੇ ’ਚ ਗੁੰਮਰਾਹ ਕਰਨ ਲਈ ਮੁਆਫ਼ੀ ਮੰਗੀ ਹੈ। ਹਾਊਸ ਆਫ ਕਾਮਨਜ਼ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਬੀਤੇ ਦਿਨ ਜੌਹਨਸਨ ਤੋਂ ਕਈ ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ। ਕਮੇਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਾਰਟੀਗੇਟ ਘੁਟਾਲੇ ’ਚ ਜਾਣਬੁੱਝ ਕੇ ਸੰਸਦ ਨੂੰ ਗੁੰਮਰਾਹ ਕੀਤਾ।  ਉਨ੍ਹਾਂ ਕਮੇਟੀ ਨੂੰ ਕਿਹਾ, ‘ਮੈਂ ਅਣਜਾਣਪੁਣੇ ’ਚ ਇਸ ਸਦਨ ਨੂੰ ਗੁੰਮਰਾਹ ਕਰਨ ਲਈ ਮੁਆਫ਼ੀ ਮੰਗਦਾ ਹਾਂ। ਪਰ ਇਹ ਕਹਿਣਾ ਕਿ ਮੈਂ ਇਸ ਨੂੰ ਲਾਪ੍ਰਵਾਹੀ ਨਾਲ ਜਾਂ ਜਾਣਬੁੱਝ ਕੇ ਗੁੰਮਰਾਹ ਕੀਤਾ ਪੂਰੀ ਤਰ੍ਹਾਂ ਝੂਠ ਹੈ, ਜਿਵੇਂ ਕਿ ਸਬੂਤ ਦੱਸਦੇ ਹਨ।’ ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਇਹ ਪ੍ਰੋਗਰਾਮ ਜ਼ਰੂਰੀ ਸੀ ਕਿਉਂਕਿ ਇਸ ਮੌਕੇ ਡਾਊਨਿੰਗ ਸਟ੍ਰੀਟ ਦੀ ਵਰਤੋਂ ਦਫਤਰ ਤੇ ਘਰ ਦੋਵਾਂ ਵਜੋਂ ਕੀਤੀ ਜਾ ਰਹੀ ਸੀ। ਨਵੰਬਰ 2020 ਦੀ ਇਕ ਵਿਸ਼ੇਸ਼ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕੰਮਕਾਰ ਦੇ ਸਿਲਸਿਲੇ ’ਚ ਵੀ ਜ਼ਰੂਰੀ ਸੀ।