Headlines

ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਨੌਜਵਾਨ ਇੱਕਜੁੱਟ ਹੋਣ

ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੇ-ਪ੍ਰੋ:ਸਰਚਾਂਦ ਸਿੰਘ ਖਿਆਲਾ
ਰਾਕੇਸ਼ ਨਈਅਰ ‘ਚੋਹਲਾ’
ਅੰਮ੍ਰਿਤਸਰ,23 ਮਾਰਚ
ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਲੋਕਾਂ ਨੂੰ ਸਿਰਫ਼ ਗੁਮਰਾਹ ਕਰ ਰਿਹਾ ਹੈ।ਉਹ ਵੀਰਵਾਰ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ‘ਤੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਡਾ.ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਲਗਾਏ ਗਏ ਫ੍ਰੀ ਮੈਡੀਕਲ ਅਤੇ ਖ਼ੂਨਦਾਨ ਕੈਂਪ ਮੌਕੇ ਖ਼ੂਨਦਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਅਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਨਾਨਕ ਦੇਵ ਜੀ ਆਸ਼ੇ ਅਨੁਸਾਰ ਸਾਂਝੀਵਾਲਤਾ ਨੂੰ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜਿਕ ਸਰੋਕਾਰਾਂ ਵੱਲ ਤਰਜੀਹ ਦੇਣ ਦੀ ਅਪੀਲ ਕੀਤੀ ਹੈ।ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਇਨਕਲਾਬ ਦੇ ਨਾਅਰੇ ਹੁਣ ਤਕ ਫੋਕੇ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਕੇਵਲ ਗੱਲੀਂ-ਬਾਤੀਂ ਆਦਰਸ਼ ਤਾਂ ਮੰਨ ਦਾ ਹੈ ਪਰ ਉਨ੍ਹਾਂ ਦੀ ਵਿਚਾਰਧਾਰਾ ’ਤੇ ਅਮਲ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ।ਭਗਵੰਤ ਮਾਨ ਨੇ ਖਟਕਲ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਅਤੇ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਡਾ:ਅੰਬੇਦਕਰ ਦੀਆਂ ਤਸਵੀਰਾਂ ਤਾਂ ਲਾ ਲਈਆਂ ਪਰ ਇਕ ਸਾਲ ਦੇ ਅਰਸੇ ਵਿਚ ਹੀ ਉਸ ਦੇ ਮੰਤਰੀ ਅਤੇ ਵਿਧਾਇਕਾਂ ਦਾ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਜੇਲ੍ਹ ਜਾਣਾ ਦੱਸਦਾ ਹੈ ਕਿ ਉਨ੍ਹਾਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਲਈ ਕੁਝ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਹਤ ਸਹੂਲਤਾਂ ਦੇਣ ਦੇ ਨਾਮ ’ਤੇ ਝੂਠਾ ਬਿਰਤਾਂਤ ਸਿਰਜਿਆ ਗਿਆ ਅਤੇ ਮਾਨ ਕੇਵਲ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਲਈ ਇਸ਼ਤਿਹਾਰਾਂ ’ਤੇ ਪੈਸਾ ਰੋੜ੍ਹਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਪੰਜਾਬ ਵਿਚ ਨੌਕਰੀਆਂ ਮੰਗ ਦੇ ਨੌਜਵਾਨਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ।ਅਮਨ ਕਾਨੂੰਨ ਦੀ ਸਥਿਤੀ ਕਾਬੂ ਤੋਂ ਬਾਹਰ  ਹੈ, ਜਿਸ ਕਰਕੇ ਗੈਗਸਟਰਾਂ ਵੱਲੋਂ ਕਾਨੂੰਨ ਨੂੰ ਟਿੱਚ ਜਾਣਦਿਆਂ ਕਿਸੇ ਤੋਂ ਵੀ ਜਬਰੀ ਫਿਰੌਤੀ ਵਸੂਲੀ ਜਾ ਰਹੀ ਹੈ।ਨਸ਼ਿਆਂ ਕਾਰਨ ਰੋਜ਼ਾਨਾ 4 ਤੋਂ ਵੱਧ ਨੌਜਵਾਨਾਂ ਦੀਆਂ ਲਾਸ਼ਾਂ ਸ਼ਮਸ਼ਾਨਾਂ ਵਿਚ ਫੂਕੀਆਂ ਜਾ ਰਹੀਆਂ ਹਨ ਪਰ ਬਿਆਨਬਾਜ਼ੀ ਤੋਂ ਇਲਾਵਾ ਨਸ਼ਿਆਂ ’ਤੇ ਕਾਬੂ ਪਾਉਣ ਵਲ ਰਾਜ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਪੰਜਾਬੀ ਅਤੇ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਕਿਸੇ ਲਫ਼ਜ਼ ਜਾਂ ਗਿਣਤੀ ਦੀਆਂ ਮੁਥਾਜ ਨਹੀਂ ਹਨ, ਭਾਰਤ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿਚ ਸਿੱਖਾਂ ਦੀ ਭੂਮਿਕਾ ਵੀ ਅਹਿਮ ਰਹੀ ਹੈ।ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨੂੰ ਬਹੁਤ ਮਾਣ ਅਤੇ ਸਤਿਕਾਰ ਦੇ ਰਹੇ ਹਨ। ਉਨ੍ਹਾਂ ਪੰਜਾਬ ਵਿਚ ਹਾਲਤ ਵਿਗਾੜਨ ਵਾਲਿਆਂ ਦੇ ਨਾਪਾਕ ਇਰਾਦਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਰੋਧੀ ਤਾਕਤਾਂ ਨੂੰ ਆਪਣੇ ਪੈਰ ਜਮਾਉਣ ਨਹੀਂ ਦੇਵੇਗੀ। ਉਨ੍ਹਾਂ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਸਮੂਹ ਪੰਜਾਬੀਆਂ ਨੂੰ ਇਕ ਜੁੱਟ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤਾਂ ਸਾਨੂੰ ਸਵਾਰਥ ਦੀ ਰਾਜਨੀਤੀ ਛੱਡ ਕੇ ਵਿਕਾਸ ਅਤੇ ਭਾਈਚਾਰਕ ਏਕਤਾ ’ਤੇ ਜ਼ੋਰ ਦੇਣਾ ਪਵੇਗਾ।ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਜੇਸ਼ ਹਨੀ, ਮਨੀਸ਼ ਸ਼ਰਮਾ,ਸਲਿਲ ਕਪੂਰ,ਸੰਜੀਵ ਕੁਮਾਰ,ਬਲਦੇਵ ਰਾਜ ਬੱਗਾ,ਸੰਜੈ ਸ਼ਰਮਾ,ਆਸ਼ੀਸ਼ ਮਹਾਜਨ,ਮੋਨੂੰ ਮਹਾਜਨ, ਕਿਸ਼ੋਰ ਰੈਨਾ,ਯਾਸ਼ਿਵ ਭੂਟਾਨੀ ਤੇ ਹੋਰ ਮੌਜੂਦ ਸਨ।
ਫੋਟੋ ਕੈਪਸ਼ਨ : ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਦਿਹਾੜੇ ‘ਤੇ ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਡਾ.ਹਰਵਿੰਦਰ ਸਿੰਘ ਸੰਧੂ ਵੱਲੋਂ ਲਗਾਏ ਗਏ ਫ੍ਰੀ ਮੈਡੀਕਲ ਅਤੇ ਖ਼ੂਨਦਾਨ ਕੈਂਪ ਮੌਕੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ:ਸਰਚਾਂਦ ਸਿੰਘ ਖ਼ੂਨਦਾਨ ਕਰਦੇ ਹੋਏ।ਇਸ ਮੌਕੇ ਨਾਲ ਹਨ ਰਜੇਸ਼ ਹਨੀ,ਮਨੀਸ਼ ਸ਼ਰਮਾ,ਸਲਿਲ ਕਪੂਰ, ਸੰਜੀਵ ਕੁਮਾਰ,ਬਲਦੇਵ ਰਾਜ ਬੱਗਾ,ਸੰਜੈ ਸ਼ਰਮਾ, ਆਸ਼ੀਸ਼ ਮਹਾਜਨ,ਮੋਨੂੰ ਮਹਾਜਨ, ਕਿਸ਼ੋਰ ਰੈਨਾ, ਯਾਸ਼ਿਵ ਭੂਟਾਣੀ ਤੇ ਹੋਰ।
(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)